ਸੁਪਰੀਮ ਕੋਰਟ ਦਾ ਵੱਡਾ ਫੈਸਲਾ : 2015 'ਚ ਭਰਤੀ ਹੋਏ ਅਧਿਆਪਕਾਂ ਨੂੰ ਮਿਲੇਗਾ 6ਵੇਂ ਤੇ 7ਵੇਂ ਪੇ ਸਕੇਲ ਦਾ ਏਰੀਅਰ ਸਕੂਲ ਸਿੱਖਿਆ ਵਿਭਾਗ ਨੇ 1149 ਅਸਾਮੀਆਂ 'ਤੇ ਭਰਤੀ ਕੀਤੀ ਸੀ। ਭਰਤੀ ਤੋਂ ਬਾਅਦ ਪੇਪਰ ਲੀਕ ਹੋਣ ਦੇ ਮਾਮਲੇ 'ਚ ਪਹਿਲਾਂ ਤਿੰਨ ਅਤੇ ਉਸ ਤੋਂ ਬਾਅਦ 49 ਨਾਮ ਪੁਲਿਸ ਜਾਂਚ 'ਚ ਸਾਹਮਣੇ ਆਏ ਸਨ। ਇਨ੍ਹਾਂ ਨੂੰ ਕੈਟ, ਹਾਈ ਕੋਰਟ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਬਹਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ।
Publish Date: Wed, 23 Sep 2026 04:43 PM (IST)
Updated Date: Wed, 23 Sep 2026 04:49 PM (IST)
ਸੁਮੇਸ਼ ਠਾਕੁਰ, ਚੰਡੀਗੜ੍ਹ : 21 ਅਪ੍ਰੈਲ 2026 ਨੂੰ ਸੁਪਰੀਮ ਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਦੇ 862 ਅਧਿਆਪਕਾਂ ਨੂੰ ਛੇਵੇਂ ਅਤੇ ਸੱਤਵੇਂ ਪੇ ਸਕੇਲ ਦਾ ਏਰੀਅਰ ਮਿਲੇਗਾ। ਇਹ ਨਿਰਦੇਸ਼ ਬੁੱਧਵਾਰ ਨੂੰ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਨਿਤਿਸ਼ ਸਿੰਗਲਾ ਨੇ ਜਾਰੀ ਕੀਤੇ। ਗੌਰਤਲਬ ਹੈ ਕਿ ਸਕੂਲ ਸਿੱਖਿਆ ਵਿਭਾਗ ਨੇ ਅਗਸਤ 2015 'ਚ 1149 ਅਸਾਮੀਆਂ 'ਤੇ ਐੱਨਟੀਟੀ, ਜੇਬੀਟੀ ਅਤੇ ਟੀਜੀਟੀ ਅਧਿਆਪਕਾਂ ਦੀ ਭਰਤੀ ਕੀਤੀ ਸੀ।
ਭਰਤੀ ਤੋਂ ਬਾਅਦ ਮਈ 2017 'ਚ ਪੇਪਰ ਲੀਕ ਹੋਣ ਦੀ ਜਾਣਕਾਰੀ ਸਾਹਮਣੇ ਆਈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਭਰਤੀ ਰੱਦ ਕਰ ਦਿੱਤੀ ਸੀ। ਅਧਿਆਪਕਾਂ ਨੇ ਕੈਟ 'ਚ ਪਟੀਸ਼ਨ ਦਾਇਰ ਕੀਤੀ, ਜਿੱਥੇ ਪ੍ਰਸ਼ਾਸਨ ਦੇ ਫੈਸਲੇ 'ਤੇ ਸਟੇਅ ਲਾ ਦਿੱਤੀ ਗਈ।
ਸਟੇਅ ਦੇ ਖ਼ਿਲਾਫ਼ ਸਿੱਖਿਆ ਵਿਭਾਗ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਅਖੀਰ ਸੁਪਰੀਮ ਕੋਰਟ ਪਹੁੰਚਿਆ, ਜਿੱਥੇ ਫੈਸਲਾ ਅਧਿਆਪਕਾਂ ਦੇ ਹੱਕ 'ਚ ਰਿਹਾ। ਸੁਪਰੀਮ ਕੋਰਟ ਨੇ 21 ਅਪ੍ਰੈਲ ਨੂੰ ਪੇਪਰ ਲੀਕ ਹੋਣ ਦੇ ਮਾਮਲੇ 'ਚ ਕੋਈ ਵੀ ਸਬੂਤ ਜਾਂ ਗਵਾਹ ਪੇਸ਼ ਨਾ ਕੀਤੇ ਜਾਣ ਕਾਰਨ ਭਰਤੀ ਨੂੰ ਬਹਾਲ ਰੱਖਣ ਦੇ ਨਿਰਦੇਸ਼ ਦਿੱਤੇ ਸਨ।
ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਨਿਰਦੇਸ਼ਾਂ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਅਧਿਆਪਕਾਂ ਨੂੰ 1 ਜਨਵਰੀ 2016 ਤੋਂ ਛੇਵੇਂ ਪੇ ਸਕੇਲ ਦੇ ਅਨੁਸਾਰ ਏਰੀਅਰ ਮਿਲੇਗਾ ਤੇ 1 ਅਪ੍ਰੈਲ 2022 ਤੋਂ ਸੱਤਵੇਂ ਪੇ ਸਕੇਲ ਦਾ ਲਾਭ ਮਿਲੇਗਾ।
ਪੇਪਰ ਲੀਕ ਹੋਣ ਦੀ ਜਾਣਕਾਰੀ ਤੋਂ ਬਾਅਦ ਛੱਡ ਗਏ ਅਧਿਆਪਕ ਸਕੂਲ ਸਿੱਖਿਆ ਵਿਭਾਗ ਨੇ 1149 ਅਸਾਮੀਆਂ 'ਤੇ ਭਰਤੀ ਕੀਤੀ ਸੀ। ਭਰਤੀ ਤੋਂ ਬਾਅਦ ਪੇਪਰ ਲੀਕ ਹੋਣ ਦੇ ਮਾਮਲੇ 'ਚ ਪਹਿਲਾਂ ਤਿੰਨ ਅਤੇ ਉਸ ਤੋਂ ਬਾਅਦ 49 ਨਾਮ ਪੁਲਿਸ ਜਾਂਚ 'ਚ ਸਾਹਮਣੇ ਆਏ ਸਨ। ਇਨ੍ਹਾਂ ਨੂੰ ਕੈਟ, ਹਾਈ ਕੋਰਟ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਬਹਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ।
ਉਸੇ ਦੌਰਾਨ ਕਾਨੂੰਨੀ ਕਾਰਵਾਈ ਦੇ ਚੱਲਦਿਆਂ ਕਈ ਅਧਿਆਪਕ ਦੇਸ਼ ਦੇ ਦੂਜੇ ਸੂਬਿਆਂ ਜਾਂ ਫਿਰ ਵਿਦੇਸ਼ ਜਾ ਕੇ ਸੈਟਲ ਹੋ ਗਏ, ਜਿਸ ਕਾਰਨ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੁੰਦੀਆਂ ਗਈਆਂ। ਇਸ ਸਮੇਂ ਸਕੂਲ ਸਿੱਖਿਆ ਵਿਭਾਗ 'ਚ 862 ਅਧਿਆਪਕ ਕਾਰਜਸ਼ੀਲ ਹਨ, ਜਿਨ੍ਹਾਂ ਨੂੰ ਵਿਭਾਗ ਨੇ ਛੇਵੇਂ ਅਤੇ ਸੱਤਵੇਂ ਪੇ ਸਕੇਲ ਦਾ ਲਾਭ ਦੇਣ ਦਾ ਐਲਾਨ ਕੀਤਾ ਹੈ।
'ਪ੍ਰਸ਼ਾਸਨ ਦਾ ਫੈਸਲਾ ਸਵਾਗਤਯੋਗ ਹੈ। 2015 ਦੇ ਭਰਤੀ ਅਧਿਆਪਕਾਂ ਨੇ ਪਹਿਲਾਂ ਅਦਾਲਤ ਅਤੇ ਉਸ ਤੋਂ ਬਾਅਦ ਪ੍ਰਸ਼ਾਸਨ 'ਚ ਲੰਬੇ ਸਮੇਂ ਤੱਕ ਲੜਾਈ ਲੜੀ ਹੈ, ਜਿਸ ਤੋਂ ਬਾਅਦ ਜਿੱਤ ਮਿਲੀ ਹੈ। ਅਸੀਂ ਅਧਿਆਪਕਾਂ ਨੂੰ ਰਾਹਤ ਦੇਣ ਲਈ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ।'
-ਪ੍ਰਵੀਣ ਕੁਮਾਰ ਰਾਓ, ਪ੍ਰੈਜ਼ੀਡੈਂਟ, ਟੀਚਰਜ਼ ਐਸੋਸੀਏਸ਼ਨ ਆਫ਼ ਸਿਟੀ ਬਿਊਟੀਫੁਲ