ਔਰਤਾਂ ਲਈ ਪ੍ਰੇਰਨਾ ਬਣੀ ਮੁਹਾਲੀ ਦੀ ਸੁਨੀਤਾ ਭਾਰਦਵਾਜ
ਔਰਤਾਂ ਲਈ ਪ੍ਰੇਰਨਾ ਬਣੀ ਮੁਹਾਲੀ ਦੀ ਸੁਨੀਤਾ ਭਾਰਦਵਾਜ,
Publish Date: Mon, 15 Jun 2026 08:26 PM (IST)
Updated Date: Mon, 15 Jun 2026 08:27 PM (IST)

- 58 ਸਾਲ ਦੀ ਉਮਰ ਵਿਚ ਫ਼ਤਹਿ ਕੀਤੀ 6,111 ਮੀਟਰ ਉੱਚੀ ਯੂਨਾਮ ਪੀਕ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਅਕਸਰ ਲੋਕ ਵੱਧਦੀ ਉਮਰ ਨੂੰ ਆਪਣੀਆਂ ਸੀਮਾਵਾਂ ਦਾ ਕਾਰਨ ਮੰਨ ਲੈਂਦੇ ਹਨ, ਉੱਥੇ ਹੀ ਮੁਹਾਲੀ ਦੇ ਸੈਕਟਰ-70 ਦੀ 58 ਸਾਲਾ ਸੁਨੀਤਾ ਭਾਰਦਵਾਜ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਜ਼ਬੂਤ ਇਰਾਦਿਆਂ ਅੱਗੇ ਉਮਰ ਕੋਈ ਮਾਇਨੇ ਨਹੀਂ ਰੱਖਦੀ। ਸੁਨੀਤਾ ਨੇ ਹਿਮਾਚਲ ਪ੍ਰਦੇਸ਼ ਰਾਜ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਵਿਚ ਸਥਿਤ 6,111 ਮੀਟਰ ਉੱਚੀ ਯੂਨਾਮ ਪੀਕ ਨੂੰ ਸਫ਼ਲਤਾ-ਪੂਰਵਕ ਫ਼ਤਹਿ ਕਰਕੇ ਨਾ ਸਿਰਫ਼ ਮੁਹਾਲੀ ਬਲਕਿ ਪੂਰੇ ਖੇਤਰ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਸੁਨੀਤਾ ਭਾਰਦਵਾਜ ਦੱਸਦੀ ਹੈ ਕਿ ਉਨ੍ਹਾਂ ਨੇ ਇਸ ਟੀਚੇ ਦੀ ਤਿਆਰੀ ਸਾਲ 2022 ਵਿਚ ਸ਼ੁਰੂ ਕੀਤੀ ਸੀ। ਨਿਯਮਤ ਫਿਟਨੈਸ ਟਰੇਨਿੰਗ, ਟ੍ਰੈਕਿੰਗ ਅਤੇ ਪਰਬਤਾਰੋਹੀ ਅਭਿਆਸ ਰਾਹੀਂ ਉਨ੍ਹਾਂ ਨੇ ਖ਼ੁਦ ਨੂੰ ਇਸ ਚੁਣੌਤੀ ਲਈ ਤਿਆਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਸੁਪਨੇ ਨੂੰ ਸਾਕਾਰ ਕਰਨ ਲਈ ਨਿਰੰਤਰ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਸਭ ਤੋਂ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਯੂਨਾਮ ਪੀਕ ਮੁਹਿੰਮ ਵਿਚ ਕੁੱਲ 17 ਮੈਂਬਰ ਸ਼ਾਮਲ ਸਨ। ਜਿਨ੍ਹਾਂ ’ਚੋਂ ਸੁਨੀਤਾ ਦੀ ਉਮਰ ਸਭ ਤੋਂ ਵੱਧ ਸੀ। ਉਚਾਈ ਤੇ ਆਕਸੀਜਨ ਦੀ ਕਮੀ, ਮੁਸ਼ਕਲ ਚੜ੍ਹਾਈ ਅਤੇ ਲਗਾਤਾਰ ਬਦਲਦੇ ਮੌਸਮ ਨੇ ਇਸ ਮੁਹਿੰਮ ਨੂੰ ਕਾਫ਼ੀ ਚੁਣੌਤੀਪੂਰਨ ਬਣਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਸਿਖਰ ਤੇ ਪਹੁੰਚ ਗਈ। ਸੁਨੀਤਾ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਪਤੀ ਅਤੇ ਪਰਿਵਾਰ ਸਿਰ ਬੰਨ੍ਹਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਸਹਿਯੋਗ ਅਤੇ ਉਤਸ਼ਾਹ ਨੇ ਉਨ੍ਹਾਂ ਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਦੀ ਤਾਕਤ ਦਿੱਤੀ। ਕਰੀਬ ਅੱਠ ਦਿਨਾਂ ਤੱਕ ਚੱਲੀ ਇਸ ਮੁਹਿੰਮ ਦੌਰਾਨ ਸੁਨੀਤਾ ਭਾਰਦਵਾਜ ਨੇ ਹਰ ਮੁਸ਼ਕਲ ਦਾ ਡਟ ਕੇ ਸਾਹਮਣਾ ਕੀਤਾ। ਪਹਾੜੀ ਦੀ ਚੋਟੀ ’ਤੇ ਤਿਰੰਗਾ ਲਹਿਰਾਉਣਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਮਾਣਮੱਤਾ ਅਤੇ ਭਾਵੁਕ ਪਲ ਰਿਹਾ। ਉਨ੍ਹਾਂ ਨੇ ਆਪਣੀ ਇਸ ਪ੍ਰਾਪਤੀ ਨੂੰ ਦੇਸ਼ ਦੇ ਲੇਖੇ ਲਾਉਂਦਿਆਂ ਕਿਹਾ ਕਿ ਔਰਤਾਂ ਅਤੇ ਬਜ਼ੁਰਗ ਨਾਗਰਿਕ ਕਦੇ ਵੀ ਉਮਰ ਨੂੰ ਆਪਣੇ ਸੁਪਨਿਆਂ ਦੇ ਰਾਹ ਵਿਚ ਰੁਕਾਵਟ ਨਾ ਬਣਨ ਦੇਣ, ਸਗੋਂ ਹਰੇਕ ਚੁਣੌਤੀ ਦਾ ਡਟ ਕੇ ਟਾਕਰਾ ਕਰਨ ਅਤੇ ਆਪਣੀ ਮੰਜ਼ਲ ਨੂੰ ਸਰ ਕਰਨ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ।