150 ਏਕੜ ਸ਼ਾਮਲਾਤ ਜ਼ਮੀਨ ਮਾਈਨਿੰਗ ਲਈ ਦੇਣ 'ਤੇ ਜਾਖੜ ਨੇ ਮਾਨ ਸਰਕਾਰ ਨੂੰ ਘੇਰਿਆ, ਤਿੰਨ ਮੰਤਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ
Sunil Jakhar ਨੇ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਇਲਾਕੇ ਦੇ ਸਿਓਂਟੀ ਪਿੰਡ ਦੀ ਉਦਾਹਰਨ ਦਿੰਦਿਆਂ ਰਮਨ ਕੁਮਾਰ ਸ਼ਰਮਾ ਦੇ ਨਾਂ 'ਤੇ ਜਾਰੀ ਲੈਟਰ ਆਫ਼ ਇੰਟੈਂਟ (ਐੱਲਓਆਈ) ਦੇ ਦਸਤਾਵੇਜ਼ ਦਿਖਾਏ। ਉਨ੍ਹਾਂ ਦਾ ਦਾਅਵਾ ਸੀ ਕਿ ਜਿਸ ਜ਼ਮੀਨ 'ਤੇ ਮਾਈਨਿੰਗ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ ਅਪਣਾਈ ਗਈ, ਉਹ ਸ਼ਾਮਲਾਤ ਜ਼ਮੀਨ ਹੈ। ਕਰੀਬ 150 ਏਕੜ ਜ਼ਮੀਨ ਵੱਖ-ਵੱਖ ਲੋਕਾਂ ਨੂੰ ਚਾਰ ਅਤੇ ਛੇ ਏਕੜ ਦੇ ਹਿੱਸਿਆਂ 'ਚ ਦੇਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੇ ਸਬੰਧਤ ਖੇਵਟ ਨੰਬਰਾਂ ਦਾ ਵੀ ਹਵਾਲਾ ਦਿੱਤਾ।
Publish Date: Wed, 25 Nov 2026 02:09 PM (IST)
Updated Date: Wed, 25 Nov 2026 02:11 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ 'ਚ ਮਾਈਨਿੰਗ ਲਈ ਸ਼ਾਮਲਾਤ ਜ਼ਮੀਨ ਦੀ ਵਰਤੋਂ ਅਤੇ ਸਰਹੱਦੀ ਇਲਾਕਿਆਂ 'ਚ ਖਣਨ ਗਤੀਵਿਧੀਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਰੀਬ 150 ਏਕੜ ਸ਼ਾਮਲਾਤ ਜ਼ਮੀਨ ਵੱਖ-ਵੱਖ ਲੋਕਾਂ ਨੂੰ ਮਾਈਨਿੰਗ ਲਈ ਦੇਣ ਦਾ ਦੋਸ਼ ਲਾਉਂਦਿਆਂ ਮਾਈਨਿੰਗ ਮੰਤਰੀ ਬਰਿੰਦਰ ਕੁਮਾਰ ਗੋਇਲ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ। ਜਾਖੜ ਨੇ ਕਿਹਾ ਕਿ ਇਸ ਮਾਮਲੇ 'ਚ ਤਿੰਨ ਵਿਭਾਗ ਸਿੱਧੇ ਤੌਰ 'ਤੇ ਜੁੜੇ ਹੋਏ ਹਨ ਅਤੇ ਤਿੰਨਾਂ ਮੰਤਰੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਜ਼ਮੀਨ ਮਾਈਨਿੰਗ ਲਈ ਕਿਵੇਂ ਦਿੱਤੀ ਗਈ।
ਜਾਖੜ ਨੇ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਇਲਾਕੇ ਦੇ ਸਿਓਂਟੀ ਪਿੰਡ ਦੀ ਉਦਾਹਰਨ ਦਿੰਦਿਆਂ ਰਮਨ ਕੁਮਾਰ ਸ਼ਰਮਾ ਦੇ ਨਾਂ 'ਤੇ ਜਾਰੀ ਲੈਟਰ ਆਫ਼ ਇੰਟੈਂਟ (ਐੱਲਓਆਈ) ਦੇ ਦਸਤਾਵੇਜ਼ ਦਿਖਾਏ। ਉਨ੍ਹਾਂ ਦਾ ਦਾਅਵਾ ਸੀ ਕਿ ਜਿਸ ਜ਼ਮੀਨ 'ਤੇ ਮਾਈਨਿੰਗ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ ਅਪਣਾਈ ਗਈ, ਉਹ ਸ਼ਾਮਲਾਤ ਜ਼ਮੀਨ ਹੈ। ਕਰੀਬ 150 ਏਕੜ ਜ਼ਮੀਨ ਵੱਖ-ਵੱਖ ਲੋਕਾਂ ਨੂੰ ਚਾਰ ਅਤੇ ਛੇ ਏਕੜ ਦੇ ਹਿੱਸਿਆਂ 'ਚ ਦੇਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੇ ਸਬੰਧਤ ਖੇਵਟ ਨੰਬਰਾਂ ਦਾ ਵੀ ਹਵਾਲਾ ਦਿੱਤਾ।
ਜਾਖੜ ਨੇ ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) ਰੂਲਜ਼, 1964 ਦੇ ਨਿਯਮ ਛੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਾਮਲਾਤ ਜ਼ਮੀਨ ਦੀ ਲੀਜ਼ ਲਈ ਨਿਲਾਮੀ ਦੀ ਪ੍ਰਕਿਰਿਆ ਲਾਜ਼ਮੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਨਾ ਤਾਂ ਪੰਚਾਇਤਾਂ 'ਚ ਆਮ ਇਜਲਾਸ ਕਰਵਾ ਕੇ ਮਤਾ ਪਾਸ ਕੀਤਾ ਗਿਆ ਅਤੇ ਨਾ ਹੀ ਨਿਲਾਮੀ ਕਰਵਾਈ ਗਈ। ਉਨ੍ਹਾਂ ਨੇ ਦਸੰਬਰ 2025 'ਚ ਨਿਯਮਾਂ 'ਚ ਕੀਤੀਆਂ ਤਬਦੀਲੀਆਂ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਪੰਚਾਇਤ ਦਾ ਮਤਾ ਅਤੇ ਡਿਪਟੀ ਕਮਿਸ਼ਨਰ ਦੀ ਸਹਿਮਤੀ ਨਿਲਾਮੀ ਦਾ ਬਦਲ ਨਹੀਂ ਹੋ ਸਕਦੇ। ਉਨ੍ਹਾਂ ਨੇ ਰਾਵੀ ਦਰਿਆ ਦੇ ਆਲੇ-ਦੁਆਲੇ ਤਰਨਤਾਰਨ ਅਤੇ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ 'ਚ ਮਾਈਨਿੰਗ ਨੂੰ ਕੌਮੀ ਸੁਰੱਖਿਆ ਨਾਲ ਜੁੜਿਆ ਮਾਮਲਾ ਦੱਸਿਆ। ਜਾਖੜ ਨੇ ਅਦਾਲਤ ਦੀ ਟਿੱਪਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਸ਼ਾ ਤਸਕਰਾਂ, ਅੱਤਵਾਦੀਆਂ ਅਤੇ ਆਈਐੱਸਆਈ ਦੀ ਹਮਾਇਤ ਪ੍ਰਾਪਤ ਤੱਤਾਂ ਦੀ ਮਦਦ ਕਰ ਸਕਦੀਆਂ ਹਨ।
ਉਨ੍ਹਾਂ ਨੇ ਕੌਮੀ ਪਾਰਕਾਂ ਅਤੇ ਜੰਗਲੀ ਜੀਵਾਂ ਦੇ ਸੁਰੱਖਿਅਤ ਖੇਤਰਾਂ ਦੇ ਆਲੇ-ਦੁਆਲੇ ਖਣਨ ਸਬੰਧੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਤੇ ਈਕੋ-ਸੈਂਸੇਟਿਵ ਜ਼ੋਨ ਦੇ ਨਿਯਮਾਂ ਦੀ ਪਾਲਣਾ ਨਾ ਹੋਣ ਦਾ ਵੀ ਦੋਸ਼ ਲਾਇਆ। ਕਰੀਬ 90 ਏਕੜ ਜੰਗਲੀ ਖੇਤਰ ਨਾਲ ਜੁੜੇ ਮਾਮਲੇ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਸੁਰੱਖਿਅਤ ਖੇਤਰਾਂ 'ਚ ਮਾਈਨਿੰਗ ਦੀ ਮਨਜ਼ੂਰੀ ਕਿਵੇਂ ਦਿੱਤੀ ਗਈ। ਜਾਖੜ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਦਸਤਾਵੇਜ਼ੀ ਸਬੂਤ ਹਨ ਅਤੇ ਸਾਹਮਣੇ ਆਇਆ ਮਾਮਲਾ ਹਾਲੇ ਪੂਰੇ ਮਾਮਲੇ ਦਾ ਇਕ ਛੋਟਾ ਜਿਹਾ ਹਿੱਸਾ ਹੈ।