ਸੁਖਪਾਲ ਖਹਿਰਾ ਪੂਰੇ ਸੈਸ਼ਨ ਲਈ ਸਸਪੈਂਡ ! ਕਾਂਗਰਸ ਖ਼ਿਲਾਫ਼ ਨਿੰਦਾ ਮਤੇ ਦੀ ਮੰਗ; ਸਿਫ਼ਰ ਕਾਲ 'ਚ ਨਸ਼ਿਆਂ ਤੇ ਗੈਂਗਸਟਰਾਂ 'ਤੇ ਵੀ ਘਮਸਾਨ
FM Harpal Cheema ਨੇ ਕਿਹਾ ਕਿ ਵਿਧਾਨ ਸਭਾ 'ਚ ਚੁਣ ਕੇ ਆਉਣ ਵਾਲੇ ਜਨ-ਪ੍ਰਤੀਨਿਧੀ ਸਿਰਫ਼ ਆਪਣੀ ਪਾਰਟੀ ਦੀ ਹੀ ਨਹੀਂ, ਸਗੋਂ ਉਨ੍ਹਾਂ ਲੋਕਾਂ ਦੀ ਵੀ ਨੁਮਾਇੰਦਗੀ ਕਰਦੇ ਹਨ, ਜਿਨ੍ਹਾਂ ਨੇ ਵੋਟਾਂ ਪਾ ਕੇ ਉਨ੍ਹਾਂ ਨੂੰ ਚੁਣਿਆ ਹੈ। ਇਸ ਲਈ ਕਿਸੇ ਵਿਧਾਇਕ ਲਈ ਅਪਮਾਨਜਨਕ ਭਾਸ਼ਾ ਵਰਤਣਾ ਲੋਕਾਂ ਦੇ ਫ਼ਤਵੇ ਦਾ ਅਪਮਾਨ ਵੀ ਹੈ।
Publish Date: Fri, 23 Oct 2026 11:27 AM (IST)
Updated Date: Fri, 23 Oct 2026 12:42 PM (IST)
ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸ਼ੁੱਕਰਵਾਰ ਨੂੰ ਸਿਫ਼ਰ ਕਾਲ ਦੌਰਾਨ ਨਸ਼ਿਆਂ, ਗੈਂਗਸਟਰਵਾਦ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਥਿਤ ਗੈਰ-ਸੰਸਦੀ ਵਿਵਹਾਰ ਨੂੰ ਲੈ ਕੇ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਦੇਖਣ ਨੂੰ ਮਿਲਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖਹਿਰਾ ਖ਼ਿਲਾਫ਼ ਕਾਰਵਾਈ ਦਾ ਮਤਾ ਪੇਸ਼ ਕਰਦਿਆਂ ਉਨ੍ਹਾਂ ਨੂੰ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕਰਨ ਦੀ ਮੰਗ ਕੀਤੀ। ਚੀਮਾ ਨੇ ਦੋਸ਼ ਲਾਇਆ ਕਿ ਸਪੀਕਰ ਵੱਲੋਂ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਖਹਿਰਾ ਸਦਨ ਦੇ ਵਿਚਕਾਰ ਆ ਗਏ, ਸਪੀਕਰ ਖ਼ਿਲਾਫ਼ ਅਭੱਦਰ ਭਾਸ਼ਾ ਦੀ ਵਰਤੋਂ ਕੀਤੀ ਅਤੇ ਕਾਰਵਾਈ 'ਚ ਵਿਘਨ ਪਾਇਆ। ਉਨ੍ਹਾਂ ਕਾਂਗਰਸ ਖ਼ਿਲਾਫ਼ ਨਿੰਦਾ ਮਤਾ ਲਿਆਉਣ ਦੀ ਮੰਗ ਵੀ ਕੀਤੀ।
ਚੀਮਾ ਨੇ ਸਦਨ 'ਚ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਸਮੇਂ ਕਾਂਗਰਸੀ ਮੈਂਬਰਾਂ ਵੱਲੋਂ ਵਰਤੀ ਗਈ ਭਾਸ਼ਾ ਪੂਰੇ ਸਦਨ ਨੇ ਦੇਖੀ। ਉਨ੍ਹਾਂ ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦੇ ਨਿਯਮ 7(2) ਦਾ ਹਵਾਲਾ ਦਿੰਦਿਆਂ ਕਿਹਾ ਕਿ ਖਹਿਰਾ ਨੇ ਸਪੀਕਰ ਦੇ ਹੁਕਮਾਂ ਦੀ ਅਣਦੇਖੀ ਕੀਤੀ ਅਤੇ ਸਦਨ ਦਾ ਕੀਮਤੀ ਸਮਾਂ ਬਰਬਾਦ ਕੀਤਾ। ਉਨ੍ਹਾਂ ਮੁਤਾਬਕ, ਅਜਿਹਾ ਵਿਵਹਾਰ ਸਦਨ ਦੀ ਮਰਿਆਦਾ ਦੇ ਖ਼ਿਲਾਫ਼ ਹੈ ਅਤੇ ਇਸ ਲਈ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ।
'ਬੰਧੂਆ ਮਜ਼ਦੂਰ' ਕਹਿਣ 'ਤੇ ਵੀ ਜਤਾਇਆ ਇਤਰਾਜ਼
ਚੀਮਾ ਨੇ ਖਹਿਰਾ ਦੀਆਂ ਕਥਿਤ ਟਿੱਪਣੀਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸਦਨ 'ਚ ਕਿਸੇ ਨੂੰ ਚੱਪਲਾਂ ਚੱਟਣ ਵਾਲਾ ਅਤੇ ਕਿਸੇ ਨੂੰ ਬੰਧੂਆ ਮਜ਼ਦੂਰ ਕਹਿਣ ਵਰਗੀ ਭਾਸ਼ਾ ਵਰਤੀ ਗਈ। ਉਨ੍ਹਾਂ ਇਸ ਨੂੰ ਗਰੀਬਾਂ, ਮਜ਼ਦੂਰਾਂ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਦਾ ਅਪਮਾਨ ਕਰਾਰ ਦਿੱਤਾ। ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਅਜਿਹੇ ਸ਼ਬਦਾਂ ਦੀ ਵਰਤੋਂ ਕਰਕੇ ਦਲਿਤ ਸਮਾਜ ਦਾ ਅਪਮਾਨ ਕਰ ਰਹੇ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ 'ਚ ਚੁਣ ਕੇ ਆਉਣ ਵਾਲੇ ਜਨ-ਪ੍ਰਤੀਨਿਧੀ ਸਿਰਫ਼ ਆਪਣੀ ਪਾਰਟੀ ਦੀ ਹੀ ਨਹੀਂ, ਸਗੋਂ ਉਨ੍ਹਾਂ ਲੋਕਾਂ ਦੀ ਵੀ ਨੁਮਾਇੰਦਗੀ ਕਰਦੇ ਹਨ, ਜਿਨ੍ਹਾਂ ਨੇ ਵੋਟਾਂ ਪਾ ਕੇ ਉਨ੍ਹਾਂ ਨੂੰ ਚੁਣਿਆ ਹੈ। ਇਸ ਲਈ ਕਿਸੇ ਵਿਧਾਇਕ ਲਈ ਅਪਮਾਨਜਨਕ ਭਾਸ਼ਾ ਵਰਤਣਾ ਲੋਕਾਂ ਦੇ ਫ਼ਤਵੇ ਦਾ ਅਪਮਾਨ ਵੀ ਹੈ। ਉਨ੍ਹਾਂ ਕਾਂਗਰਸ ਖ਼ਿਲਾਫ਼ ਨਿੰਦਾ ਮਤਾ ਲਿਆਉਣ ਦੀ ਮੰਗ ਕਰਦਿਆਂ ਕਿਹਾ ਕਿ ਦਲਿਤਾਂ ਅਤੇ ਗਰੀਬਾਂ ਦੇ ਸਨਮਾਨ ਨਾਲ ਜੁੜੇ ਮੁੱਦਿਆਂ 'ਤੇ ਸਦਨ ਨੂੰ ਗੰਭੀਰ ਰੁਖ਼ ਅਪਣਾਉਣਾ ਚਾਹੀਦਾ ਹੈ।
ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਔਰਤਾਂ ਨੂੰ ਹਰ ਮਹੀਨੇ 1,500 ਰੁਪਏ ਦੇਣ ਦੇ ਐਲਾਨ ਦਾ ਵੀ ਜ਼ਿਕਰ ਕੀਤਾ ਅਤੇ ਇਸ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਇਆਲੀ ਨੇ ਨਸ਼ਿਆਂ ਦੇ ਮੁੱਦੇ 'ਤੇ ਤਿੰਨਾਂ ਸਰਕਾਰਾਂ ਨੂੰ ਘੇਰਿਆ
ਸਿਫ਼ਰ ਕਾਲ ਦੌਰਾਨ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਅਕਾਲੀ-ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਨਸ਼ਿਆਂ 'ਤੇ ਰੋਕ ਲਗਾਉਣ 'ਚ ਨਾਕਾਮੀ ਰਹੀ ਅਤੇ ਉਸ ਵੇਲੇ ਅਕਾਲੀ ਦਲ ਵੀ ਸਰਕਾਰ ਦਾ ਹਿੱਸਾ ਸੀ। ਉਨ੍ਹਾਂ ਆਪਣੇ ਵਿਧਾਨ ਸਭਾ ਹਲਕੇ ਦੇ 70 ਪਿੰਡਾਂ 'ਚ ਖੇਡ ਪਾਰਕ ਅਤੇ ਮੈਦਾਨ ਬਣਵਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਨਸ਼ਿਆਂ ਤੋਂ ਬਚਾਉਣ ਦਾ ਇਕ ਰਾਹ ਹੈ।
ਇਆਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਸਮੱਸਿਆ ਬਣੀ ਰਹੀ। ਉਨ੍ਹਾਂ ਮੌਜੂਦਾ 'ਆਪ' ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਪ੍ਰਚਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਵੱਡੇ-ਵੱਡੇ ਬੋਰਡ ਲਗਾਉਣ ਦੇ ਬਾਵਜੂਦ ਨਸ਼ੇ ਖ਼ਤਮ ਨਹੀਂ ਹੋਏ।
ਉਨ੍ਹਾਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ, ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਅਤੇ ਟ੍ਰਾਮਾਡੋਲ ਵਰਗੀਆਂ ਨਸ਼ੀਲੀਆਂ ਦਵਾਈਆਂ ਦੀਆਂ ਗੋਲੀਆਂ ਦੀ ਵਿਕਰੀ 'ਤੇ ਵੀ ਸਵਾਲ ਉਠਾਏ। ਅਯਾਲੀ ਨੇ ਸ਼ੇਰੋਂ ਪਿੰਡ ਦੀ ਘਟਨਾ ਦਾ ਜ਼ਿਕਰ ਕਰਦਿਆਂ ਬੋਟਿਸ ਸਿੰਘ ਸ਼ੇਰੋਂ ਨਾਲ ਕਥਿਤ ਕੁੱਟਮਾਰ ਅਤੇ ਤਸ਼ੱਦਦ ਦਾ ਮੁੱਦਾ ਵੀ ਚੁੱਕਿਆ।
ਸੰਧੂ ਨੇ ਤਰਨਤਾਰਨ 'ਚ ਗੈਂਗਸਟਰ ਦੇ ਪਰਿਵਾਰ ਨਾਲ ਜੁੜੀ ਮਹਿਲਾ ਨੂੰ ਟਿਕਟ ਦੇਣ 'ਤੇ ਚੁੱਕੇ ਸਵਾਲ
ਵਿਧਾਇਕ ਹਰਮੀਤ ਸਿੰਘ ਸੰਧੂ ਨੇ ਗੈਂਗਸਟਰਵਾਦ ਦਾ ਮੁੱਦਾ ਚੁੱਕਦਿਆਂ ਤਰਨਤਾਰਨ ਜ਼ਿਮਨੀ ਚੋਣ ਦਾ ਹਵਾਲਾ ਦਿੱਤਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਨਾਮੀ ਗੈਂਗਸਟਰ ਦੇ ਪਰਿਵਾਰ ਨਾਲ ਸਬੰਧਤ ਮਹਿਲਾ ਨੂੰ ਟਿਕਟ ਦੇਣ ਅਤੇ ਬਾਅਦ 'ਚ ਉਸ ਨੂੰ ਹਲਕੇ ਦੀ ਜ਼ਿੰਮੇਵਾਰੀ ਸੌਂਪਣ 'ਤੇ ਸਵਾਲ ਖੜ੍ਹੇ ਕੀਤੇ। ਸੰਧੂ ਨੇ ਦਾਅਵਾ ਕੀਤਾ ਕਿ ਸਬੰਧਤ ਗੈਂਗਸਟਰ 'ਤੇ ਤਰਨਤਾਰਨ ਖੇਤਰ 'ਚ ਤਿੰਨ ਮੌਜੂਦਾ ਸਰਪੰਚਾਂ ਦੀ ਹੱਤਿਆ ਕਰਵਾਉਣ ਸਮੇਤ ਗੰਭੀਰ ਦੋਸ਼ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਗੈਂਗਸਟਰ ਦੇ ਕੈਨੇਡਾ 'ਚ ਫੜੇ ਜਾਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ, ਇਸ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ।
ਇਸ ਤਰ੍ਹਾਂ ਸਿਫ਼ਰ ਕਾਲ ਦੌਰਾਨ ਇਕ ਪਾਸੇ ਖਹਿਰਾ ਦੇ ਕਥਿਤ ਗੈਰ-ਸੰਸਦੀ ਵਿਵਹਾਰ ਨੂੰ ਲੈ ਕੇ ਮੁਅੱਤਲੀ ਅਤੇ ਕਾਂਗਰਸ ਖ਼ਿਲਾਫ਼ ਨਿੰਦਾ ਮਤੇ ਦਾ ਮੁੱਦਾ ਉੱਠਿਆ, ਜਦਕਿ ਦੂਜੇ ਪਾਸੇ ਨਸ਼ਿਆਂ ਅਤੇ ਗੈਂਗਸਟਰਵਾਦ ਨੂੰ ਲੈ ਕੇ ਸੱਤਾਧਿਰ ਤੇ ਵਿਰੋਧੀ ਧਿਰ ਵਿਚਾਲੇ ਸਿਆਸੀ ਟਕਰਾਅ ਵੀ ਚਰਚਾ 'ਚ ਰਿਹਾ।