ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਬਾਦਲ SIT ਸਾਹਮਣੇ ਪੇਸ਼ ਨਹੀਂ ਹੋਏ, ਕਲੇਰ-ਰੋਮਾਣਾ ਨੇ ਕਿਹਾ- 30 ਸਤੰਬਰ ਤੋਂ ਬਾਅਦ ਹੀ ਹੋਣਗੇ ਉਪਲਬਧ
ਅਰਸ਼ਦੀਪ ਸਿੰਘ ਕਲੇਰ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਬੁਲਾਉਣਾ ਸਿਆਸੀ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪਹਿਲਾਂ ਤੋਂ ਕਈ ਪ੍ਰੋਗਰਾਮ ਤੈਅ ਹਨ ਅਤੇ ਇਨ੍ਹਾਂ ਪ੍ਰੋਗਰਾਮਾਂ ਕਾਰਨ 30 ਸਤੰਬਰ ਤੱਕ ਰੁਝੇਵੇਂ ਹਨ। ਇਸ ਤੋਂ ਬਾਅਦ ਸੁਖਬੀਰ ਬਾਦਲ ਐੱਸਆਈਟੀ ਦੇ ਸਾਹਮਣੇ ਪੇਸ਼ ਹੋ ਸਕਦੇ ਹਨ।
Publish Date: Fri, 11 Sep 2026 12:51 PM (IST)
Updated Date: Fri, 11 Sep 2026 01:53 PM (IST)
ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ-32 ਸਥਿਤ ਪੰਜਾਬ ਪੁਲਿਸ ਅਧਿਕਾਰੀ ਸੰਸਥਾਨ 'ਚ ਐੱਸਆਈਟੀ ਸਾਹਮਣੇ ਪੇਸ਼ ਹੋਣਾ ਸੀ। ਉਨ੍ਹਾਂ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਰਸ਼ਦੀਪ ਸਿੰਘ ਕਲੇਰ ਤੇ ਬੰਟੀ ਰੋਮਾਣਾ ਪਹੁੰਚੇ। ਦੋਵਾਂ ਨੇ ਦੱਸਿਆ ਕਿ ਸੁਖਬੀਰ ਬਾਦਲ ਪਹਿਲਾਂ ਤੋਂ ਤੈਅ ਸਿਆਸੀ ਪ੍ਰੋਗਰਾਮਾਂ ਕਾਰਨ ਅੱਜ ਪੁੱਛਗਿੱਛ ਲਈ ਹਾਜ਼ਰ ਨਹੀਂ ਹੋ ਸਕਣਗੇ ਤੇ 30 ਸਤੰਬਰ ਤੋਂ ਬਾਅਦ ਹੀ ਐੱਸਆਈਟੀ ਦੇ ਸਾਹਮਣੇ ਪੇਸ਼ ਹੋਣਗੇ।
ਕਲੇਰ ਨੇ ਕਿਹਾ ਕਿ ਪਿਛਲੇ ਦਿਨੀਂ ਸੁਖਬੀਰ ਬਾਦਲ ਨੂੰ ਲੱਗੀ ਸੱਟ ਤੋਂ ਬਾਅਦ ਅੱਜ ਉਨ੍ਹਾਂ ਦਾ ਚੈੱਕਅਪ ਵੀ ਸੀ। ਇਸ ਦੇ ਨਾਲ ਹੀ ਉਨ੍ਹਾਂ ਐੱਸਆਈਟੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਲਿਖਤੀ ਰੂਪ 'ਚ ਸਵਾਲ ਪੁੱਛੇ ਜਾਣ, ਜਿਸ ਦਾ ਉਹ ਦਸਤਖ਼ਤ ਕਰਕੇ ਜਵਾਬ ਦੇਣਗੇ। ਕਲੇਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੀ ਇਸ ਪੂਰੇ ਮਾਮਲੇ 'ਚ ਸਿਆਸਤ ਕਰਨ ਦਾ ਦੋਸ਼ ਲਾਇਆ ਹੈ।
ਅਰਸ਼ਦੀਪ ਸਿੰਘ ਕਲੇਰ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਬੁਲਾਉਣਾ ਸਿਆਸੀ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪਹਿਲਾਂ ਤੋਂ ਕਈ ਪ੍ਰੋਗਰਾਮ ਤੈਅ ਹਨ ਅਤੇ ਇਨ੍ਹਾਂ ਪ੍ਰੋਗਰਾਮਾਂ ਕਾਰਨ 30 ਸਤੰਬਰ ਤਕ ਰੁਝੇਵੇਂ ਹਨ। ਇਸ ਤੋਂ ਬਾਅਦ ਸੁਖਬੀਰ ਬਾਦਲ ਐੱਸਆਈਟੀ ਦੇ ਸਾਹਮਣੇ ਪੇਸ਼ ਹੋ ਸਕਦੇ ਹਨ।
ਕਲੇਰ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਮੌਜੂਦਾ ਸਮੇਂ 'ਚ ਸਰਕਾਰ ਖ਼ਿਲਾਫ਼ ਲੋਕਾਂ 'ਚ ਵੱਧ ਰਹੇ ਰੋਸ ਤੋਂ ਧਿਆਨ ਹਟਾਉਣ ਲਈ ਇਸ ਮਾਮਲੇ ਨੂੰ ਮੁੜ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਦੀ ਘਟਨਾ ਨੂੰ 11 ਸਾਲ ਹੋ ਚੁੱਕੇ ਹਨ ਅਤੇ ਇਸ ਦੌਰਾਨ ਪੰਜਾਬ 'ਚ ਤਿੰਨ ਮੁੱਖ ਮੰਤਰੀ ਤੱਕ ਬਦਲ ਚੁੱਕੇ ਹਨ। ਉਨ੍ਹਾਂ ਦੇ ਅਨੁਸਾਰ ਹੁਣ ਇਸ ਮਾਮਲੇ ਨੂੰ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਐੱਸਆਈਟੀ ਦੇ ਸਾਹਮਣੇ ਸਹਿਯੋਗ ਨਾ ਕਰਨ ਦੇ ਦੋਸ਼ਾਂ ਨੂੰ ਵੀ ਖਾਰਜ ਕੀਤਾ। ਕਲੇਰ ਅਤੇ ਰੋਮਾਣਾ ਨੇ ਕਿਹਾ ਕਿ ਪਿਛਲੀ ਵਾਰ ਵੀ ਇਹ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸੁਖਬੀਰ ਬਾਦਲ ਜਾਂਚ 'ਚ ਸਹਿਯੋਗ ਨਹੀਂ ਕਰ ਰਹੇ, ਜਦਕਿ ਅਜਿਹਾ ਨਹੀਂ ਹੈ।
ਸਾਲ 2015 'ਚ ਬਰਗਾੜੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਬਹਿਬਲ ਕਲਾਂ 'ਚ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਫਾਇਰਿੰਗ 'ਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋਈ ਸੀ। ਮਾਮਲੇ ਦੀ ਜਾਂਚ ਵੱਖ-ਵੱਖ ਕਮਿਸ਼ਨਾਂ ਅਤੇ ਜਾਂਚ ਟੀਮਾਂ ਤੋਂ ਬਾਅਦ ਪੰਜਾਬ ਪੁਲਿਸ ਦੀ ਐੱਸਆਈਟੀ ਕਰ ਰਹੀ ਹੈ। 20 ਜੁਲਾਈ ਨੂੰ ਸੁਖਬੀਰ ਬਾਦਲ ਤੋਂ ਕਰੀਬ ਦੋ ਘੰਟੇ ਪੁੱਛਗਿੱਛ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 11 ਸਤੰਬਰ ਨੂੰ ਮੁੜ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ। ਹੁਣ ਉਨ੍ਹਾਂ ਦੀ ਅਗਲੀ ਪੇਸ਼ੀ ਦੀ ਤਾਰੀਖ ਐੱਸਆਈਟੀ ਤੈਅ ਕਰੇਗੀ।