- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੱਛਤਾ ਅਭਿਆਨ 6.0 ਤਹਿਤ 2 ਤੋਂ 31 ਅਕਤੂਬਰ ਤੱਕ ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਵਿਦਿਆਰਥੀ ਮਾਪਿਆਂ ਦੀ ਸਹਿਮਤੀ ਨਾਲ ਘਰਾਂ ’ਚ ਪਏ ਅਣਵਰਤੋਂਯੋਗ ਇਲੈਕਟ੍ਰਾਨਿਕ ਸਾਮਾਨ ਨੂੰ ਸਕੂਲ ’ਚ ਬਣੇ ਕਲੈਕਸ਼ਨ ਪੁਆਇੰਟ ’ਤੇ ਜਮ੍ਹਾਂ ਕਰਵਾ ਸਕਣਗੇ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਘਰ ਦੇ ਕਿਸੇ ਕੋਨੇ ’ਚ ਪਿਆ ਪੁਰਾਣਾ ਮੋਬਾਈਲ, ਖਰਾਬ ਚਾਰਜਰ, ਕੇਬਲ, ਕੈਲਕੁਲੇਟਰ ਜਾਂ ਕੀ-ਬੋਰਡ ਹੁਣ ਕਬਾੜ ’ਚ ਵੇਚਣ ਦੀ ਬਜਾਏ ਸਕੂਲ ਪਹੁੰਚਾਇਆ ਜਾ ਸਕੇਗਾ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਈ-ਕਚਰੇ ਦੇ ਸੁਰੱਖਿਅਤ ਨਿਪਟਾਰੇ ਦੀ ਮੁਹਿੰਮ ਦਾ ਹਿੱਸਾ ਬਣਨਗੇ। ਸਵੱਛਤਾ ਅਭਿਆਨ 6.0 ਤਹਿਤ 2 ਤੋਂ 31 ਅਕਤੂਬਰ ਤੱਕ ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਵਿਦਿਆਰਥੀ ਮਾਪਿਆਂ ਦੀ ਸਹਿਮਤੀ ਨਾਲ ਘਰਾਂ ’ਚ ਪਏ ਅਣਵਰਤੋਂਯੋਗ ਇਲੈਕਟ੍ਰਾਨਿਕ ਸਾਮਾਨ ਨੂੰ ਸਕੂਲ ’ਚ ਬਣੇ ਕਲੈਕਸ਼ਨ ਪੁਆਇੰਟ ’ਤੇ ਜਮ੍ਹਾਂ ਕਰਵਾ ਸਕਣਗੇ। ਸਕੂਲਾਂ ਤੋਂ ਇਕੱਠਾ ਕੀਤਾ ਈ-ਕਚਰਾ ਕੇਂਦਰੀ ਜਾਂ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ/ਐੱਸਪੀਸੀਬੀ) ਤੋਂ ਅਧਿਕਾਰਤ ਰੀਸਾਈਕਲਰਾਂ ਰਾਹੀਂ ਸੁਰੱਖਿਅਤ ਢੰਗ ਨਾਲ ਨਿਪਟਾਇਆ ਜਾਵੇਗਾ।
ਹਰ ਸਕੂਲ ’ਚ ਬਣੇਗਾ ਕਲੈਕਸ਼ਨ ਕਾਰਨਰ
ਮੁਹਿੰਮ ਤਹਿਤ ਹਰ ਸਕੂਲ ’ਚ ਈ-ਵੇਸਟ ਕਲੈਕਸ਼ਨ ਕਾਰਨਰ ਬਣਾਇਆ ਜਾਵੇਗਾ। ਇੱਥੇ ਇਕੱਠੇ ਕੀਤੇ ਇਲੈਕਟ੍ਰਾਨਿਕ ਕਚਰੇ ਨੂੰ ਸੁਰੱਖਿਅਤ ਅਤੇ ਸੁੱਕੇ ਕੰਟੇਨਰਾਂ ’ਚ ਰੱਖਿਆ ਜਾਵੇਗਾ। ਵਿਦਿਆਰਥੀ ਘਰ ’ਚ ਪਏ ਪੁਰਾਣੇ ਫੋਨ, ਚਾਰਜਰ, ਕੇਬਲ, ਕੈਲਕੁਲੇਟਰ, ਕੀ-ਬੋਰਡ ਸਮੇਤ ਹੋਰ ਅਣਵਰਤੋਂਯੋਗ ਸਾਮਾਨ ਦੀ ਪਛਾਣ ਕਰਕੇ ਮਾਪਿਆਂ ਦੀ ਸਹਿਮਤੀ ਨਾਲ ਸਕੂਲ ’ਚ ਜਮ੍ਹਾਂ ਕਰਵਾ ਸਕਣਗੇ। ਸਕੂਲ ਪ੍ਰਸ਼ਾਸਨ ਇਸ ਨੂੰ ਅਧਿਕਾਰਤ ਰੀਸਾਈਕਲਰ ਤੱਕ ਪਹੁੰਚਾਉਣ ਦੀ ਵਿਵਸਥਾ ਕਰੇਗਾ।
ਈ-ਕਚਰੇ ਦੇ ਨੁਕਸਾਨ ਬਾਰੇ ਕਰਨਗੇ ਜਾਗਰੂਕ
ਸਕੂਲਾਂ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਓਰੀਐਂਟੇਸ਼ਨ ਸੈਸ਼ਨ ਕਰਵਾਏ ਜਾਣਗੇ। ਇਨ੍ਹਾਂ ’ਚ ਈ-ਕਚਰੇ ਕਾਰਨ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ, ਇਸ ਦੇ ਸੁਰੱਖਿਅਤ ਨਿਪਟਾਰੇ ਅਤੇ ਸਰਕੁਲਰ ਇਕਾਨਮੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਈ-ਵੇਸਟ ਆਰਟ ਇੰਸਟਾਲੇਸ਼ਨ, ਪੋਸਟਰ ਬਣਾਉਣ ਅਤੇ ਲੇਖ ਲਿਖਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਮੁਹਿੰਮ ਦੇ ਪ੍ਰਚਾਰ ਲਈ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕੀਤੀ ਜਾਵੇਗੀ।
ਪੋਰਟਲ ’ਤੇ ਦਰਜ ਹੋਵੇਗਾ ਹਰ ਕਿਲੋ ਈ-ਕਚਰਾ
ਸਕੂਲ ਈਕੋ ਕਲੱਬ ਕੋਆਰਡੀਨੇਟਰ ਮੁਹਿੰਮ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ, ਕਰਵਾਈਆਂ ਵਰਕਸ਼ਾਪਾਂ ਅਤੇ ਇਕੱਠੇ ਕੀਤੇ ਈ-ਕਚਰੇ ਦਾ ਭਾਰ ਕਿਲੋਗ੍ਰਾਮ ’ਚ ਪੋਰਟਲ ’ਤੇ ਦਰਜ ਕਰਨਗੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸਕੂਲ ਕਲੱਸਟਰਾਂ ਦੀ ਸੀਪੀਸੀਬੀ ਜਾਂ ਐੱਸਪੀਸੀਬੀ ਤੋਂ ਅਧਿਕਾਰਤ ਰੀਸਾਈਕਲਰਾਂ ਜਾਂ ਪ੍ਰੋਡਿਊਸਰ ਰਿਸਪਾਂਸਬਿਲਟੀ ਆਰਗੇਨਾਈਜ਼ੇਸ਼ਨਾਂ ਨਾਲ ਮੈਪਿੰਗ ਕਰਵਾਉਣਗੇ। ਤੈਅ ਤਰੀਕਾਂ ’ਤੇ ਅਧਿਕਾਰਤ ਰੀਸਾਈਕਲਰ ਸਕੂਲਾਂ ਜਾਂ ਕਲੱਸਟਰ ਹੱਬ ਤੋਂ ਈ-ਕਚਰਾ ਚੁੱਕਣਗੇ।
ਪੁਰਾਣੇ ਕੰਪਿਊਟਰ ਤੇ ਟੀਵੀ ਦੀ ਵੀ ਹੋਵੇਗੀ ਨੀਲਾਮੀ
ਸਕੂਲਾਂ ’ਚ ਲੰਮੇ ਸਮੇਂ ਤੋਂ ਪਏ ਅਣਵਰਤੋਂਯੋਗ ਕੰਪਿਊਟਰ, ਟੀਵੀ, ਡੀਵੀਡੀ ਪਲੇਅਰ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਦਾ ਸਰਕਾਰੀ ਨਿਯਮਾਂ ਅਨੁਸਾਰ ਨਿਪਟਾਰਾ ਕੀਤਾ ਜਾਵੇਗਾ। ਜਿੱਥੇ ਨਵੇਂ ਕੰਪਿਊਟਰ ਮੁਹੱਈਆ ਕਰਵਾਏ ਗਏ ਹਨ ਜਾਂ ਕੀਤੇ ਜਾ ਰਹੇ ਹਨ, ਉੱਥੇ ਪੁਰਾਣੇ ਅਣਵਰਤੋਂਯੋਗ ਸਾਮਾਨ ਦੀ ਨੀਲਾਮੀ ਕੀਤੀ ਜਾਵੇਗੀ। ਨੀਲਾਮੀ ਤੋਂ ਪ੍ਰਾਪਤ ਰਕਮ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਕਰਵਾਉਣੀ ਹੋਵੇਗੀ।
ਅਣਅਧਿਕਾਰਤ ਕਬਾੜੀ ਨੂੰ ਨਹੀਂ ਵੇਚ ਸਕਣਗੇ
ਸਕੂਲ ਪ੍ਰਸ਼ਾਸਨ ਈ-ਕਚਰਾ ਕਿਸੇ ਸਥਾਨਕ ਅਣਅਧਿਕਾਰਤ ਕਬਾੜੀ ਜਾਂ ਸਕ੍ਰੈਪ ਡੀਲਰ ਨੂੰ ਨਹੀਂ ਵੇਚ ਸਕੇਗਾ। ਈ-ਕਚਰੇ ਦਾ ਨਿਪਟਾਰਾ ਸਿਰਫ਼ ਸੀਪੀਸੀਬੀ ਜਾਂ ਐੱਸਪੀਸੀਬੀ ਦੀ ਅਧਿਕਾਰਤ ਸੂਚੀ ’ਚ ਸ਼ਾਮਲ ਪ੍ਰਮਾਣਿਤ ਰੀਸਾਈਕਲਰਾਂ ਰਾਹੀਂ ਹੀ ਕੀਤਾ ਜਾਵੇਗਾ। ਇਸ ਤਰ੍ਹਾਂ ਘਰਾਂ ਅਤੇ ਸਕੂਲਾਂ ’ਚ ਪਏ ਇਲੈਕਟ੍ਰਾਨਿਕ ਕਚਰੇ ਨੂੰ ਵਿਗਿਆਨਕ ਢੰਗ ਨਾਲ ਰੀਸਾਈਕਲਿੰਗ ਪ੍ਰਣਾਲੀ ਨਾਲ ਜੋੜਿਆ ਜਾਵੇਗਾ।