- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਨੇ ਕਿਹਾ ਹੈ ਕਿ ਕਾਨੂੰ ’ਚ ਸੋਧ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੇ ਗਏ ਸੁਝਾਵਾਂ ਸਬੰਧੀ ਸੂਬਾ ਸਰਕਾਰ ਨੇ ਐਡਵੋਕੇਟ ਜਨਰਲ ਤੋਂ ਕਾਨੂੰਨੀ ਰਾਇ ਮੰਗੀ ਹੈ। ਇਸ ਰਾਇ ਤੋਂ ਬਾਅਦ ਹੀ ਤਜਵੀਜ਼ਸ਼ੁਦਾ ਸੋਧ ’ਤੇ ਚਰਚਾ ਕੀਤੀ ਜਾਏਗੀ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਉੰਦੀ ਤਿੰਨ ਅਗਸਤ ਨੂੰ ਸ਼ੁਰੂ ਹੋਣ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ’ਚ ਸੰਭਾਵਿਤ ਬਦਲਾਅ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਮੰਤਰੀ ਮੰਡਲ ਦੀ ਬੈਠਕ ’ਚ ਇਸ ਸਬੰਧੀ ਕੁਝ ਸੰਕੇਤ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕਾਨੂੰ ’ਚ ਸੋਧ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੇ ਗਏ ਸੁਝਾਵਾਂ ਸਬੰਧੀ ਸੂਬਾ ਸਰਕਾਰ ਨੇ ਐਡਵੋਕੇਟ ਜਨਰਲ ਤੋਂ ਕਾਨੂੰਨੀ ਰਾਇ ਮੰਗੀ ਹੈ। ਇਸ ਰਾਇ ਤੋਂ ਬਾਅਦ ਹੀ ਤਜਵੀਜ਼ਸ਼ੁਦਾ ਸੋਧ ’ਤੇ ਚਰਚਾ ਕੀਤੀ ਜਾਏਗੀ।
ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਮਦਾਂ ਹਨ ਜਿਨ੍ਹਾਂ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਐੱਸਜੀਪੀਸੀ ਨੇ ਇਤਰਾਜ਼ ਪ੍ਰਗਟਾਇਆ ਹੈ ਤੇ ਇਸ ’ਤੇ ਕੀ ਤਜਵੀਜ਼ਾਂ ਹਨ:
1. ਮਦ : ਬੀੜ ਤੇ ਬੀੜਾਂ ਸ਼ਬਦ ਦੀ ਥਾਂ ’ਤੇ ਸਰੂਪ ਤੇ ਸਰੂਪਾਂ ਸ਼ਬਦਾਂ ਦੀ ਵਰਤੋਂ ਹੋਵੇਗੀ।
ਇਤਰਾਜ਼ : ਬੀੜ ਸ਼ਬਦ ਸਿੱਖ ਰਹਿਤ ਮਰਿਆਦਾ ’ਚ ਪੁਰਾਤਨ ਸਮੇਂ ਤੋਂ ਪ੍ਰਚਲਿਤ ਹੈ। ਕਾਨੂੰਨ ’ਚ ਇਸ ਸ਼ਬਦ ਨੂੰ ਹਟਾਉਣਾ ਸਰਕਾਰ ਦੀ ਸਿੱਖ ਰਵਾਇਤਾਂ ਦੇ ਪ੍ਰਤੀ ਗ਼ੈਰ-ਸੰਵੇਦਨਸ਼ੀਲਤਾ ਹੈ। ਸਰਕਾਰ ਬੀੜ ਤੇ ਬੀੜਾਂ ਸ਼ਬਦ ਨੂੰ ਹੀ ਸ਼ਾਮਲ ਕਰੇ।
ਪ੍ਰਸਤਾਵ : ਸਰਕਾਰ ਸੁਝਾਏ ਗਏ ਸ਼ਬਦਾਂ ਨੂੰ ਸ਼ਾਮਲ ਕਰੇਗੀ।
-----
2. ਮਦ : 2008 ਦੇ ਪੰਜਾਬ ਐਕਟ ਨੰਬਰ 21 ਦੀ ਧਾਰਾ 2 ’ਚ ਕਸਟੋਡੀਅਨ ਸ਼ਬਦ ਜੋੜਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜਿਸ ਵਿਅਕਤੀ, ਸੰਸਥਾ, ਗੁਰਦੁਆਰਾ ਕਮੇਟੀ ਜਿਸ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਉਹ ਉਸ ਦੀ ਸੁਰੱਖਿਆ ਤੇ ਸਿੱਖ ਮਰਿਆਦਾ ਦੀ ਪਾਲਣਾ ਕਰਨ ਦਾ ਜ਼ਿੰਮੇਵਾਰ ਹੋਵੇਗਾ।
ਇਤਰਾਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕਸਟੋਡੀਅਨ ਹਨ, ਕੋਈ ਵਿਅਕਤੀ ਕਿਵੇਂ ਉਨ੍ਹਾਂ ਦਾ ਕਸਟੋਡੀਅਨ ਹੋ ਸਕਦਾ ਹੈ। ਇਸ ਨੂੰ ਹਟਾਇਆ ਜਾਏ।
ਪ੍ਰਸਤਾਵ : ਨਵੀਂ ਸੋਧ ’ਚ ਕਸਟੋਡੀਅਨ ਸ਼ਬਦ ਨੂੰ ਹਟਾ ਕੇ ਇਸ ਦੀ ਥਾਂ ’ਤੇ ਨਵਾਂ ਸਹੀ ਕਾਨੂੰਨੀ ਸ਼ਬਦ ਪ੍ਰਸਤਾਵਿਤ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਉਸ ਦੀ ਸਰਲ ਵਿਆਖਿਆ ਵੀ ਸ਼ਾਮਲ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਸ ਦੀ ਗ਼ਲਤ ਵਰਤੋਂ ਨਾ ਹੋ ਸਕੇ।
--------
3. ਮਦ: ਸਰੂਪਾਂ ਲਈ ਐੱਸਜੀਪੀਸੀ ਇਕ ਕੇਂਦਰੀ ਰਜਿਸਟਰ ਰੱਖੇਗੀ। ਸਰੂਪਾਂ ਦੀ ਛਪਾਈ, ਸੰਭਾਲ, ਵੰਡ ਤੇ ਉਪਲਬਧ ਕਰਾਉਣ ਦਾ ਰਿਕਾਰਡ ਫਿਜ਼ੀਕਲ ਤੇ ਇਲੈਕਟ੍ਰਾਨਿਕ ਦੋਵਾਂ ਰੂਪਾਂ ’ਚ ਹੋਵੇਗਾ ਤੇ ਇਹ ਐੱਸਜੀਪੀਸੀ ਦੀ ਵੈੱਬਸਾਈਟ ’ਤੇ ਅਪਲੋਡ ਰਹੇਗਾ। ਇਸੇ ਤਰ੍ਹਾਂ ਹਰ ਸਰੂਪ ਲਈ ਇਕ ਖਾਸ ਪਛਾਣ ਨੰਬਰ ਦਿੱਤਾ ਜਾਏਗਾ।
ਇਤਰਾਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ (ਬੀੜ) ਨੂੰ ਖਾਸ ਪਛਾਣ ਨੰਬਰ ਦੇਣਾ ਮੂਲ ਸਰੂਪ ਦੇ ਨਾਲ ਛੇੜਛਾੜ ਵਾਂਗ ਹੈ। ਇਸ ਨੂੰ ਖ਼ਾਲਸਾ ਪੰਥ ਸਵੀਕਾਰ ਨਹੀਂ ਕਰੇਗਾ।
ਪ੍ਰਸਤਾਵ : ਇਸ ਮਦ ਨੂੰ ਹਟਾ ਦਿੱਤਾ ਜਾਏਗਾ।
--------
4. ਮਦ : ਧਾਰਾ 3 ਬੀ (1) ਸਿਰਫ਼ ਉਨ੍ਹਾਂ ਵਿਅਕਤੀਆਂ ਦੇ ਫ਼ਰਜ਼ ਤੇ ਜ਼ਿੰਮੇਵਾਰੀਆਂ ਤੈਅ ਕਰਦੀ ਹੈ ਜਿਨ੍ਹਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਾਂ ਗੁਰਬਾਣੀ ਦੀ ਸੈਂਚੀ, ਪੋਥੀ ਜਾਂ ਗੁਟਕਾ ਸਾਹਿਬ ਮੌਜੂਦ ਹਨ।
ਇਤਰਾਜ਼ : ਇਹ ਵਿਵਸਥਾ ਸਿੱਧੇ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ’ਚ ਦਖ਼ਲ ਕਰਦੀ ਹੈ। ਇਸ ਲਈ ਸੋਧ ਕਾਨੂੰਨ ਦੀ ਧਾਰਾ 3ਬੀ (1) ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਏ।
ਪ੍ਰਸਤਾਵ : ਇਸ ਮਦ ਨੂੰ ਹਟਾ ਦਿੱਤਾ ਜਾਏਗਾ।
------
5. ਮਦ : ਸਾਲ 2008 ਦੇ ਪੰਜਾਬ ਐਕਟ 21 ਦੀ ਧਾਰਾ 5 ਬਦਲਣ ਦੇ ਸਬੰਧ ’ਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਾਂ ਸਰੂਪਾਂ ਦੀ ਬੇਅਦਬੀ ਨੂੰ ਛੱਡ ਕੇ ਹੋਰ ਅਪਰਾਧ ਕਰਨ ਵਾਲੇ ਨੂੰ ਵੱਧ ਤੋਂ ਵੱਧ ਪੰਜ ਸਾਲਾਂ ਤੱਕ ਦੀ ਕੈਦ ਤੇ ਦਸ ਲੱਖ ਰੁਪਏ ਤੱਕ ਦਾ ਜੁਰਮਾਨਾ।
ਇਤਰਾਜ਼ : ਇਹ ਮਨਜ਼ੂਰ ਨਹੀਂ ਹੈ। ਇਨ੍ਹਾਂ ਮਾਮਲਿਆਂ ’ਚ ਫ਼ੈਸਲੇ ਤੇ ਕਾਰਵਾਈ ਦਾ ਅਧਿਕਾਰ ਸਿਰਫ਼ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ।
ਪ੍ਰਸਤਾਵ : ਬੇਅਦਬੀ ਤੇ ਮਰਿਆਦਾ ਦੀ ਪਾਲਣਾ ਨਾ ਹੋਣ ਦੀ ਵਿਆਖਿਆ ਕੀਤੀ ਜਾਏਗੀ। ਮਰਿਆਦਾ ਤੈਅ ਕਰਨਾ ਤੇ ਉਸ ਦੀ ਪਾਲਣਾ, ਪੰਥ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਧਿਕਾਰ ਖੇਤਰ ਹੈ।