- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਾਲ : ਕਰਮਚਾਰੀਆਂ ਨੇ ਹੜਤਾਲ ਵਾਪਸ ਲੈ ਲਈ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜਵਾਬ : ਮੈਂ ਸਾਰੇ ਕਰਮਚਾਰੀ ਭੈਣ-ਭਰਾਵਾਂ ਦਾ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਹੜਤਾਲ ਵਾਪਸ ਲੈ ਲਈ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਮੇਰਾ ਮੰਨਣਾ ਹੈ ਕਿ ਹਰ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਹੀ ਸੰਭਵ ਹੈ। ਜਲਦ ਹੀ ਮੁੱਖ ਮੰਤਰੀ ਨਾਲ ਕਰਮਚਾਰੀਆਂ ਦੀ ਮੀਟਿੰਗ ਕਰਵਾਈ ਜਾਵੇਗੀ ਅਤੇ ਉਨ੍ਹਾਂ ਦੀ ਪੂਰੀ ਗੱਲ ਸੁਣੀ ਜਾਵੇਗੀ।

ਪੰਜਾਬ ’ਚ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਕਰਮਚਾਰੀ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੀਆਂ ਸਨ। ਇਨ੍ਹਾਂ ’ਚ ਮਹਿੰਗਾਈ ਭੱਤਾ, ਕਰਮਚਾਰੀਆਂ ਦੀਆਂ ਲੰਬਿਤ ਸਮੱਸਿਆਵਾਂ ਦਾ ਹੱਲ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਵਰਗੀਆਂ ਮੰਗਾਂ ਸ਼ਾਮਲ ਹਨ। ਇਨ੍ਹਾਂ ਮੁੱਦਿਆਂ ਸਬੰਧੀ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਡਾ. ਬਲਜੀਤ ਕੌਰ ਨਾਲ “ਸਟੇਟ ਬਿਊਰੋ ਦੇ ਪ੍ਰਮੁੱਖ ਸੰਵਾਦਦਾਤਾ ਡਾ. ਸੁਮਿਤ ਸਿੰਘ ਸ਼ਿਓਰਾਣ ਨੇ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਕੱਚੇ, ਆਊਟਸੋਰਸ ਤੇ ਕੰਟਰੈਕਟ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਸਰਕਾਰ ਦੀ ਨੀਤੀ, ਪਿਛਲੇ ਚਾਰ ਸਾਲਾਂ ’ਚ ਹੋਈਆਂ ਭਰਤੀਆਂ ਤੇ ਤਨਖ਼ਾਹਾਂ ’ਚ ਵਾਧੇ ਬਾਰੇ ਸਰਕਾਰ ਦਾ ਪੱਖ ਰੱਖਿਆ। ਇਸ ਤੋਂ ਇਲਾਵਾ ਆਂਗਣਵਾੜੀ ਤੇ ਆਸ਼ਾ ਵਰਕਰਾਂ ਦੇ ਮਾਣ-ਭੱਤੇ, ਸਾਲਾਨਾ ਵਾਧੇ ਅਤੇ ਬੀਮਾ ਕਵਰ ਦੀ ਯੋਜਨਾ ਬਾਰੇ ਵੀ ਚਰਚਾ ਹੋਈ। ਪੇਸ਼ ਹਨ ਗੱਲਬਾਤ ਦੇ ਪ੍ਰਮੁੱਖ ਅੰਸ਼ :
ਸਵਾਲ : ਕਰਮਚਾਰੀਆਂ ਨੇ ਹੜਤਾਲ ਵਾਪਸ ਲੈ ਲਈ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ : ਮੈਂ ਸਾਰੇ ਕਰਮਚਾਰੀ ਭੈਣ-ਭਰਾਵਾਂ ਦਾ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਹੜਤਾਲ ਵਾਪਸ ਲੈ ਲਈ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਮੇਰਾ ਮੰਨਣਾ ਹੈ ਕਿ ਹਰ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਹੀ ਸੰਭਵ ਹੈ। ਜਲਦ ਹੀ ਮੁੱਖ ਮੰਤਰੀ ਨਾਲ ਕਰਮਚਾਰੀਆਂ ਦੀ ਮੀਟਿੰਗ ਕਰਵਾਈ ਜਾਵੇਗੀ ਅਤੇ ਉਨ੍ਹਾਂ ਦੀ ਪੂਰੀ ਗੱਲ ਸੁਣੀ ਜਾਵੇਗੀ।
ਸਵਾਲ : ਕਰਮਚਾਰੀਆਂ ਦੀ ਮੁੱਖ ਮੰਗ ਮੁੱਖ ਮੰਤਰੀ ਨਾਲ ਮੀਟਿੰਗ ਹੈ। ਸਰਕਾਰ ਕੀ ਕਦਮ ਚੁੱਕੇਗੀ?
ਜਵਾਬ : ਕਰਮਚਾਰੀਆਂ ਦੀ ਗੱਲ ਆਪਣੀ ਥਾਂ ਸਹੀ ਹੈ। ਮਹਿੰਗਾਈ ਭੱਤੇ ਦੇ ਮਾਮਲੇ ’ਚ ਸਰਕਾਰ ਨੇ ਅਦਾਲਤ ’ਚ ਆਪਣਾ ਪੱਖ ਰੱਖਿਆ ਹੈ ਅਤੇ ਅਦਾਲਤ ਦੇ ਫ਼ੈਸਲੇ ਨੂੰ ਲਾਗੂ ਕੀਤਾ ਜਾਵੇਗਾ। ਪਿਛਲੀ ਸਰਕਾਰ ਦੀਆਂ ਕਈ ਦੇਣਦਾਰੀਆਂ ਸਾਨੂੰ ਵਿਰਾਸਤ ’ਚ ਮਿਲੀਆਂ ਹਨ। ਸਾਡੀ ਸਰਕਾਰ ਨੇ ਤਿੰਨ ਵਾਰ ਮਹਿੰਗਾਈ ਭੱਤਾ ਜਾਰੀ ਕੀਤਾ ਹੈ ਅਤੇ ਕਰੀਬ 6100 ਕਰੋੜ ਰੁਪਏ ਦਾ ਭੁਗਤਾਨ ਹੋ ਚੁੱਕਾ ਹੈ।
ਸਵਾਲ : 2020 ਤੋਂ ਬਾਅਦ ਭਰਤੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਬਾਰੇ ਕੀ ਫ਼ੈਸਲਾ ਹੋਇਆ ਹੈ?
ਜਵਾਬ : ਹਾਲ ਹੀ ’ਚ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 2020 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਦਾ ਮਹਿੰਗਾਈ ਭੱਤਾ 42 ਫ਼ੀਸਦੀ ਤੋਂ ਵਧਾ ਕੇ 60 ਫ਼ੀਸਦੀ ਕੀਤਾ ਜਾਵੇਗਾ। ਇਹ ਕੇਂਦਰ ਦੇ ਬਰਾਬਰ ਹੋਵੇਗਾ ਅਤੇ ਕਰੀਬ 85 ਹਜ਼ਾਰ ਕਰਮਚਾਰੀਆਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਪੰਜਾਬ ’ਚ ਕਿਸੇ ਵੀ ਕਰਮਚਾਰੀ ਦੀ ਤਨਖ਼ਾਹ ਕੇਂਦਰੀ ਤਨਖ਼ਾਹ ਸਕੇਲ ਤੋਂ ਘੱਟ ਨਹੀਂ ਹੈ।
ਸਵਾਲ : ਕੱਚੇ, ਆਊਟਸੋਰਸ ਤੇ ਕੰਟਰੈਕਟ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਕੀ ਕੀਤਾ ਗਿਆ ਹੈ?
ਜਵਾਬ : ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ’ਚ ਨਵੀਆਂ ਭਰਤੀਆਂ ਦੇ ਮਾਮਲੇ ’ਚ ਰਿਕਾਰਡ ਬਣਾਇਆ ਹੈ। ਇਸ ਸਮੇਂ ਦੌਰਾਨ 70 ਹਜ਼ਾਰ ਤੋਂ ਵੱਧ ਨਿਯੁਕਤੀਆਂ ਕੀਤੀਆਂ ਗਈਆਂ ਹਨ। ਆਊਟਸੋਰਸ ਅਤੇ ਕੰਟਰੈਕਟ ਕਰਮਚਾਰੀਆਂ ਨਾਲ ਸਬੰਧਤ ਮਾਮਲਿਆਂ ’ਤੇ ਵੀ ਸਰਕਾਰ ਨੇ ਸਕਾਰਾਤਮਕ ਰੁਖ ਨਾਲ ਕੰਮ ਕੀਤਾ ਹੈ ਅਤੇ ਤਨਖ਼ਾਹਾਂ ’ਚ ਵਾਧਾ ਕੀਤਾ ਗਿਆ ਹੈ। ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਪਿੱਛੇ ਨਹੀਂ ਹਟੇਗੀ।
ਸਵਾਲ : ਆਂਗਣਵਾੜੀ ਵਰਕਰਾਂ ਦੇ ਮਾਣ-ਭੱਤੇ ਅਤੇ ਸਹੂਲਤਾਂ ਲਈ ਕੀ ਯੋਜਨਾ ਹੈ?
ਜਵਾਬ : ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਹੋਰ ਔਰਤਾਂ ਵਾਂਗ 1000 ਅਤੇ 1500 ਰੁਪਏ ਦੀ ਮਾਸਿਕ ਯੋਜਨਾ ’ਚ ਸ਼ਾਮਲ ਕੀਤਾ ਗਿਆ ਹੈ। ਆਂਗਣਵਾੜੀ ਵਰਕਰਾਂ ਦੇ ਮਾਣ-ਭੱਤੇ ’ਚ ਸਾਲਾਨਾ ਵਾਧੇ ਨੂੰ ਲੈ ਕੇ ਸਰਕਾਰ ਸਕਾਰਾਤਮਕ ਹੈ। ਉਨ੍ਹਾਂ ਨੂੰ ਬੀਮਾ ਪਾਲਿਸੀ ਦੇ ਦਾਇਰੇ ’ਚ ਲਿਆਉਣ ਦੀ ਵੀ ਯੋਜਨਾ ਹੈ, ਜਿਸ ਨਾਲ ਸੂਬੇ ਦੀਆਂ 33 ਹਜ਼ਾਰ ਤੋਂ ਵੱਧ ਆਂਗਣਵਾੜੀ ਵਰਕਰਾਂ ਨੂੰ ਲਾਭ ਮਿਲੇਗਾ। ਹਾਲ ਹੀ ’ਚ ਛੇ ਹਜ਼ਾਰ ਆਂਗਣਵਾੜੀ ਵਰਕਰਾਂ ਦੀ ਭਰਤੀ ਵੀ ਕੀਤੀ ਗਈ ਹੈ।
ਸਵਾਲ : ਕਰਮਚਾਰੀ ਆਪਣੇ ਖ਼ਿਲਾਫ਼ ਜਾਰੀ ਦੋਵੇਂ ਪੱਤਰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਬਾਰੇ ਕੀ ਕਹੋਗੇ?
ਜਵਾਬ : ਮੈਂ ਕਰਮਚਾਰੀਆਂ ਨਾਲ ਸਬੰਧਤ ਕੈਬਨਿਟ ਸਬ-ਕਮੇਟੀ ਦੀ ਮੈਂਬਰ ਹਾਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਦੇ ਚੇਅਰਮੈਨ ਹਨ। ਸਬ-ਕਮੇਟੀ ਜਲਦ ਕੋਸ਼ਿਸ਼ ਕਰੇਗੀ ਕਿ ਕਰਮਚਾਰੀਆਂ ਨਾਲ ਸਬੰਧਤ ਸਾਰੇ ਮੁੱਦਿਆਂ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾਈ ਜਾਵੇ। ਮੇਰਾ ਸਪੱਸ਼ਟ ਮੰਨਣਾ ਹੈ ਕਿ ਕਿਸੇ ਵੀ ਸਮੱਸਿਆ ਦਾ ਹੱਲ ਸਾਰੇ ਪੱਖਾਂ ਦੇ ਇਕੱਠੇ ਬੈਠ ਕੇ ਗੱਲਬਾਤ ਕਰਨ ਨਾਲ ਹੀ ਸੰਭਵ ਹੈ।
ਮੰਤਰੀ ਨੇ ਕਿਹਾ— ਕਰਮਚਾਰੀਆਂ ਦੀ ਮੁੱਖ ਮੰਤਰੀ ਨਾਲ ਜਲਦ ਕਰਵਾਵਾਂਗੇ ਮੀਟਿੰਗ, ਪੂਰੀ ਗੱਲ ਸੁਣੀ ਜਾਵੇਗੀ
ਹਮੇਸ਼ਾ ਕਰਮਚਾਰੀਆਂ ਦੇ ਹਿੱਤ ’ਚ ਕੰਮ ਕੀਤਾ, ਅੱਗੇ ਵੀ ਮੰਗਾਂ ’ਤੇ ਰਹੇਗਾ ਸਕਾਰਾਤਮਕ ਰੁਖ
2020 ਤੋਂ ਬਾਅਦ ਭਰਤੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ 42 ਤੋਂ ਵਧਾ ਕੇ 60 ਫ਼ੀਸਦੀ ਕੀਤਾ
ਪਿਛਲੇ ਚਾਰ ਸਾਲਾਂ ’ਚ ਮਾਨ ਸਰਕਾਰ ਨੇ 70 ਹਜ਼ਾਰ ਤੋਂ ਵੱਧ ਨਵੀਆਂ ਨਿਯੁਕਤੀਆਂ ਕੀਤੀਆਂ
33 ਹਜ਼ਾਰ ਆਂਗਣਵਾੜੀ ਵਰਕਰਾਂ ਨੂੰ ਬੀਮਾ ਪਾਲਿਸੀ ਦੇ ਦਾਇਰੇ ’ਚ ਲਿਆਉਣ ਦੀ ਯੋਜਨਾ