ਪੰਥਕ ਏਕਤਾ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦਾ ਵੱਡਾ ਕਦਮ: 8 ਮੈਂਬਰੀ ਤਾਲਮੇਲ ਕਮੇਟੀ ਦਾ ਕੀਤਾ ਗਠਨ
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਸਾਂਝੀ ਕੀਤੀ ਕਿ ਪੰਥਕ ਏਕਤਾ ਅਤੇ ਹੋਰਨਾਂ ਰਾਜਸੀ ਪਾਰਟੀਆਂ ਨਾਲ ਗਠਜੋੜ ਕਰਨ ਲਈ ਇਕ ਅੱਠ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਦੀ ਰੌਸ਼ਨੀ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਪੰਥਕ ਪਾਰਟੀਆਂ ਨੂੰ ਇਕੱਠਾ ਕਰਕੇ ਜੋ ਇਕ ਨਿਸ਼ਾਨ ਸਾਹਿਬ ਹੇਠ ਲਿਆਉਣ ਦਾ ਸੱਦਾ ਦਿੱਤਾ ਗਿਆ ਸੀ, ਉਸਦੇ ਤਹਿਤ ਪਿਛਲੇ ਦਿਨੀਂ ਜਲੰਧਰ ਵਿੱਚ ਚਾਰ ਜਥੇਬੰਦੀਆਂ ਨੇ ਇਕਜੁੱਟਤਾ ਕੀਤੀ ਸੀ।
Publish Date: Fri, 19 Jun 2026 06:20 PM (IST)
Updated Date: Fri, 19 Jun 2026 06:24 PM (IST)
ਪੰਜਾਬੀ ਜਾਗਰਣ, ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਸਾਂਝੀ ਕੀਤੀ ਕਿ ਪੰਥਕ ਏਕਤਾ ਅਤੇ ਹੋਰਨਾਂ ਰਾਜਸੀ ਪਾਰਟੀਆਂ ਨਾਲ ਗਠਜੋੜ ਕਰਨ ਲਈ ਇਕ ਅੱਠ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਦੀ ਰੌਸ਼ਨੀ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਪੰਥਕ ਪਾਰਟੀਆਂ ਨੂੰ ਇਕੱਠਾ ਕਰਕੇ ਜੋ ਇਕ ਨਿਸ਼ਾਨ ਸਾਹਿਬ ਹੇਠ ਲਿਆਉਣ ਦਾ ਸੱਦਾ ਦਿੱਤਾ ਗਿਆ ਸੀ, ਉਸਦੇ ਤਹਿਤ ਪਿਛਲੇ ਦਿਨੀਂ ਜਲੰਧਰ ਵਿੱਚ ਚਾਰ ਜਥੇਬੰਦੀਆਂ ਨੇ ਇਕਜੁੱਟਤਾ ਕੀਤੀ ਸੀ।
ਇਨ੍ਹਾਂ ਚਾਰ ਜਥੇਬੰਦੀਆਂ ’ਚ ਸਾਡੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ, ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਹੁਰਾਂ ਦੀ ਅਗਵਾਈ ਵਾਲਾ ਇੰਟਰਨੈਸ਼ਨਲ ਪੰਥਕ ਦਲ, ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਾਲਾ ਯੁਨਾਈਟਡ ਅਕਾਲੀ ਦਲ ਅਤੇ ਗੁਰਿੰਦਰ ਸਿੰਘ ਬਾਜਵਾ ਦੀ ਬੇਗਮਪੁਰਾ ਖਾਲਸਾ ਰਾਜ ਪਾਰਟੀ ਸ਼ਾਮਲ ਸੀ।
ਬਾਕੀ ਪਾਰਟੀਆਂ ਨਾਲ ਏਕਤਾ ਕਰਨ ਲਈ ਇਨ੍ਹਾਂ ਚੌਹਾਂ ਜਥੇਬੰਦੀਆਂ ਦੇ ਨੁਮਾਇੰਦਿਆ ਨੂੰ ਲੈ ਕੇ ਇਕ ਅੱਠ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਇਸ ਕਮੇਟੀ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਬੂਟਾ ਸਿੰਘ ਰਣਸੀਂਹ, ਗੁਰਿੰਦਰ ਸਿੰਘ ਬਾਜਵਾ, ਜਤਿੰਦਰ ਸਿੰਘ ਈਸੜੂ, ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਮੋਹਕਮ ਸਿੰਘ ਅਤੇ ਪਰਮਪਾਲ ਸਿੰਘ ਸਭਰਾਅ ਸ਼ਾਮਲ ਹਨ।
ਜਲਦ ਹੀ ਇਹ ਕਮੇਟੀ ਕਿਸਾਨ ਯੂਨੀਅਨਾਂ, ਹੋਰਨਾਂ ਰਾਜਸੀ ਪਾਰਟੀਆਂ ਅਤੇ ਪੰਥਕ ਜਥੇਬੰਦੀਆਂ ਨਾਲ ਰਾਬਤਾ ਕਰਕੇ ਸਾਂਝੇ ਪੰਜਾਬ ਏਜੰਡੇ ਤਹਿਤ ਸਾਂਝਾ ਪਲੇਟਫਾਰਮ ਉਸਾਰਨ ਬਾਰੇ ਗੱਲਬਾਤ ਕਰੇਗੀ।
ਇਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਕੁੱਝ ਨਵੇਂ ਆਬਜ਼ਰਵਰ ਲਾਉਣ ਦਾ ਐਲਾਨ ਵੀ ਕੀਤਾ ਜਿੰਨਾ ’ਚ ਜ਼ਿਲ੍ਹਾ ਬਰਨਾਲਾ-ਮਾਨਸਾ ਤੋਂ ਗੋਬਿੰਦ ਸਿੰਘ ਲੌਂਗੋਵਾਲ, ਹਰਵਿੰਦਰ ਸਿੰਘ ਗਗੜਪੁਰ, ਜ਼ਿਲ੍ਹਾ ਮੁਕਤਸਰ-ਫਾਜ਼ਿਲਕਾ ਤੋਂ ਹਰਦੇਵ ਸਿੰਘ ਹਾਮਿਦ, ਜ਼ਿਲ੍ਹਾ ਫਿਰੋਜ਼ਪੁਰ-ਫਰੀਦਕੋਟ ਤੋਂ ਗੁਰਭੇਜ ਸਿੰਘ ਸਿੱਧੂ ਅਤੇ ਜੱਥੇਦਾਰ ਚਰਨ ਸਿੰਘ ਨੂੰ ਆਬਜ਼ਰਵਰ ਲਗਾਇਆ ਗਿਆ। ਪ੍ਰੈਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।