- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਕਟਰ-11 ਸਥਿਤ ਸ਼੍ਰੀ ਕੁਮਾਰ ਕੈਮਿਸਟ ਸ਼ਾਪ ਦੇ ਕੈਸ਼ੀਅਰ ਜਨਕੀ ਦਾਸ ਦੀ ਦਿਨ ਦਿਹਾੜੇ 13 ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਵਾਰਦਾਤ ਦੇ ਛੇ ਦਿਨ ਬਾਅਦ ਪੁਲਿਸ ਨੇ ਜੰਮੂ-ਕਸ਼ਮੀਰ ਪੁਲਿਸ ਦੀ ਮਦਦ ਨਾਲ ਜੰਮੂ ਤੋਂ ਤਿੰਨੋਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-11 ਸਥਿਤ ਸ਼੍ਰੀ ਕੁਮਾਰ ਕੈਮਿਸਟ ਸ਼ਾਪ ਦੇ ਕੈਸ਼ੀਅਰ ਜਨਕੀ ਦਾਸ ਦੀ ਦਿਨ ਦਿਹਾੜੇ 13 ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਵਾਰਦਾਤ ਦੇ ਛੇ ਦਿਨ ਬਾਅਦ ਪੁਲਿਸ ਨੇ ਜੰਮੂ-ਕਸ਼ਮੀਰ ਪੁਲਿਸ ਦੀ ਮਦਦ ਨਾਲ ਜੰਮੂ ਤੋਂ ਤਿੰਨੋਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਨੀ ਮਹਿਰਾ, ਆਰਯਨ ਅਤੇ ਅਮਨ ਵਜੋਂ ਹੋਈ ਹੈ। ਪੁਲਿਸ ਜਾਂਚ ਮੁਤਾਬਕ ਅਮਨ ਇਸ ਕਤਲਕਾਂਡ ਦਾ ਮੁੱਖ ਸ਼ੂਟਰ ਹੈ, ਜਿਸ ਨੇ ਮੈਡੀਕਲ ਸਟੋਰ ਵਿਚ ਦਾਖ਼ਲ ਹੋ ਕੇ ਜਨਕੀ ਦਾਸ ’ਤੇ ਤਾਬੜਤੋੜ ਗੋਲੀਆਂ ਚਲਾਈਆਂ ਸਨ। ਜੰਮੂ ਵਿਚ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਮੁਲਜ਼ਮਾਂ ਨੂੰ ਟ੍ਰਾਂਜ਼ਿਟ ਰਿਮਾਂਡ ’ਤੇ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਈ ਹੈ।
ਤਕਨੀਕੀ ਅਤੇ ਮਨੁੱਖੀ ਸੂਚਨਾਵਾਂ ਦੇ ਆਧਾਰ ’ਤੇ ਹੋਈ ਗ੍ਰਿਫ਼ਤਾਰੀ
ਹੱਤਿਆ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ, ਡਿਸਟ੍ਰਿਕਟ ਕ੍ਰਾਈਮ ਸੈੱਲ ਅਤੇ ਸੈਕਟਰ-11 ਥਾਣਾ ਪੁਲਿਸ ਲਗਾਤਾਰ ਮੁਲਜ਼ਮਾਂ ਦੀ ਭਾਲ ਵਿਚ ਜੁਟੀ ਹੋਈ ਸੀ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਮੁਲਜ਼ਮ ਟ੍ਰਾਈਸਿਟੀ ਖੇਤਰ, ਖ਼ਾਸ ਕਰਕੇ ਖਰੜ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਆਉਂਦੇ-ਜਾਂਦੇ ਰਹੇ ਹਨ।
ਤਕਨੀਕੀ ਸਬੂਤਾਂ ਅਤੇ ਮਨੁੱਖੀ ਸੂਚਨਾਵਾਂ ਦੇ ਆਧਾਰ ’ਤੇ ਪੁਲਿਸ ਉਨ੍ਹਾਂ ਦੀ ਲੋਕੇਸ਼ਨ ਤੱਕ ਪਹੁੰਚੀ ਅਤੇ ਜੰਮੂ ਵਿਚ ਛਾਪੇਮਾਰੀ ਕਰਕੇ ਤਿੰਨੋਂ ਨੂੰ ਕਾਬੂ ਕਰ ਲਿਆ। ਪੁਲਿਸ ਟੀਮ ਪਿਛਲੇ ਕਈ ਦਿਨਾਂ ਤੋਂ ਜੰਮੂ ਵਿਚ ਡੇਰਾ ਲਗਾ ਕੇ ਸਥਾਨਕ ਪੁਲਿਸ ਨਾਲ ਮਿਲ ਕੇ ਮੁਲਜ਼ਮਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੀ ਸੀ।
ਮੁਲਜ਼ਮ ਪਹਿਲਾਂ ਵੀ ਰਹਿ ਚੁੱਕੇ ਹਨ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਹਿਲੀ ਵਾਰ ਕਿਸੇ ਅਪਰਾਧਿਕ ਵਾਰਦਾਤ ਵਿਚ ਸ਼ਾਮਲ ਨਹੀਂ ਹੋਏ। ਉਹ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਰਹੇ ਹਨ। ਮੁੱਖ ਸ਼ੂਟਰ ਅਮਨ ਵੱਲੋਂ ਜੰਮੂ ਦੇ ਇੱਕ ਪੁਲਿਸ ਅਧਿਕਾਰੀ ਦੇ ਜਾਣਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸੈਕਟਰ-11 ਕਤਲਕਾਂਡ ਤੋਂ ਬਾਅਦ ਵੀ ਉਸ ਨੇ ਇੱਕ ਪੁਲਿਸ ਅਧਿਕਾਰੀ ਦੇ ਰਿਸ਼ਤੇਦਾਰ ਨੂੰ ਧਮਕਾਇਆ ਸੀ।
ਪੁਲਿਸ ਹੁਣ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਕਤਲ ਦੇ ਕਾਰਨਾਂ, ਹਥਿਆਰਾਂ ਦੀ ਸਪਲਾਈ, ਸਾਜ਼ਿਸ਼ ਵਿਚ ਸ਼ਾਮਲ ਹੋਰ ਵਿਅਕਤੀਆਂ ਅਤੇ ਸੰਭਾਵਿਤ ਗੈਂਗ ਕਨੈਕਸ਼ਨ ਬਾਰੇ ਪੁੱਛਗਿੱਛ ਕਰੇਗੀ।
ਕਤਲਕਾਂਡ ਤੋਂ ਬਾਅਦ ਪੁਲਿਸ ਵਿਭਾਗ ਵਿਚ ਸਖ਼ਤੀ, ਪੰਜ ਪੁਲਿਸ ਮੁਲਾਜ਼ਮ ਮੁਅੱਤਲ
ਸੈਕਟਰ-11 ਕਤਲਕਾਂਡ ਤੋਂ ਬਾਅਦ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਕਾਨੂੰਨ-ਵਿਵਸਥਾ ਪ੍ਰਬੰਧਾਂ ਨੂੰ ਲੈ ਕੇ ਸਖ਼ਤ ਰਵੱਈਆ ਅਪਣਾਇਆ ਹੈ। ਲਾਅ ਐਂਡ ਆਰਡਰ ਨਾਕਿਆਂ ਦੀ ਅਚਾਨਕ ਜਾਂਚ ਦੌਰਾਨ ਡਿਊਟੀ ਵਿਚ ਲਾਪਰਵਾਹੀ ਅਤੇ ਕੰਮਕਾਜ ਵਿਚ ਕਮੀਆਂ ਮਿਲਣ ’ਤੇ ਐੱਸਐੱਸਪੀ ਸੁਮੇਰ ਪ੍ਰਤਾਪ ਸਿੰਘ ਨੇ ਪੰਜ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਹ ਪੁਲਿਸ ਮੁਲਾਜ਼ਮ ਕੀਤੇ ਗਏ ਮੁਅੱਤਲ
ਸੈਕਟਰ-11 ਥਾਣੇ ਦੇ ਐੱਸਆਈ ਬਚਿੱਤਰ ਸਿੰਘ
ਲੇਡੀ ਕਾਂਸਟੇਬਲ ਸੁਮਨ
ਲੇਕ ਪੁਲਿਸ ਪੋਸਟ ਦੇ ਸੀਨੀਅਰ ਕਾਂਸਟੇਬਲ ਰਾਬਿਨ
ਸੈਕਟਰ-3 ਥਾਣੇ ਦੀ ਲੇਡੀ ਕਾਂਸਟੇਬਲ ਦੀਕਸ਼ਾ
ਆਈਟੀ ਪਾਰਕ ਥਾਣੇ ਦੀ ਸੀਨੀਅਰ ਲੇਡੀ ਕਾਂਸਟੇਬਲ ਜਸਪਾਲ ਕੌਰ
ਪੁਲਿਸ ਅਧਿਕਾਰੀਆਂ ਮੁਤਾਬਕ ਐੱਸਆਈ ਬਚਿੱਤਰ ਸਿੰਘ ਉਸ ਦਿਨ ਨਾਕਾ ਡਿਊਟੀ ’ਤੇ ਤੈਨਾਤ ਸਨ, ਜਿਸ ਦਿਨ ਸੈਕਟਰ-11 ਵਿਚ ਇਹ ਸੰਸਨੀਖੇਜ਼ ਹੱਤਿਆਕਾਂਡ ਵਾਪਰਿਆ ਸੀ। ਵਿਭਾਗ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਮੁਅੱਤਲ ਦੀ ਮਿਆਦ ਦੌਰਾਨ ਸਾਰੇ ਮੁਲਾਜ਼ਮਾਂ ਦਾ ਮੁੱਖ ਦਫ਼ਤਰ ਸੈਕਟਰ-26 ਪੁਲਿਸ ਲਾਈਨਜ਼ ਰਹੇਗਾ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਵੀ ਜਾਰੀ ਰਹੇਗੀ।