- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਅਤੇ ਮਾਪਿਆਂ ਵਿਚਾਲੇ ਸੰਵਾਦ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਗਲਤੀਆਂ ਵਿੱਚ ਸੁਧਾਰ ਲਈ ਸਕੂਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐੱਸਐੱਮਆਈਐੱਸ) ਲਾਂਚ ਕੀਤਾ ਹੈ।

ਸੁਮੇਸ਼ ਠਾਕੁਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਬੰਕ ਲਗਾਉਣਾ ਹੁਣ ਨਹੀਂ ਚੱਲੇਗਾ। ਵਿਦਿਆਰਥੀ ਘਰੋਂ ਸਕੂਲ ਲਈ ਆਇਆ, ਪਰ ਹਾਜ਼ਰੀ ਲੱਗਣ ਤੱਕ ਸਕੂਲ ਨਹੀਂ ਪਹੁੰਚਿਆ ਤਾਂ ਕੁਝ ਹੀ ਸੈਂਕਿੰਡਾਂ ਵਿੱਚ ਇਸ ਦੀ ਜਾਣਕਾਰੀ ਮਾਪਿਆਂ ਤੱਕ ਮੈਸੇਜ ਰਾਹੀਂ ਪਹੁੰਚ ਜਾਵੇਗੀ। ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਅਤੇ ਮਾਪਿਆਂ ਵਿਚਾਲੇ ਸੰਵਾਦ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਗਲਤੀਆਂ ਵਿੱਚ ਸੁਧਾਰ ਲਈ ਸਕੂਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐੱਸਐੱਮਆਈਐੱਸ) ਲਾਂਚ ਕੀਤਾ ਹੈ।
ਐੱਸਐੱਮਆਈਐੱਸ ਨੂੰ ਵਿਦਿਆਰਥੀਆਂ ਦੀ ਹਾਜ਼ਰੀ ਨਾਲ ਜੋੜਿਆ ਗਿਆ ਹੈ। ਸਵੇਰੇ ਪਹਿਲੀ ਹਾਜ਼ਰੀ ਲੱਗਦੇ ਹੀ ਜੇਕਰ ਕੋਈ ਵਿਦਿਆਰਥੀ ਗ਼ੈਰ-ਹਾਜ਼ਰ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਮਾਪਿਆਂ ਦੇ ਮੋਬਾਈਲ ਨੰਬਰ ’ਤੇ ਟੈਕਸਟ ਮੈਸੇਜ ਰਾਹੀਂ ਭੇਜ ਦਿੱਤੀ ਜਾਂਦੀ ਹੈ। ਜੇਕਰ ਵਿਦਿਆਰਥੀ ਸਕੂਲ ਵਿੱਚ ਗੈਰਹਾਜ਼ਰ ਰਹਿੰਦਾ ਹੈ ਤਾਂ ਸਕੂਲ ਲੱਗਣ ਤੋਂ ਇੱਕ ਘੰਟੇ ਦੇ ਅੰਦਰ ਉਸ ਦੇ ਮਾਪਿਆਂ ਤੱਕ ਜਾਣਕਾਰੀ ਪਹੁੰਚ ਜਾਂਦੀ ਹੈ। ਇਸ ਨਾਲ ਵਿਦਿਆਰਥੀ ਨੂੰ ਟ੍ਰੈਕ ਕਰਨਾ ਆਸਾਨ ਹੋ ਜਾਂਦਾ ਹੈ।
ਮਸਤੀ ਲਈ ਪਾਰਕ ਜਾਂ ਮਾਰਕੀਟ ਵਿੱਚ ਘੁੰਮਦੇ ਹਨ ਵਿਦਿਆਰਥੀ, ਸਕੂਲ ਤੋਂ ਕਰ ਜਾਂਦੇ ਹਨ ਬੰਕ
ਵਿਦਿਆਰਥੀ ਘਰੋਂ ਸਕੂਲ ਲਈ ਆਉਂਦੇ ਹਨ, ਪਰ ਸਕੂਲ ਕੈਂਪਸ ਜਾਂ ਕਲਾਸ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕਿਸੇ ਪਾਰਕ ਜਾਂ ਮਾਰਕੀਟ ਵਿੱਚ ਬੈਠ ਕੇ ਮਸਤੀ ਕਰਦੇ ਹੋਏ ਮਿਲ ਜਾਂਦੇ ਹਨ। ਸਕੂਲ ਸਮੇਂ ਦੌਰਾਨ ਪਾਰਕ ਜਾਂ ਕਿਸੇ ਬਾਜ਼ਾਰ ਵਿੱਚ ਬੈਠ ਕੇ ਮਸਤੀ ਕਰਨ ਕਾਰਨ ਕਿਸੇ ਹਾਦਸੇ ਦਾ ਡਰ ਵੀ ਬਣਿਆ ਰਹਿੰਦਾ ਹੈ ਅਤੇ ਮਾਪਿਆਂ ਤੇ ਅਧਿਆਪਕਾਂ ਵਿਚਾਲੇ ਸੰਵਾਦ ਦੀ ਕਮੀ ਵੀ ਰਹਿੰਦੀ ਸੀ। ਹੁਣ ਵਿਦਿਆਰਥੀਆਂ ਲਈ ਸਵੇਰ ਦੀ ਪ੍ਰਾਰਥਨਾ ਸਭਾ ਤੋਂ ਬਾਅਦ ਹਾਜ਼ਰੀ ਸਮੇਂ ਕਲਾਸ ਵਿੱਚ ਮੌਜੂਦ ਰਹਿਣਾ ਲਾਜ਼ਮੀ ਹੈ। ਜੇਕਰ ਵਿਦਿਆਰਥੀ ਨੇ ਸਕੂਲ ਸਮੇਂ ਦੌਰਾਨ ਬਾਹਰ ਜਾਣਾ ਹੈ ਤਾਂ ਮਾਪਿਆਂ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਇਸ ਤੋਂ ਬਿਨਾਂ ਉਹ ਆਪਣੀ ਮਰਜ਼ੀ ਨਾਲ ਸਕੂਲ ਦਾ ਗੇਟ ਪਾਰ ਨਹੀਂ ਕਰ ਸਕੇਗਾ।
111 ਸਰਕਾਰੀ ਸਕੂਲਾਂ ਦੇ 1.70 ਲੱਖ ਵਿਦਿਆਰਥੀਆਂ ’ਤੇ ਲਾਗੂ ਹੋਈ ਵਿਵਸਥਾ
ਐੱਸਐੱਮਆਈਐੱਸ ਦੀ ਵਿਵਸਥਾ ਨਾਲ ਸ਼ਹਿਰ ਦੇ 111 ਸਰਕਾਰੀ ਸਕੂਲਾਂ ਦੇ ਕਰੀਬ 1.70 ਲੱਖ ਵਿਦਿਆਰਥੀ ਜੁੜੇ ਹੋਏ ਹਨ। ਵਿਦਿਆਰਥੀ ਦੇ ਦਾਖ਼ਲੇ ਸਮੇਂ ਸਕੂਲ ਰਿਕਾਰਡ ਵਿੱਚ ਦਰਜ ਕੀਤੇ ਗਏ ਮੋਬਾਈਲ ਨੰਬਰ ’ਤੇ ਹਾਜ਼ਰੀ ਸਮੇਂ ਟੈਕਸਟ ਮੈਸੇਜ ਰਾਹੀਂ ਮਾਪਿਆਂ ਨੂੰ ਜਾਣਕਾਰੀ ਮਿਲ ਜਾਂਦੀ ਹੈ। ਇਸ ਨਾਲ ਪਤਾ ਲੱਗ ਜਾਂਦਾ ਹੈ ਕਿ ਵਿਦਿਆਰਥੀ ਸਕੂਲ ਪਹੁੰਚਿਆ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਵਿਵਸਥਾ ਜ਼ਿਆਦਾਤਰ ਨਿੱਜੀ ਸਕੂਲਾਂ ਵਿੱਚ ਹੁੰਦੀ ਸੀ, ਪਰ ਵਿਭਾਗ ਨੇ ਹੁਣ ਇਸ ਨੂੰ ਸਰਕਾਰੀ ਸਕੂਲਾਂ ਵਿੱਚ ਵੀ ਸ਼ੁਰੂ ਕਰ ਦਿੱਤਾ ਹੈ।
ਵਿਦਿਆਰਥੀਆਂ ’ਤੇ ਬਿਹਤਰ ਕੰਟਰੋਲ ਦੇ ਨਾਲ ਮਾਪਿਆਂ ਅਤੇ ਅਧਿਆਪਕਾਂ ਵਿਚਾਲੇ ਸੰਵਾਦ ਵਿੱਚ ਜੋ ਕਮੀ ਸੀ, ਉਸ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ। ਵਿਦਿਆਰਥੀ ਦੇ ਗੈਰ-ਹਾਜ਼ਰ ਰਹਿਣ ’ਤੇ ਮਾਪਿਆਂ ਨੂੰ ਤੁਰੰਤ ਸੂਚਨਾ ਮਿਲਦੀ ਹੈ। ਇਸ ਨਾਲ ਵਿਦਿਆਰਥੀ ਦੀ ਕਮੀ ਨੂੰ ਸਮਝ ਕੇ ਉਸ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।
- ਨਿਤਿਸ਼ ਸਿੰਗਲਾ, ਡਾਇਰੈਕਟਰ, ਸਕੂਲ ਸਿੱਖਿਆ ਵਿਭਾਗ।