ਨਗਰ ਕੌਂਸਲ ’ਚ ਆਊਟਸੋਰਸ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੁਕੀਆਂ, ਅਦਾਲਤੀ ਮਾਮਲੇ ਕਾਰਨ ਠੇਕੇਦਾਰਾਂ ਦੀ ਅਦਾਇਗੀ ਲਟਕੀ
ਨਗਰ ਕੌਂਸਲ ਜ਼ੀਰਕਪੁਰ ਵਿਖੇ ਕੰਮ ਕਰਨ ਵਾਲੇ ਆਊਟਸੋਰਸ ਮੁਲਾਜ਼ਮਾਂ ਨੂੰ ਸਮੇਂ ਸਿਰ ਮਹੀਨਾਵਾਰ ਤਨਖ਼ਾਹ ਨਾ ਮਿਲਣ ਕਾਰਨ ਉਨ੍ਹਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨਿਕ ਦੇਰੀ ਅਤੇ ਤਕਨੀਕੀ ਉਲਝਣਾਂ ਕਾਰਨ ਸੈਂਕੜੇ ਮੁਲਾਜ਼ਮਾਂ ਦੇ ਘਰਾਂ ਦਾ ਗੁਜ਼ਾਰਾ ਚਲਾਉਣਾ ਦੁੱਭਰ ਹੋ ਗਿਆ ਹੈ।
Publish Date: Sat, 11 Jul 2026 12:47 PM (IST)
Updated Date: Sat, 11 Jul 2026 12:50 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ। ਨਗਰ ਕੌਂਸਲ ਜ਼ੀਰਕਪੁਰ ਵਿਖੇ ਕੰਮ ਕਰਨ ਵਾਲੇ ਆਊਟਸੋਰਸ ਮੁਲਾਜ਼ਮਾਂ ਨੂੰ ਸਮੇਂ ਸਿਰ ਮਹੀਨਾਵਾਰ ਤਨਖ਼ਾਹ ਨਾ ਮਿਲਣ ਕਾਰਨ ਉਨ੍ਹਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨਿਕ ਦੇਰੀ ਅਤੇ ਤਕਨੀਕੀ ਉਲਝਣਾਂ ਕਾਰਨ ਸੈਂਕੜੇ ਮੁਲਾਜ਼ਮਾਂ ਦੇ ਘਰਾਂ ਦਾ ਗੁਜ਼ਾਰਾ ਚਲਾਉਣਾ ਦੁੱਭਰ ਹੋ ਗਿਆ ਹੈ।
ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੂਰੀ ਰੋਜ਼ੀ-ਰੋਟੀ ਇਸੇ ਮਹੀਨਾਵਾਰ ਆਮਦਨ ’ਤੇ ਨਿਰਭਰ ਹੈ ਪਰ ਮੌਜੂਦਾ ਸਮੇਂ ਤਨਖ਼ਾਹਾਂ ’ਚ ਹੋ ਰਹੀ ਲਗਾਤਾਰ ਦੇਰੀ ਨੇ ਉਨ੍ਹਾਂ ਨੂੰ ਆਰਥਿਕ ਸੰਕਟ ’ਚ ਧੱਕ ਦਿੱਤਾ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਨੇ ਦੱਸਿਆ ਕਿ ਤਨਖ਼ਾਹ ਨਾ ਮਿਲਣ ਕਾਰਨ ਉਹ ਬੱਚਿਆਂ ਦੀਆਂ ਸਕੂਲੀ ਫੀਸਾਂ ਸਮੇਂ ਸਿਰ ਜਮ੍ਹਾਂ ਕਰਵਾਉਣ ਤੋਂ ਅਸਮਰੱਥ ਹਨ। ਇਸ ਦੇ ਨਾਲ ਹੀ ਘਰ ਦਾ ਰਾਸ਼ਨ ਖ਼ਰੀਦਣ ਅਤੇ ਮਕਾਨਾਂ ਦਾ ਕਿਰਾਇਆ ਅਦਾ ਕਰਨ ’ਚ ਵੀ ਵੱਡੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ।
ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਹਰ ਮਹੀਨੇ ਇਕ ਨਿਰਧਾਰਤ ਸਮੇਂ 'ਤੇ ਜਾਰੀ ਕੀਤੀਆਂ ਜਾਣ ਤਾਂ ਜੋ ਭਵਿੱਖ ’ਚ ਉਨ੍ਹਾਂ ਨੂੰ ਅਜਿਹੀ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀ ਨਵੀਂ ਟੀਮ ਦੇ ਗਠਨ ਤੋਂ ਬਾਅਦ ਵੀ ਅਦਾਲਤ ਵਿਚ ਚੱਲ ਰਹੇ ਇਕ ਪੁਰਾਣੇ ਮਾਮਲੇ ਕਾਰਨ ਠੇਕੇਦਾਰਾਂ ਨੂੰ ਸਮੇਂ ਸਿਰ ਭੁਗਤਾਨ ਨਹੀਂ ਹੋ ਸਕਿਆ। ਇਸੇ ਕਾਨੂੰਨੀ ਉਲਝਣ ਕਾਰਨ ਆਊਟਸੋਰਸ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਵਿਚਕਾਰ ਹੀ ਲਟਕ ਗਈਆਂ ਹਨ।
ਕੌਂਸਲ ਦੇ ਇਸ ਅੰਦਰੂਨੀ ਮਸਲੇ ਦਾ ਸਿੱਧਾ ਖ਼ਮਿਆਜ਼ਾ ਇੱਥੇ ਦਿਨ-ਰਾਤ ਡਿਊਟੀ ਦੇਣ ਵਾਲੇ ਸੈਂਕੜੇ ਗਰੀਬ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਮਾਸੂਮ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ।
''ਨਗਰ ਕੌਂਸਲ ਵਿਚ ਇਸ ਵੇਲੇ ਤਿੰਨ-ਚਾਰ ਵੱਖ-ਵੱਖ ਏਜੰਸੀਆਂ ਰਾਹੀਂ ਆਊਟਸੋਰਸ ਮੁਲਾਜ਼ਮ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸਾਡੀ ਏਜੰਸੀ ਅਧੀਨ ਕਰੀਬ 50 ਮੁਲਾਜ਼ਮ ਕੰਮ ਕਰਦੇ ਹਨ, ਜਿਨ੍ਹਾਂ ਦੀ ਤਨਖ਼ਾਹ ਹਾਲੇ ਤੱਕ ਜਾਰੀ ਨਹੀਂ ਹੋ ਸਕੀ ਸੀ ਪਰ ਹੁਣ ਉਮੀਦ ਹੈ ਕਿ ਅੱਜ ਨਗਰ ਕੌਂਸਲ ਵੱਲੋਂ ਸਾਨੂੰ ਚੈੱਕ ਮਿਲ ਜਾਵੇਗਾ। ਇਹ ਭੁਗਤਾਨ ਪ੍ਰਾਪਤ ਹੁੰਦੇ ਹੀ ਸੋਮਵਾਰ ਨੂੰ ਸਾਰੇ ਮੁਲਾਜ਼ਮਾਂ ਦੀ ਰੁਕੀ ਹੋਈ ਤਨਖ਼ਾਹ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਸਿੱਧੀ ਜਮ੍ਹਾਂ ਕਰਵਾ ਦਿੱਤੀ ਜਾਵੇਗੀ।''
ਅੰਕੁਰ, ਮੈਨਪਾਵਰ ਮੁਹੱਈਆ ਕਰਵਾਉਣ ਵਾਲਾ ਠੇਕੇਦਾਰ, ਨਗਰ ਕੌਂਸਲ ਜ਼ੀਰਕਪੁਰ।