- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਨੂੰ ਨਸ਼ਾ ਮੁਕਤ ਕਰਨ ਲਈ ਵਸਨੀਕ ਅੱਗੇ ਆਉਣ : ਜਥੇਦਾਰ ਗੜਗੱਜ

- ਪੱਤਰਕਾਰ ਦੇ ਪਿਤਾ ਤਰਲੋਚਨ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ
- ਕਿਹਾ, ਨਵੇਂ ਕਾਨੂੰਨ ਨਾਲ ਆਮ ਸ਼ਰਧਾਲੂਆਂ ਦੇ ਮਨਾਂ ’ਚ ਇਕ ਅਣਜਾਣਿਆ ਡਰ ਪੈਦਾ ਹੋ ਗਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਹਾਲੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮਾਜ ਨੂੰ ਨਸ਼ਾਮੁਕਤ ਕਰਨ ਦਾ ਹੋਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ’ਤੇ ਵਸੇ ਇਸ ਪਵਿੱਤਰ ਸ਼ਹਿਰ ਮੁਹਾਲੀ ਨੂੰ ਨਸ਼ਾਮੁਕਤ ਬਣਾਉਣ ਲਈ ਸ਼ਹਿਰ ਦੇ ਸਮੁੱਚੇ ਵਸਨੀਕਾਂ ਨੂੰ ਤਕੜੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਇੱਥੋਂ ਦੇ ਗੁਰਦੁਆਰਾ ਸਾਚਾ ਧਨੁ ਸਾਹਿਬ ਵਿਖੇ ਪੱਤਰਕਾਰ ਮੇਜਰ ਸਿੰਘ ਪੰਜਾਬੀ ਦੇ ਪਿਤਾ ਤਰਲੋਚਨ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਸਵਰਗੀ ਤਰਲੋਚਨ ਸਿੰਘ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਮੌਕੇ ਮੇਜਰ ਸਿੰਘ ਪੰਜਾਬੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਗਲੀ ਜ਼ਿੰਮੇਵਾਰੀ ਸੌਂਪਦਿਆਂ ਰਸਮੀ ਤੌਰ ’ਤੇ ਦਸਤਾਰ ਭੇਟ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਬੇਅਦਬੀਆਂ ਖ਼ਿਲਾਫ਼ ਬਣੇ ਨਵੇਂ ਕਾਨੂੰਨ ਬਾਰੇ ਗੱਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਇਸ ਨਵੇਂ ਕਾਨੂੰਨ ਦੇ ਆਉਣ ਨਾਲ ਗ੍ਰੰਥੀ ਸਿੰਘਾਂ ਅਤੇ ਆਪਣੇ ਘਰਾਂ ਵਿਚ ਪੋਥੀਆਂ ਜਾਂ ਗੁਟਕਾ ਸਾਹਿਬ ਰੱਖਣ ਵਾਲੇ ਆਮ ਸ਼ਰਧਾਲੂਆਂ ਦੇ ਮਨਾਂ ਵਿਚ ਇਕ ਅਣਜਾਣਿਆ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਡਰ ਅਤੇ ਤੌਖਲੇ ਤੁਰੰਤ ਦੂਰ ਕਰਨੇ ਚਾਹੀਦੇ ਹਨ ਤਾਂ ਜੋ ਸਤਿਕਾਰ ਵੀ ਬਣਿਆ ਰਹੇ ਅਤੇ ਕਿਸੇ ਦੇ ਮਨ ’ਚ ਭੈਅ ਨਾ ਹੋਵੇ।
ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਦੌਰਾਨ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੋਹਣ ਸਿੰਘ ਦੇਹਰਾਦੂਨ ਵਾਲਿਆਂ ਦੇ ਜਥੇ ਵੱਲੋਂ ਵੈਰਾਗਮਈ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਤੋਂ ਬਾਅਦ ਹੈੱਡ ਗ੍ਰੰਥੀ ਗਿਆਨੀ ਬੂਟਾ ਸਿੰਘ ਤਾਰਾਂਵਾਲੀ (ਦੇਹਰਾਦੂਨ) ਨੇ ਕਥਾ ਵਿਚਾਰਾਂ ਰਾਹੀਂ ਅੱਜ ਦੇ ਦੌਰ ਦੇ ਧੀਆਂ-ਪੁੱਤਰਾਂ ਨੂੰ ਆਪਣੇ ਮਾਪਿਆਂ ਦੀ ਜਿਊਂਦੇ ਜੀਅ ਸੇਵਾ ਅਤੇ ਸੰਭਾਲ ਕਰਨ ਦੀ ਅਹਿਮ ਸੇਧ ਦਿੱਤੀ। ਸਮਾਗਮ ਦੌਰਾਨ ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਅਤੇ ਭਾਈ ਸਤਨਾਮ ਸਿੰਘ ਪਾਊਂਟਾ ਸਾਹਿਬ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਮੁੱਚੇ ਰਾਮਗੜ੍ਹੀਆ ਭਾਈਚਾਰੇ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਸਮਾਗਮ ਵਿਚ ਸਿਆਸੀ, ਧਾਰਮਿਕ ਅਤੇ ਸਮਾਜਿਕ ਖੇਤਰ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਅਫ਼ਸੋਸ ਪ੍ਰਗਟਾਉਣ ਪਹੁੰਚੀਆਂ, ਜਿਨ੍ਹਾਂ ਵਿਚ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਮੇਅਰ ਸਰਬਜੀਤ ਸਿੰਘ ਸਮਾਣਾ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ, ਜਥੇਦਾਰ ਸਿਕੰਦਰ ਸਿੰਘ ਕੁੰਬੜਾ, ਚੰਡੀਗੜ੍ਹ ਪੰਜਾਬੀ ਮੰਚ ਤੋਂ ਬਾਪੂ ਸਾਧੂ ਸਿੰਘ, ਸੁਖਜੀਤ ਸਿੰਘ ਸੁੱਖਾ (ਪ੍ਰਧਾਨ), ਦੇਵੀ ਦਿਆਲ ਸ਼ਰਮਾ ਸ਼ਾਮਲ ਸਨ।
ਇਸ ਤੋਂ ਇਲਾਵਾ ਰਾਮਗੜ੍ਹੀਆ ਭਾਈਚਾਰੇ ਤੋਂ ਮਨਜੀਤ ਸਿੰਘ ਮਾਨ, ਪ੍ਰਦੀਪ ਸਿੰਘ ਭਾਰਜ, ਮਨਮੋਹਨ ਸਿੰਘ ਦਾਊਂ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ, ਜੋਗਿੰਦਰ ਸਿੰਘ ਜੋਗੀ, ਕੌਂਸਲਰ ਗੁਰਮੁਖ ਸਿੰਘ ਸੋਹਲ, ਪਰਮਜੀਤ ਸਿੰਘ ਕਾਹਲੋਂ, ਜਸਵੰਤ ਸਿੰਘ ਭੁੱਲਰ, ਸੁਰਿੰਦਰ ਸਿੰਘ ਕਿਸ਼ਨਪੁਰਾ, ਮਨਮੋਹਨ ਸਿੰਘ ਲੰਗ, ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਵਿਵੇਕ ਕ੍ਰਿਸ਼ਨ ਜੋਸ਼ੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ ਸਮੇਤ ਵੱਡੀ ਗਿਣਤੀ ’ਚ ਪੱਤਰਕਾਰ ਭਾਈਚਾਰਾ ਅਤੇ ਸਥਾਨਕ ਲੋਕ ਹਾਜ਼ਰ ਸਨ। ਅਖ਼ੀਰ ਵਿਚ ਪੱਤਰਕਾਰ ਮੇਜਰ ਸਿੰਘ ਪੰਜਾਬੀ ਨੇ ਸਮੂਹ ਪਰਿਵਾਰ ਵੱਲੋਂ ਆਈਆਂ ਸੰਗਤਾਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।