- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲਾ 2015 ਦਾ ਹੈ। ਮਹਿਲਾ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ 19 ਸਤੰਬਰ ਦੀ ਰਾਤ ਚੰਡੀਗੜ੍ਹ ਦੇ ਸੈਕਟਰ-43 ਤੋਂ ਦੋ ਨੌਜਵਾਨ ਉਸ ਨੂੰ ਬਨੂੜ ਦੇ ਇੱਕ ਖਾਲੀ ਮਕਾਨ ਵਿੱਚ ਲੈ ਗਏ। ਉੱਥੇ ਜ਼ਬਰਦਸਤੀ ਸ਼ਰਾਬ ਪਿਲਾ ਕੇ ਉਸ ਨਾਲ ਬਿਨਾਂ ਸਹਿਮਤੀ ਸਰੀਰਕ ਸਬੰਧ ਬਣਾਏ ਗਏ। ਬਾਅਦ ਵਿੱਚ ਤਿੰਨ ਹੋਰ ਵਿਅਕਤੀ ਵੀ ਉੱਥੇ ਪਹੁੰਚੇ।

ਸਟੇਟ ਬਿਊਰੋ, ਜਾਗਰਣ : ਚੰਡੀਗੜ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੁਰਾਚਾਰ ਦੀ ਸ਼ਿਕਾਇਤ ਕਰਨ ਵਾਲੀ ਮੋਹਾਲੀ ਵਾਸੀ ਮਹਿਲਾ ਖ਼ਿਲਾਫ਼ ਦੇਹ ਵਪਾਰ ਨਿਵਾਰਣ ਕਾਨੂੰਨ ਦੀਆਂ ਧਾਰਾ 4 ਤੇ 5 ਤਹਿਤ ਲਾਏ ਦੋਸ਼ ਰੱਦ ਕਰ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਮਹਿਲਾ ਖ਼ਿਲਾਫ਼ ਲਾਏ ਦੋਸ਼ਾਂ ਨੂੰ ਸਹੀ ਮੰਨ ਲਿਆ ਜਾਵੇ ਤਾਂ ਵੀ ਇਨ੍ਹਾਂ ਧਾਰਾਵਾਂ ਤਹਿਤ ਅਪਰਾਧ ਦੇ ਲੋੜੀਂਦੇ ਤੱਤ ਪੂਰੇ ਨਹੀਂ ਹੁੰਦੇ। ਹਾਲਾਂਕਿ ਦੁਰਾਚਾਰ ਦਾ ਮਾਮਲਾ ਦਰਜ ਕਰਵਾਉਣ ਦੇ ਨਾਂ ’ਤੇ ਮੁਲਜ਼ਮ ਧਿਰ ਤੋਂ ਪੈਸੇ ਮੰਗਣ ਦੀ ਸਾਜ਼ਿਸ਼ ਤੇ ਵਸੂਲੀ ਨਾਲ ਜੁੜੇ ਦੋਸ਼ ਮਹਿਲਾ ਅਤੇ ਉਸ ਦੇ ਸਹਿ-ਮੁਲਜ਼ਮ ਖ਼ਿਲਾਫ਼ ਜਾਰੀ ਰਹਿਣਗੇ।
ਜਸਟਿਸ ਮਨੀਸ਼ਾ ਬੱਤਰਾ ਨੇ ਪੁਨਰਵਿਚਾਰ ਪਟੀਸ਼ਨ ’ਤੇ ਇਹ ਫ਼ੈਸਲਾ ਸੁਣਾਇਆ। ਅਦਾਲਤ ਨੇ ਸਪੱਸ਼ਟ ਕੀਤਾ ਕਿ ਕਿਸੇ ਮਹਿਲਾ ਦਾ ਆਪਣੀ ਮਰਜ਼ੀ ਨਾਲ ਕਿਸੇ ਹੋਰ ਮੁਲਜ਼ਮ ਨਾਲ ਜਾਣਾ ਜਾਂ ਪੈਸਿਆਂ ਦੇ ਬਦਲੇ ਸਰੀਰਕ ਸਬੰਧ ਬਣਾਉਣਾ ਮਾਤਰ ਦੇਹ ਵਪਾਰ ਨਿਵਾਰਣ ਕਾਨੂੰਨ ਦੀਆਂ ਧਾਰਾ 4 ਤੇ 5 ਤਹਿਤ ਅਪਰਾਧ ਨਹੀਂ ਬਣਦਾ। ਇਨ੍ਹਾਂ ਧਾਰਾਵਾਂ ਦੇ ਮੂਲ ਤੱਤ ਦੋਸ਼ਾਂ ਤੇ ਜਾਂਚ ਸਮੱਗਰੀ ਤੋਂ ਸਾਬਤ ਹੋਣੇ ਚਾਹੀਦੇ ਹਨ।
ਮਾਮਲਾ 2015 ਦਾ ਹੈ। ਮਹਿਲਾ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ 19 ਸਤੰਬਰ ਦੀ ਰਾਤ ਚੰਡੀਗੜ੍ਹ ਦੇ ਸੈਕਟਰ-43 ਤੋਂ ਦੋ ਨੌਜਵਾਨ ਉਸ ਨੂੰ ਬਨੂੜ ਦੇ ਇੱਕ ਖਾਲੀ ਮਕਾਨ ਵਿੱਚ ਲੈ ਗਏ। ਉੱਥੇ ਜ਼ਬਰਦਸਤੀ ਸ਼ਰਾਬ ਪਿਲਾ ਕੇ ਉਸ ਨਾਲ ਬਿਨਾਂ ਸਹਿਮਤੀ ਸਰੀਰਕ ਸਬੰਧ ਬਣਾਏ ਗਏ। ਬਾਅਦ ਵਿੱਚ ਤਿੰਨ ਹੋਰ ਵਿਅਕਤੀ ਵੀ ਉੱਥੇ ਪਹੁੰਚੇ।
ਸ਼ੁਰੂ ਵਿੱਚ ਪੰਜ ਵਿਅਕਤੀਆਂ ਖ਼ਿਲਾਫ਼ ਸਮੂਹਿਕ ਦੁਰਾਚਾਰ ਤੇ ਬੰਧਕ ਬਣਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ। ਜਾਂਚ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਕਿ ਮਹਿਲਾ ਆਪਣੀ ਮਰਜ਼ੀ ਨਾਲ ਬਨੂੜ ਗਈ ਸੀ ਅਤੇ ਮਾਮਲਾ ਮੁਲਜ਼ਮਾਂ ਦੇ ਪਰਿਵਾਰ ਤੋਂ ਪੈਸੇ ਐਂਠਣ ਲਈ ਦਰਜ ਕਰਵਾਇਆ ਗਿਆ। ਇਸ ਆਧਾਰ ’ਤੇ ਮਹਿਲਾ ਨੂੰ ਵੀ ਮੁਲਜ਼ਮ ਬਣਾ ਦਿੱਤਾ ਗਿਆ।
ਹਾਈ ਕੋਰਟ ਨੇ ਕਿਹਾ ਕਿ ਧਾਰਾ 4 ਲਈ ਕਿਸੇ ਹੋਰ ਮਹਿਲਾ ਦੀ ਦੇਹ ਵਪਾਰ ਤੋਂ ਹੋਣ ਵਾਲੀ ਕਮਾਈ ’ਤੇ ਗੁਜ਼ਾਰਾ ਕਰਨ ਅਤੇ ਧਾਰਾ 5 ਲਈ ਕਿਸੇ ਹੋਰ ਮਹਿਲਾ ਨੂੰ ਦੇਹ ਵਪਾਰ ਲਈ ਲਿਆਉਣ ਜਾਂ ਪ੍ਰੇਰਿਤ ਕਰਨ ਵਾਲੀ ਭੂਮਿਕਾ ਜ਼ਰੂਰੀ ਹੈ। ਮਹਿਲਾ ਖ਼ਿਲਾਫ਼ ਅਜਿਹਾ ਕੋਈ ਦੋਸ਼ ਨਾ ਹੋਣ ਕਾਰਨ ਦੋਵੇਂ ਧਾਰਾਵਾਂ ਹਟਾ ਦਿੱਤੀਆਂ ਗਈਆਂ।