'ਹੈਲੋ ਅੰਕਲ ਅਮਰਿੰਦਰ!' ਰਾਹੁਲ ਗਾਂਧੀ ਦੇ ਇਸ ਇਕ ਸੰਬੋਧਨ ਨਾਲ ਪੰਜਾਬ ਦੀ ਸਿਆਸਤ 'ਚ ਮੁੜ ਛਿੜੀ ਕੈਪਟਨ ਦੀ ਵਾਪਸੀ ਦੀ ਚਰਚਾ
16 ਨਵੰਬਰ ਨੂੰ ਦਿੱਲੀ 'ਚ ਸੋਨੀਆ ਗਾਂਧੀ ਦੀ ਕਿਤਾਬ 'Belonging: A Journey of Love' ਦੇ ਲੋਕ ਅਰਪਣ ਸਮਾਗਮ 'ਚ ਕੈਪਟਨ ਦੀ ਮੌਜੂਦਗੀ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਹਵਾ ਦੇ ਦਿੱਤੀ। ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਮੰਚ ਤੋਂ ਕੈਪਟਨ ਦਾ ਨਾਂ ਲੈਂਦਿਆਂ ਆਪਣੇ ਮਾਤਾ-ਪਿਤਾ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਵਿਚਾਲੇ ਹੋਈ ਪੁਰਾਣੀ ਤਕਰਾਰ ਦਾ ਕਿੱਸਾ ਸੁਣਾਇਆ।
Publish Date: Tue, 17 Nov 2026 04:16 PM (IST)
Updated Date: Tue, 17 Nov 2026 04:19 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਰਾਹੁਲ ਗਾਂਧੀ ਦੇ ਮੂੰਹੋਂ ਨਿਕਲੇ 'ਹੈਲੋ ਅੰਕਲ ਅਮਰਿੰਦਰ' ਸੰਬੋਧਨ ਨੇ ਪੰਜਾਬ ਦੀ ਸਿਆਸਤ 'ਚ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਕਦੇ ਕਾਂਗਰਸ ਦੇ ਸਭ ਤੋਂ ਤਾਕਤਵਰ ਆਗੂਆਂ 'ਚ ਸ਼ੁਮਾਰ ਰਹੇ ਅਤੇ ਹੁਣ ਭਾਜਪਾ 'ਚ ਸ਼ਾਮਲ ਹੋ ਚੁੱਕੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਗਾਂਧੀ ਪਰਿਵਾਰ ਦੀ ਜਨਤਕ ਗਰਮਜੋਸ਼ੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੇਂ ਸਿਆਸੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਪਹਿਲਾਂ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਭਾਜਪਾ 'ਚ ਆਪਣਾ ਪਸੰਦੀਦਾ ਆਗੂ ਦੱਸਿਆ ਅਤੇ ਹੁਣ ਸੋਨੀਆ ਗਾਂਧੀ ਦੀ ਕਿਤਾਬ ਦੇ ਲੋਕ ਅਰਪਣ ਸਮਾਗਮ 'ਚ ਉਨ੍ਹਾਂ ਨਾਲ ਰਾਜੀਵ ਗਾਂਧੀ ਨਾਲ ਜੁੜਿਆ ਪਰਿਵਾਰਕ ਕਿੱਸਾ ਸਾਂਝਾ ਕੀਤਾ। ਹਾਲਾਂਕਿ ਕੈਪਟਨ ਕਾਂਗਰਸ 'ਚ ਵਾਪਸੀ ਦੀ ਸੰਭਾਵਨਾ ਤੋਂ ਸਾਫ਼ ਇਨਕਾਰ ਕਰ ਚੁੱਕੇ ਹਨ, ਪਰ ਪਿਛਲੇ ਛੇ ਮਹੀਨਿਆਂ ਦੌਰਾਨ ਘਟਨਾਵਾਂ ਦੀ ਜਿਸ ਤਰ੍ਹਾਂ ਕੜੀ ਜੁੜੀ ਹੈ, ਉਸ ਨੇ ਪੰਜਾਬ 'ਚ ਸਿਆਸੀ ਅਟਕਲਾਂ ਨੂੰ ਜ਼ਰੂਰ ਤੇਜ਼ ਕਰ ਦਿੱਤਾ ਹੈ।
7 ਜੂਨ: ਜਦੋਂ ਰਾਹੁਲ ਨੇ ਕੈਪਟਨ ਨੂੰ ਦੱਸਿਆ ਸੀ ਆਪਣਾ ਪਸੰਦੀਦਾ ਆਗੂ
ਇਸ ਪੂਰੇ ਘਟਨਾਕ੍ਰਮ ਦੀ ਸ਼ੁਰੂਆਤ ਚਾਰ ਜੂਨ ਨੂੰ ਹੋਈ ਸੀ, ਜਦੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਾਅਵਾ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਆਗੂਆਂ ਦੇ ਸੰਪਰਕ 'ਚ ਹਨ। ਇਸ ਤੋਂ ਬਾਅਦ ਸੱਤ ਅਗਸਤ ਨੂੰ ਰਾਹੁਲ ਗਾਂਧੀ ਨੇ ਇੰਸਟਾਗ੍ਰਾਮ 'ਤੇ ਵਿਦਿਆਰਥੀਆਂ ਨਾਲ ਸਵਾਲ-ਜਵਾਬ ਦੌਰਾਨ ਭਾਜਪਾ 'ਚ ਆਪਣੇ ਪਸੰਦੀਦਾ ਆਗੂ ਦਾ ਨਾਂ ਪੁੱਛੇ ਜਾਣ 'ਤੇ ਬਿਨਾਂ ਦੇਰ ਕੀਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਿਆ।
ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਕੈਪਟਨ ਨਾਲ ਚੰਗੀ ਬਣਦੀ ਹੈ, ਉਹ ਚੰਗੇ ਇਨਸਾਨ ਹਨ ਅਤੇ ਉਨ੍ਹਾਂ ਨੂੰ ਫ਼ੌਜੀ ਇਤਿਹਾਸ ਬਾਰੇ ਕਾਫ਼ੀ ਜਾਣਕਾਰੀ ਹੈ। ਆਪਣੀ ਗੱਲ ਖ਼ਤਮ ਕਰਦਿਆਂ ਰਾਹੁਲ ਨੇ ਕੈਮਰੇ ਵੱਲ ਦੇਖ ਕੇ ਕਿਹਾ- 'ਹੈਲੋ ਅੰਕਲ ਅਮਰਿੰਦਰ!'
ਰਾਹੁਲ ਦਾ ਇਹ ਸੰਬੋਧਨ ਇਸ ਲਈ ਵੀ ਅਹਿਮ ਰਿਹਾ ਕਿਉਂਕਿ ਕੈਪਟਨ ਨੇ ਕਾਂਗਰਸ ਲੀਡਰਸ਼ਿਪ ਨਾਲ ਗੰਭੀਰ ਮਤਭੇਦਾਂ ਤੋਂ ਬਾਅਦ ਪਾਰਟੀ ਛੱਡ ਦਿੱਤੀ ਸੀ। ਇਸ ਦੇ ਬਾਵਜੂਦ ਰਾਹੁਲ ਦੀ ਟਿੱਪਣੀ 'ਚ ਪੁਰਾਣੇ ਨਿੱਜੀ ਰਿਸ਼ਤਿਆਂ ਦੀ ਝਲਕ ਦਿਖਾਈ ਦਿੱਤੀ। ਇਸ ਤੋਂ ਬਾਅਦ 15 ਅਕਤੂਬਰ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਵੀ ਵਾਪਸੀ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਸਿਆਸਤ 'ਚ ਕੁਝ ਵੀ ਸੰਭਵ ਹੈ। ਉਨ੍ਹਾਂ ਕੈਪਟਨ ਨੂੰ ਵੱਡਾ ਆਗੂ ਦੱਸਦਿਆਂ ਪੰਜਾਬ ਲਈ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੈਪਟਨ ਦੀ ਪਾਰਟੀ 'ਚ ਵਾਪਸੀ ਨੂੰ ਲੈ ਕੇ ਉਨ੍ਹਾਂ ਦੀ ਕੋਈ ਨਿੱਜੀ ਗੱਲਬਾਤ ਨਹੀਂ ਹੋਈ ਹੈ।
ਰਾਹੁਲ ਨੇ ਸੁਣਾਇਆ ਰਾਜੀਵ-ਕੈਪਟਨ ਦੀ ਦੋਸਤੀ ਨਾਲ ਜੁੜਿਆ ਕਿੱਸਾ
16 ਨਵੰਬਰ ਨੂੰ ਦਿੱਲੀ 'ਚ ਸੋਨੀਆ ਗਾਂਧੀ ਦੀ ਕਿਤਾਬ 'Belonging: A Journey of Love' ਦੇ ਲੋਕ ਅਰਪਣ ਸਮਾਗਮ 'ਚ ਕੈਪਟਨ ਦੀ ਮੌਜੂਦਗੀ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਹਵਾ ਦੇ ਦਿੱਤੀ। ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਮੰਚ ਤੋਂ ਕੈਪਟਨ ਦਾ ਨਾਂ ਲੈਂਦਿਆਂ ਆਪਣੇ ਮਾਤਾ-ਪਿਤਾ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਵਿਚਾਲੇ ਹੋਈ ਪੁਰਾਣੀ ਤਕਰਾਰ ਦਾ ਕਿੱਸਾ ਸੁਣਾਇਆ।
ਰਾਹੁਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਕਈ ਵਾਰ ਬਹਿਸ ਕਰਦੇ ਦੇਖਿਆ ਸੀ, ਪਰ ਉਨ੍ਹਾਂ ਨੂੰ ਦੋਵਾਂ ਵਿਚਾਲੇ ਗੰਭੀਰ ਤਕਰਾਰ ਸਿਰਫ਼ ਇੱਕ ਵਾਰ ਦੇਖਣ ਨੂੰ ਮਿਲੀ। ਇਤਫ਼ਾਕ ਨਾਲ ਉਸ ਸਮੇਂ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਫ਼ੋਨ 'ਤੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰ ਰਹੇ ਸਨ।
ਸੋਨੀਆ ਗਾਂਧੀ ਉਨ੍ਹਾਂ ਨਾਲ ਕੁਝ ਗੱਲ ਕਰਨਾ ਚਾਹੁੰਦੇ ਸਨ ਅਤੇ ਤਿੰਨ-ਚਾਰ ਵਾਰ ਆਪਣੀ ਗੱਲ ਦੁਹਰਾ ਚੁੱਕੇ ਸਨ, ਪਰ ਰਾਜੀਵ ਗਾਂਧੀ ਫ਼ੋਨ 'ਤੇ ਗੱਲਬਾਤ 'ਚ ਰੁੱਝੇ ਹੋਏ ਸਨ। ਰਾਹੁਲ ਮੁਤਾਬਕ, ਉਸ ਸਮੇਂ ਰਾਜੀਵ ਤਣਾਅ 'ਚ ਸਨ ਅਤੇ ਉਨ੍ਹਾਂ ਨੂੰ ਗੁੱਸਾ ਆ ਗਿਆ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਹੋ ਗਈ। ਰਾਹੁਲ ਨੇ ਕੈਪਟਨ ਵੱਲ ਦੇਖਦਿਆਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਉਹ ਘਟਨਾ ਯਾਦ ਹੈ।
ਸਮਾਜਿਕ ਸਮਾਗਮ 'ਚ ਸ਼ਾਮਲ ਹੋਣ ਆਇਆ ਹਾਂ, ਸਿਆਸਤ ਕਿੱਥੋਂ ਆ ਗਈ: ਕੈਪਟਨ
ਸਮਾਗਮ ਤੋਂ ਬਾਅਦ ਜਦੋਂ ਕੈਪਟਨ ਨੂੰ ਕਾਂਗਰਸ 'ਚ ਵਾਪਸੀ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਸਾਫ਼ ਸ਼ਬਦਾਂ 'ਚ ਕਿਹਾ- 'ਨਹੀਂ'। ਉਨ੍ਹਾਂ ਕਿਹਾ ਕਿ ਉਹ ਸਮਾਜਿਕ ਸਮਾਗਮ 'ਚ ਸ਼ਾਮਲ ਹੋਣ ਆਏ ਹਨ ਅਤੇ ਇਸ 'ਚ ਸਿਆਸੀ ਮੁੱਦੇ ਕਿੱਥੋਂ ਆ ਗਏ। ਕੈਪਟਨ ਨੇ ਇਹ ਵੀ ਦੱਸਿਆ ਕਿ ਸੋਨੀਆ ਗਾਂਧੀ ਉਨ੍ਹਾਂ ਦੀਆਂ ਕਿਤਾਬਾਂ ਦੇ ਲੋਕ ਅਰਪਣ ਦੇ ਤਿੰਨ ਸਮਾਗਮਾਂ 'ਚ ਸ਼ਾਮਲ ਹੋ ਚੁੱਕੇ ਹਨ।
ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਕੈਪਟਨ ਦੀ ਮੌਜੂਦਗੀ ਨੂੰ ਨਿੱਜੀ ਰਿਸ਼ਤਿਆਂ ਨਾਲ ਜੋੜਦਿਆਂ ਕਿਹਾ ਕਿ ਉਨ੍ਹਾਂ ਦੇ ਅਤੇ ਗਾਂਧੀ ਪਰਿਵਾਰ ਦੇ ਲੰਬੇ ਸਮੇਂ ਤੋਂ ਚੰਗੇ ਸਬੰਧ ਹਨ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਕੈਪਟਨ ਦੀ ਪੁਰਾਣੀ ਦੋਸਤੀ ਕਾਰਨ ਉਨ੍ਹਾਂ ਦਾ ਸਮਾਗਮ 'ਚ ਪਹੁੰਚਣਾ ਸੁਭਾਵਿਕ ਸੀ।
2027 ਦੀਆਂ ਚੋਣਾਂ ਤੋਂ ਪਹਿਲਾਂ ਕਿਉਂ ਅਹਿਮ ਹੈ ਇਹ ਘਟਨਾਕ੍ਰਮ?
ਕੈਪਟਨ ਅਮਰਿੰਦਰ ਸਿੰਘ ਨੇ 2017 'ਚ ਕਾਂਗਰਸ ਨੂੰ ਪੰਜਾਬ 'ਚ ਵੱਡੀ ਜਿੱਤ ਦਿਵਾਈ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨਾਲ ਟਕਰਾਅ ਅਤੇ ਪਾਰਟੀ ਲੀਡਰਸ਼ਿਪ ਨਾਲ ਮਤਭੇਦਾਂ ਤੋਂ ਬਾਅਦ ਸਤੰਬਰ 2021 'ਚ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ। ਉਨ੍ਹਾਂ ਨੇ ਕਾਂਗਰਸ ਤੋਂ ਵੱਖ ਹੋ ਕੇ ਪੰਜਾਬ ਲੋਕ ਕਾਂਗਰਸ ਬਣਾਈ ਅਤੇ 2022 ਦੀਆਂ ਚੋਣਾਂ ਭਾਜਪਾ ਨਾਲ ਗਠਜੋੜ ਕਰਕੇ ਲੜੀਆਂ। ਬਾਅਦ 'ਚ ਉਨ੍ਹਾਂ ਨੇ ਆਪਣੀ ਪਾਰਟੀ ਦਾ ਭਾਜਪਾ 'ਚ ਰਲੇਵਾਂ ਕਰ ਦਿੱਤਾ।
ਹੁਣ ਕਾਂਗਰਸ 2027 'ਚ ਸੱਤਾ 'ਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਭਾਜਪਾ ਵੀ ਪੰਜਾਬ 'ਚ ਆਪਣਾ ਆਧਾਰ ਮਜ਼ਬੂਤ ਕਰਨ 'ਚ ਜੁਟੀ ਹੋਈ ਹੈ। ਅਜਿਹੇ 'ਚ ਕੈਪਟਨ ਦਾ ਸਿਆਸੀ ਤਜਰਬਾ ਅਤੇ ਸੂਬੇ 'ਚ ਉਨ੍ਹਾਂ ਦੀ ਪਛਾਣ ਦੋਵਾਂ ਪਾਰਟੀਆਂ ਲਈ ਅਹਿਮ ਹੋ ਸਕਦੀ ਹੈ। ਕੈਪਟਨ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗਠਜੋੜ ਦੀ ਵਕਾਲਤ ਵੀ ਕਰਦੇ ਰਹੇ ਹਨ।
ਫਿਲਹਾਲ ਕੈਪਟਨ ਨੇ ਕਾਂਗਰਸ 'ਚ ਵਾਪਸੀ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਭਾਜਪਾ ਨਾਲ ਆਪਣੀ ਸਿਆਸੀ ਵਫ਼ਾਦਾਰੀ ਸਪੱਸ਼ਟ ਰੱਖੀ ਹੈ। ਪਰ ਰਾਹੁਲ ਗਾਂਧੀ ਵੱਲੋਂ 'ਅੰਕਲ ਅਮਰਿੰਦਰ' ਕਹਿਣਾ, ਰਾਜੀਵ ਗਾਂਧੀ ਨਾਲ ਜੁੜਿਆ ਪੁਰਾਣਾ ਕਿੱਸਾ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਲਗਾਤਾਰ ਬਿਆਨ ਇਹ ਜ਼ਰੂਰ ਦੱਸ ਰਹੇ ਹਨ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਕੈਪਟਨ ਦਾ ਨਾਂ ਮੁੜ ਸਿਆਸੀ ਚਰਚਾ ਦੇ ਕੇਂਦਰ 'ਚ ਆ ਗਿਆ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਗਾਂਧੀ ਪਰਿਵਾਰ ਨਾਲ ਇਹ ਪੁਰਾਣੀ ਨੇੜਤਾ ਸਿਰਫ਼ ਨਿੱਜੀ ਰਿਸ਼ਤਿਆਂ ਤੱਕ ਸੀਮਤ ਰਹਿੰਦੀ ਹੈ ਜਾਂ 2027 ਦੀਆਂ ਚੋਣਾਂ 'ਚ ਕੋਈ ਨਵਾਂ ਸਿਆਸੀ ਮੋੜ ਵੀ ਲੈਂਦੀ ਹੈ।