ਪਤਨੀ ਦੀ ਹੱਤਿਆ ਕਰ ਕੇ ਸਾੜੀ ਲਾਸ਼, ਪੰਜਾਬੀ ਨੌਜਵਾਨ ਨੇ ਫਿਰ ਰਚੀ ਲਾਪਤਾ ਹੋਣ ਦੀ ਕਹਾਣੀ; ਲਾਸ਼ ਦੇ ਸੜੇ ਹੋਏ ਟੁਕੜਿਆਂ ਤੋਂ ਖੁੱਲ੍ਹਿਆ ਰਾਜ਼
ਜਾਂਚ ਦੇ ਸ਼ੁਰੂਆਤੀ ਪੜਾਅ 'ਚ ਗੁਰਿੰਦਰ ਗਿੱਲ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਏਜੰਸੀ (ICE) ਦੇ ਅਧਿਕਾਰੀ ਉਸ ਦੀ ਪਤਨੀ ਨੂੰ ਹਿਰਾਸਤ 'ਚ ਲੈ ਕੇ ਚਲੇ ਗਏ ਸਨ। ਉਸ ਦੇ ਮੁਤਾਬਕ ਜਸਮੀਨ ਘਰ 'ਚ ਡਾਕ ਦੇਖ ਰਹੀ ਸੀ, ਉਦੋਂ ਅਧਿਕਾਰੀ ਉਸ ਨੂੰ ਆਪਣੇ ਨਾਲ ਲੈ ਗਏ।
Publish Date: Sat, 17 Oct 2026 01:58 PM (IST)
Updated Date: Sat, 17 Oct 2026 02:33 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਕੈਲੀਫੋਰਨੀਆ 'ਚ ਪੰਜਾਬੀ ਮੂਲ ਦੀ ਭਾਰਤੀ ਔਰਤ ਜੈਸਮੀਨ ਔਜਲਾ ਗਿੱਲ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜੈਸਮੀਨ 30 ਸਤੰਬਰ ਨੂੰ ਸੈਕਰਾਮੈਂਟੋ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। ਬਾਅਦ 'ਚ ਐਲ ਡੋਰਾਡੋ ਕਾਊਂਟੀ 'ਚ ਇਕ ਔਰਤ ਦੇ ਸੜੇ ਹੋਏ ਟੁਕੜੇ ਮਿਲੇ, ਜਿਨ੍ਹਾਂ ਦੀ ਪਛਾਣ ਜੈਸਮੀਨ ਵਜੋਂ ਹੋਈ। ਇਸ ਮਾਮਲੇ 'ਚ ਉਸ ਦੇ ਪਤੀ ਗੁਰਿੰਦਰ ਗਿੱਲ ਨੂੰ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਪਤੀ ਦੇ ਬਿਆਨਾਂ 'ਚ ਆਪਾ ਵਿਰੋਧ ਸਾਹਮਣੇ ਆਇਆ। ਪਤੀ-ਪਤਨੀ ਵਿਚਾਲੇ ਤਲਾਕ ਤੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਵੀ ਵਿਵਾਦ ਚੱਲ ਰਿਹਾ ਸੀ।
ਜਾਂਚ ਅਨੁਸਾਰ, 1 ਅਕਤੂਬਰ ਨੂੰ ਐਲ ਡੋਰਾਡੋ ਕਾਊਂਟੀ 'ਚ ਇਕ ਔਰਤ ਦੇ ਸੜੇ ਹੋਏ ਟੁਕੜੇ ਬਰਾਮਦ ਕੀਤੇ ਗਏ ਸਨ। ਇਸ ਤੋਂ ਤਿੰਨ ਦਿਨ ਬਾਅਦ 4 ਅਕਤੂਬਰ ਨੂੰ ਜੈਸਮੀਨ ਦੇ ਚਚੇਰੇ ਭਰਾ ਨੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਜਾਂਚਕਰਤਾਵਾਂ ਨੇ ਬਾਅਦ 'ਚ ਬਰਾਮਦ ਕੀਤੇ ਟੁਕੜਿਆਂ ਦੀ ਪਛਾਣ ਜੈਸਮੀਨ ਗਿੱਲ ਵਜੋਂ ਕੀਤੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕਤਲ ਦੇ ਪਹਿਲੂ ਤੋਂ ਅੱਗੇ ਵਧਾਈ ਗਈ।
ICE ਅਧਿਕਾਰੀਆਂ 'ਤੇ ਲਾਇਆ ਸੀ ਹਿਰਾਸਤ 'ਚ ਲੈਣ ਦਾ ਦੋਸ਼
ਜਾਂਚ ਦੇ ਸ਼ੁਰੂਆਤੀ ਪੜਾਅ 'ਚ ਗੁਰਿੰਦਰ ਗਿੱਲ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਏਜੰਸੀ (ICE) ਦੇ ਅਧਿਕਾਰੀ ਉਸ ਦੀ ਪਤਨੀ ਨੂੰ ਹਿਰਾਸਤ 'ਚ ਲੈ ਕੇ ਚਲੇ ਗਏ ਸਨ। ਉਸ ਦੇ ਮੁਤਾਬਕ ਜੈਸਮੀਨ ਘਰ 'ਚ ਡਾਕ ਦੇਖ ਰਹੀ ਸੀ, ਉਦੋਂ ਅਧਿਕਾਰੀ ਉਸ ਨੂੰ ਆਪਣੇ ਨਾਲ ਲੈ ਗਏ।
ਹਾਲਾਂਕਿ, ਜਦੋਂ ਜਾਂਚਕਰਤਾਵਾਂ ਨੇ ICE ਨਾਲ ਸੰਪਰਕ ਕੀਤਾ ਤਾਂ ਏਜੰਸੀ ਨੇ ਸਪੱਸ਼ਟ ਕੀਤਾ ਕਿ ਸਬੰਧਤ ਪਤੇ 'ਤੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਤੋਂ ਬਾਅਦ ਜਾਂਚਕਰਤਾਵਾਂ ਨੇ ਗੁਰਿੰਦਰ ਦੇ ਬਿਆਨਾਂ ਦੀ ਪੜਤਾਲ ਕੀਤੀ। ਜਾਂਚ ਅੱਗੇ ਵਧਣ 'ਤੇ ਅਧਿਕਾਰੀਆਂ ਨੂੰ ਜੈਸਮੀਨ ਦੇ ਲਾਪਤਾ ਹੋਣ ਸਬੰਧੀ ਉਸ ਦੇ ਬਿਆਨਾਂ 'ਚ ਕਈ ਵਿਰੋਧਾਭਾਸ ਮਿਲੇ।
ਤਲਾਕ ਤੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ
ਜਾਂਚ ਦੌਰਾਨ ਅਧਿਕਾਰੀਆਂ ਨੂੰ ਇਹ ਵੀ ਪਤਾ ਲੱਗਾ ਕਿ ਜੈਸਮੀਨ ਤੇ ਗੁਰਿੰਦਰ ਵਿਚਾਲੇ ਤਲਾਕ ਤੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਾਂਚਕਰਤਾਵਾਂ ਨੇ ਮਾਮਲੇ ਨਾਲ ਜੁੜੇ ਤੱਥਾਂ ਤੇ ਹਾਲਾਤ ਦੀ ਪੜਤਾਲ ਕੀਤੀ। ਇਸ ਦੇ ਆਧਾਰ 'ਤੇ ਕਤਲ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਗੁਰਿੰਦਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਗੁਰਿੰਦਰ ਨੂੰ 14 ਅਕਤੂਬਰ ਨੂੰ ਲੱਭ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚਕਰਤਾਵਾਂ ਨੇ ਉਸ ਨਾਲ ਜੁੜੇ ਦੋ ਰਿਹਾਇਸ਼ੀ ਸਥਾਨਾਂ 'ਤੇ ਤਲਾਸ਼ੀ ਵਾਰੰਟ ਵੀ ਲਾਗੂ ਕੀਤੇ। ਇਸ ਮਾਮਲੇ 'ਚ ਪੁਲਿਸ ਦੀ ਜਾਂਚ ਜਾਰੀ ਹੈ।