
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਭਾ ਦੇ ਅਹੁਦੇਦਾਰਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੀ.ਬੀ.ਏ. ਭਾਗ ਤੀਜਾ ਦੇ ਪੰਜਵੇਂ ਸਮੈਸਟਰ ਵਿਚ ਪੰਜਾਬੀ ਨੂੰ ਤੁਰੰਤ ਮੁੜ ਲਾਗੂ ਕੀਤਾ ਜਾਵੇ ਅਤੇ ਜਿਨ੍ਹਾਂ ਹੋਰ ਕੋਰਸਾਂ ਵਿੱਚੋਂ ਪੰਜਾਬੀ ਹਟਾਈ ਗਈ ਹੈ, ਉਨ੍ਹਾਂ ਵਿੱਚ ਵੀ ਇਸ ਨੂੰ ਮੁੜ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬੀ.ਬੀ.ਏ. ਭਾਗ ਤੀਜਾ ਦੇ ਪੰਜਵੇਂ ਸਮੈਸਟਰ ਵਿਚੋਂ ਪੰਜਾਬੀ ਵਿਸ਼ਾ ਬੰਦ ਕਰਨ ਦੇ ਫ਼ੈਸਲੇ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸਖ਼ਤ ਨਿਖੇਧੀ ਕੀਤੀ ਹੈ। ਸਭਾ ਨੇ ਮੰਗ ਕੀਤੀ ਹੈ ਕਿ ਪੰਜਾਬੀ ਨੂੰ ਤੁਰੰਤ ਮੁੜ ਇਸ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ ਅਤੇ ਗ੍ਰੈਜੂਏਸ਼ਨ ਪੱਧਰ ਦੇ ਸਾਰੇ ਕੋਰਸਾਂ ਵਿਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਵਿਸ਼ੇ ਵਜੋਂ ਯਕੀਨੀ ਬਣਾਈ ਜਾਵੇ।
ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਵੀ ਪੰਜਾਬੀ ਯੂਨੀਵਰਸਿਟੀ ਵੱਲੋਂ ਬੀ.ਸੀ.ਏ. ਅਤੇ ਕੁਝ ਹੋਰ ਕੋਰਸਾਂ ਦੇ ਦੂਜੇ ਅਤੇ ਤੀਜੇ ਭਾਗ ਵਿਚੋਂ ਪੰਜਾਬੀ ਵਿਸ਼ਾ ਹਟਾਇਆ ਗਿਆ ਸੀ। ਪੰਜਾਬੀ ਪ੍ਰੇਮੀਆਂ, ਸਾਹਿਤਕ ਜਥੇਬੰਦੀਆਂ ਅਤੇ ਸਾਹਿਤ ਸਭਾਵਾਂ ਵੱਲੋਂ ਕੀਤੇ ਸੰਘਰਸ਼ ਕਾਰਨ ਯੂਨੀਵਰਸਿਟੀ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ ਸੀ।
ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਵਿਕਾਸ ਤੇ ਪ੍ਰਸਾਰ ਕਰਨਾ ਹੈ। ਇਸ ਲਈ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਵਿੱਚੋਂ ਪੰਜਾਬੀ ਨੂੰ ਲਗਾਤਾਰ ਹਟਾਉਣ ਦੀ ਥਾਂ ਇਸ ਦੇ ਅਧਿਐਨ ਦਾ ਘੇਰਾ ਵਧਾਇਆ ਜਾਣਾ ਚਾਹੀਦਾ ਹੈ। ਮਾਂ-ਬੋਲੀ ਪੰਜਾਬੀ ਕੇਵਲ ਇੱਕ ਵਿਸ਼ਾ ਨਹੀਂ, ਸਗੋਂ ਪੰਜਾਬ ਦੀ ਭਾਸ਼ਾਈ ਅਤੇ ਸੱਭਿਆਚਾਰਕ ਪਛਾਣ ਦਾ ਅਹਿਮ ਆਧਾਰ ਹੈ।
ਸਭਾ ਦੇ ਅਹੁਦੇਦਾਰਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੀ.ਬੀ.ਏ. ਭਾਗ ਤੀਜਾ ਦੇ ਪੰਜਵੇਂ ਸਮੈਸਟਰ ਵਿਚ ਪੰਜਾਬੀ ਨੂੰ ਤੁਰੰਤ ਮੁੜ ਲਾਗੂ ਕੀਤਾ ਜਾਵੇ ਅਤੇ ਜਿਨ੍ਹਾਂ ਹੋਰ ਕੋਰਸਾਂ ਵਿੱਚੋਂ ਪੰਜਾਬੀ ਹਟਾਈ ਗਈ ਹੈ, ਉਨ੍ਹਾਂ ਵਿੱਚ ਵੀ ਇਸ ਨੂੰ ਮੁੜ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਗ੍ਰੈਜੂਏਸ਼ਨ ਪੱਧਰ ਦੇ ਸਾਰੇ ਕੋਰਸਾਂ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਲਾਜ਼ਮੀ ਵਿਸ਼ੇ ਵਜੋਂ ਯਕੀਨੀ ਬਣਾਉਣਾ ਪੰਜਾਬੀ ਯੂਨੀਵਰਸਿਟੀ ਦੀ ਭਾਸ਼ਾਈ ਜ਼ਿੰਮੇਵਾਰੀ ਵੀ ਹੈ।
ਉਨ੍ਹਾਂ ਪੰਜਾਬੀ ਪ੍ਰੇਮੀਆਂ, ਲੇਖਕਾਂ, ਸਾਹਿਤਕ ਜਥੇਬੰਦੀਆਂ ਅਤੇ ਸਾਹਿਤ ਸਭਾਵਾਂ ਨੂੰ ਪੰਜਾਬੀ ਦੇ ਹੱਕ ਵਿਚ ਸਾਂਝੀ ਆਵਾਜ਼ ਬੁਲੰਦ ਕਰਦਿਆਂ ਯੂਨੀਵਰਸਿਟੀ ਦੇ ਇਸ ਫ਼ੈਸਲੇ ਨੂੰ ਵਾਪਸ ਕਰਵਾਉਣ ਅਤੇ ਉੱਚ ਸਿੱਖਿਆ ਵਿੱਚ ਪੰਜਾਬੀ ਦਾ ਸਥਾਨ ਮਜ਼ਬੂਤ ਕਰਨ ਲਈ ਇਕਜੁੱਟ ਯਤਨ ਕੀਤੇ ਜਾਣ ਦੀ ਅਪੀਲ ਕੀਤੀ ਹੈ।