ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਹੰਗਾਮੇ ਦੇ ਆਸਾਰ, ਨਸ਼ਿਆਂ ਤੇ ਮੁਲਾਜ਼ਮਾਂ ਦੇ ਮੁੱਦਿਆਂ 'ਤੇ ਮਾਨ ਸਰਕਾਰ ਨੂੰ ਘੇਰੇਗੀ ਵਿਰੋਧੀ ਧਿਰ
ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਨਸ਼ਿਆਂ ਦਾ ਮੁੱਦਾ ਰਹਿਣ ਦੀ ਉਮੀਦ ਹੈ। ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਪਹਿਲਾਂ ਵੀ ਦੋਸ਼ਾਂ ਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਚੱਲਦਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਦੇ ਮੁੱਦਿਆਂ, ਉਨ੍ਹਾਂ ਦੀਆਂ ਮੰਗਾਂ ਅਤੇ ਸੂਬੇ ਦੀਆਂ ਹੋਰ ਸਮੱਸਿਆਵਾਂ ਨੂੰ ਲੈ ਕੇ ਵੀ ਸਰਕਾਰ 'ਤੇ ਦਬਾਅ ਬਣਾਇਆ ਜਾ ਸਕਦਾ ਹੈ।
Publish Date: Fri, 23 Oct 2026 09:05 AM (IST)
Updated Date: Fri, 23 Oct 2026 09:08 AM (IST)
ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਪਹਿਲੇ ਦਿਨ ਸਦਨ ਦੀ ਕਾਰਵਾਈ ਕਰੀਬ 17 ਮਿੰਟਾਂ 'ਚ ਹੀ ਖ਼ਤਮ ਹੋ ਗਈ ਸੀ, ਪਰ ਸ਼ੁੱਕਰਵਾਰ ਨੂੰ ਸਦਨ 'ਚ ਹੰਗਾਮਾ ਹੋਣ ਦੇ ਆਸਾਰ ਹਨ। ਵਿਰੋਧੀ ਧਿਰ ਨਸ਼ਿਆਂ ਦੀ ਸਮੱਸਿਆ, ਮੁਲਾਜ਼ਮਾਂ ਦੇ ਮੁੱਦਿਆਂ ਅਤੇ ਸੂਬੇ ਨਾਲ ਜੁੜੇ ਹੋਰ ਅਹਿਮ ਮਾਮਲਿਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਹੈ। ਨਸ਼ਿਆਂ ਕਾਰਨ ਵਾਪਰ ਰਹੀਆਂ ਘਟਨਾਵਾਂ, ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸੂਬੇ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਤੋਂ ਜਵਾਬ ਮੰਗ ਸਕਦੀ ਹੈ। ਅਜਿਹੇ 'ਚ ਅੱਜ ਸਦਨ ਦੀ ਕਾਰਵਾਈ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ।
ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਨਸ਼ਿਆਂ ਦਾ ਮੁੱਦਾ ਰਹਿਣ ਦੀ ਉਮੀਦ ਹੈ। ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਪਹਿਲਾਂ ਵੀ ਦੋਸ਼ਾਂ ਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਚੱਲਦਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਦੇ ਮੁੱਦਿਆਂ, ਉਨ੍ਹਾਂ ਦੀਆਂ ਮੰਗਾਂ ਅਤੇ ਸੂਬੇ ਦੀਆਂ ਹੋਰ ਸਮੱਸਿਆਵਾਂ ਨੂੰ ਲੈ ਕੇ ਵੀ ਸਰਕਾਰ 'ਤੇ ਦਬਾਅ ਬਣਾਇਆ ਜਾ ਸਕਦਾ ਹੈ। ਪਹਿਲੇ ਦਿਨ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਇਸ ਲਈ ਦੂਜੇ ਦਿਨ ਸਦਨ 'ਚ ਹੋਣ ਵਾਲੀ ਚਰਚਾ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਸਦਨ 'ਚ ਅੱਜ ਇਹ ਰਹਿਣਗੇ ਮੁੱਖ ਮੁੱਦੇ
ਵਿਧਾਨ ਸਭਾ ਦੀ ਕਾਰਜ ਸੂਚੀ ਅਨੁਸਾਰ, ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਕੁਮਾਰ ਦਹੀਆ ਫ਼ਿਰੋਜ਼ਪੁਰ ਦੇ ਹਜ਼ਾਰਾ ਸਿੰਘ ਵਾਲਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੱਕ ਜਾਣ ਵਾਲੀ ਸੜਕ ਦੀ ਖ਼ਰਾਬ ਹਾਲਤ ਦਾ ਮੁੱਦਾ ਉਠਾਉਣਗੇ। ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਫ਼ਿਰੋਜ਼ਪੁਰ-ਜਲੰਧਰ-ਫ਼ਾਜ਼ਿਲਕਾ ਮਾਰਗ 'ਤੇ ਜਨਤਕ ਆਵਾਜਾਈ ਦੀ ਘਾਟ ਵੱਲ ਟਰਾਂਸਪੋਰਟ ਮੰਤਰੀ ਦਾ ਧਿਆਨ ਦਿਵਾਉਣਗੇ। ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਆਪਣੇ ਵਿਧਾਨ ਸਭਾ ਹਲਕੇ 'ਚ ਨਹਿਰੀ ਪਾਣੀ ਦੀ ਸਪਲਾਈ ਨਾ ਹੋਣ ਦਾ ਮਾਮਲਾ ਉਠਾਉਣਗੇ।
ਇਸ ਤੋਂ ਇਲਾਵਾ ਸਦਨ 'ਚ ਵੱਖ-ਵੱਖ ਸਰਕਾਰੀ ਸੰਸਥਾਵਾਂ ਦੀਆਂ ਸਾਲਾਨਾ ਰਿਪੋਰਟਾਂ ਅਤੇ ਖਾਤੇ ਵੀ ਪੇਸ਼ ਕੀਤੇ ਜਾਣਗੇ। ਇਨ੍ਹਾਂ 'ਚ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਸਾਲ 2021-22 ਦੀ ਸਾਲਾਨਾ ਰਿਪੋਰਟ, ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਸਾਲ 2017-18 ਦੇ ਖਾਤੇ, ਪੰਜਾਬ ਸਟੇਟ ਗਰੇਨ ਪਰਚੇਜ਼ ਕਾਰਪੋਰੇਸ਼ਨ ਦੀ ਸਾਲ 2018-19 ਦੀ ਰਿਪੋਰਟ ਅਤੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਸਾਲ 2020-21, 2021-22 ਅਤੇ 2022-23 ਦੇ ਖਾਤੇ ਸ਼ਾਮਲ ਹਨ। ਪੰਜਾਬ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ, ਸੈਰ-ਸਪਾਟੇ ਨਾਲ ਜੁੜੀਆਂ ਕੰਪਨੀਆਂ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀਆਂ ਰਿਪੋਰਟਾਂ ਵੀ ਸਦਨ 'ਚ ਪੇਸ਼ ਕੀਤੀਆਂ ਜਾਣੀਆਂ ਹਨ।
ਵੋਟਰ ਸੂਚੀ ਦਾ ਮੁੱਦਾ ਵੀ ਅਹਿਮ
ਕਾਰਜ ਸੂਚੀ 'ਚ ਵੋਟਰ ਸੂਚੀਆਂ 'ਚੋਂ ਨਾਂ ਹਟਾਏ ਜਾਣ ਅਤੇ ਯੋਗ ਨਾਗਰਿਕਾਂ ਦੇ ਵੋਟ ਦੇ ਅਧਿਕਾਰ ਨਾਲ ਜੁੜੇ ਸਵਾਲ 'ਤੇ ਇਕ ਅਧਿਕਾਰਤ ਮਤਾ ਵੀ ਸ਼ਾਮਲ ਹੈ। ਇਸ 'ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਚੋਣ ਕਮਿਸ਼ਨ ਦੇ ਕੰਮਕਾਜ ਅਤੇ ਵੋਟਰ ਸੂਚੀਆਂ ਨਾਲ ਸਬੰਧਤ ਕਥਿਤ ਬੇਨਿਯਮੀਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। ਮਤੇ 'ਚ ਗ਼ਲਤੀ ਦੇ ਠੋਸ ਸਬੂਤ ਮਿਲਣ 'ਤੇ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਮਤੇ ਦੀ ਕਾਪੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਮੁੱਖ ਚੋਣ ਕਮਿਸ਼ਨਰ ਨੂੰ ਭੇਜਣ ਦੀ ਮੰਗ ਵੀ ਸ਼ਾਮਲ ਹੈ।
ਅਜਿਹੇ 'ਚ ਅੱਜ ਸਦਨ 'ਚ ਸਿਆਸੀ ਟਕਰਾਅ ਦੇ ਨਾਲ-ਨਾਲ ਸੜਕਾਂ ਦੀ ਮਾੜੀ ਹਾਲਤ, ਜਨਤਕ ਆਵਾਜਾਈ, ਨਹਿਰੀ ਪਾਣੀ ਅਤੇ ਵੋਟਰ ਸੂਚੀਆਂ ਵਰਗੇ ਮੁੱਦੇ ਵੀ ਚਰਚਾ ਦੇ ਕੇਂਦਰ 'ਚ ਰਹਿ ਸਕਦੇ ਹਨ।