
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੋਟਿਸ ਮਿਲਣ ਵਾਲੇ ਵੋਟਰ ਨੂੰ ਨਿਰਧਾਰਤ ਤਰੀਕ 'ਤੇ ਸੁਣਵਾਈ 'ਚ ਸ਼ਾਮਲ ਹੋਣਾ ਚਾਹੀਦਾ ਹੈ। ਜੇਕਰ ਕਿਸੇ ਉਚਿਤ ਕਾਰਨ ਕਰਕੇ ਉਹ ਖੁਦ ਹਾਜ਼ਰ ਨਹੀਂ ਹੋ ਸਕਦਾ ਤਾਂ ਪਰਿਵਾਰ ਦੇ ਕਿਸੇ ਮੈਂਬਰ ਜਾਂ ਪ੍ਰਤੀਨਿਧੀ ਨੂੰ ਅਧਿਕਾਰ ਪੱਤਰ ਦੇ ਕੇ ਆਪਣੀ ਥਾਂ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ 'ਚ ਵਿਸ਼ੇਸ਼ ਗਹਿਰਾਈ ਵਾਲੀ ਪੁਨਰ-ਜਾਂਚ (SIR-2026) ਤਹਿਤ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਜਾਰੀ ਹੈ। ਇਸ ਦੌਰਾਨ ਨਾਗਰਿਕਾਂ ਦੀਆਂ ਸ਼ਿਕਾਇਤਾਂ ਅਤੇ ਸਵਾਲਾਂ ਦੇ ਤੁਰੰਤ ਹੱਲ ਲਈ ਸੂਬਾ ਸ਼ਿਕਾਇਤ ਨਿਵਾਰਣ ਸੈੱਲ ਨੇ ਸਾਰੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਅਧਿਕਾਰੀਆਂ (DGRO) ਨੂੰ ਨਿਰਦੇਸ਼ ਜਾਰੀ ਕੀਤੇ ਹਨ।
SIR ਦੇ ਨੋਟਿਸ ਪੜਾਅ ਦੌਰਾਨ 1950 ਹੈਲਪਲਾਈਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਚਲਾਈ ਜਾਵੇਗੀ। ਇਹ ਵਿਵਸਥਾ SIR ਦੀ ਪ੍ਰਕਿਰਿਆ ਪੂਰੀ ਹੋਣ ਤੱਕ ਜਾਰੀ ਰਹੇਗੀ। ਡਰਾਫਟ ਵੋਟਰ ਸੂਚੀ 13 ਅਗਸਤ 2026 ਨੂੰ ਪ੍ਰਕਾਸ਼ਿਤ ਹੋ ਚੁੱਕੀ ਹੈ।
ਵੋਟਰ ਆਪਣਾ ਨਾਮ ਅਤੇ ਵੇਰਵੇ ਮੁੱਖ ਚੋਣ ਅਧਿਕਾਰੀ, ਪੰਜਾਬ ਦੀ ਵੈੱਬਸਾਈਟ ਅਤੇ ਚੋਣ ਕਮਿਸ਼ਨ ਦੇ ਵੋਟਰ ਪੋਰਟਲ 'ਤੇ ਦੇਖ ਸਕਦੇ ਹਨ। ਇਸ ਤੋਂ ਇਲਾਵਾ DEO, ERO ਅਤੇ AERO ਦਫ਼ਤਰਾਂ ਵਿੱਚ ਨਿਰਧਾਰਤ ਹੈਲਪ ਡੈਸਕ 'ਤੇ ਵੀ ਡਰਾਫਟ ਵੋਟਰ ਸੂਚੀ ਉਪਲਬਧ ਹੈ।
ਡਰਾਫਟ ਵੋਟਰ ਸੂਚੀ 'ਚ ਨਾਮ ਤੇ ਵੇਰਵੇ ਸਹੀ ਹੋਣ 'ਤੇ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਜੇਕਰ ਨਾਮ ਸੂਚੀ 'ਚ ਸ਼ਾਮਲ ਨਹੀਂ ਹੈ, ਵੇਰਵੇ 'ਚ ਗਲਤੀ ਹੈ, ਪਤਾ ਬਦਲਣਾ ਹੈ ਜਾਂ ਕਿਸੇ ਨਾਮ 'ਤੇ ਇਤਰਾਜ਼ ਦਰਜ ਕਰਵਾਉਣਾ ਹੈ ਤਾਂ ਨਿਰਧਾਰਤ ਫਾਰਮ ਰਾਹੀਂ ਅਰਜ਼ੀ ਦਿੱਤੀ ਜਾ ਸਕਦੀ ਹੈ। ਦਾਅਵੇ ਤੇ ਇਤਰਾਜ਼ 13 ਅਗਸਤ ਤੋਂ 12 ਸਤੰਬਰ 2026 ਤੱਕ ਦਾਖ਼ਲ ਕੀਤੇ ਜਾ ਸਕਦੇ ਹਨ। ਅੰਤਿਮ ਤਾਰੀਖ ਤੋਂ ਬਾਅਦ ਦਾਅਵਾ ਦਾਖ਼ਲ ਨਹੀਂ ਕੀਤਾ ਜਾ ਸਕੇਗਾ। ਨਿਰਧਾਰਤ ਪ੍ਰਕਿਰਿਆ ਤਹਿਤ ਜਮ੍ਹਾਂ ਕੀਤੇ ਹਰੇਕ ਦਾਅਵੇ ਜਾਂ ਇਤਰਾਜ਼ ਦੀ ਰਸੀਦ ਵੀ ਦਿੱਤੀ ਜਾਵੇਗੀ।
ਨਵੀਂ ਵੋਟ ਬਣਵਾਉਣ ਲਈ ਫਾਰਮ-6 ਭਰਿਆ ਜਾ ਸਕਦਾ ਹੈ। 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਜਿਹੇ ਲੋਕ ਜਿਨ੍ਹਾਂ ਦੀ ਵੋਟ ਨਹੀਂ ਬਣੀ, ਉਹ ਵੀ ਅਰਜ਼ੀ ਦੇ ਸਕਦੇ ਹਨ। ਜੋ ਵਿਅਕਤੀ 1 ਅਕਤੂਬਰ 2026 ਨੂੰ 18 ਸਾਲ ਦੀ ਉਮਰ ਪੂਰੀ ਕਰ ਰਹੇ ਹਨ, ਉਹ ਵੀ ਫਾਰਮ-6 ਭਰ ਸਕਦੇ ਹਨ।
ਵਿਦੇਸ਼ 'ਚ ਰਹਿੰਦੇ ਭਾਰਤੀ ਪਾਸਪੋਰਟ ਧਾਰਕਾਂ ਲਈ ਫਾਰਮ-6A, ਵੋਟਰ ਸੂਚੀ ਵਿਚ ਕਿਸੇ ਨਾਮ 'ਤੇ ਇਤਰਾਜ਼ ਜਾਂ ਨਾਮ ਹਟਾਉਣ ਲਈ ਫਾਰਮ-7 ਅਤੇ ਵੇਰਵਿਆਂ 'ਚ ਸੋਧ, ਪਤਾ ਬਦਲਣ, EPIC ਬਦਲਣ ਅਤੇ ਦਿਵਿਆਂਗ ਵੋਟਰ ਵਜੋਂ ਨਿਸ਼ਾਨਦੇਹੀ ਲਈ ਫਾਰਮ-8 ਦੀ ਵਰਤੋਂ ਕੀਤੀ ਜਾਵੇਗੀ।
ਨਵੀਂ ਵੋਟ ਬਣਵਾਉਣ ਲਈ ਆਧਾਰ ਤੋਂ ਇਲਾਵਾ ਉਮਰ ਅਤੇ ਨਿਵਾਸ ਦਾ ਸਬੂਤ ਦੇਣ ਵਾਲਾ ਇਕ ਹੋਰ ਦਸਤਾਵੇਜ਼ ਦੇਣਾ ਹੋਵੇਗਾ। ਕੋਈ ਵੀ ਵੋਟਰ ਨਿਰਧਾਰਤ ਪ੍ਰਕਿਰਿਆ ਤਹਿਤ ਆਪਣੇ ਚੋਣ ਹਲਕੇ ਦੀ ਡਰਾਫਟ ਵੋਟਰ ਸੂਚੀ ਵਿੱਚ ਕਿਸੇ ਐਂਟਰੀ ਖ਼ਿਲਾਫ਼ ਇਤਰਾਜ਼ ਦਰਜ ਕਰਵਾ ਸਕਦਾ ਹੈ।
SIR ਦਾ ਨੋਟਿਸ ਪੜਾਅ 13 ਅਗਸਤ ਤੋਂ 8 ਅਕਤੂਬਰ 2026 ਤਕ ਚੱਲੇਗਾ। ਘਰ-ਘਰ ਪ੍ਰਕਿਰਿਆ ਤੋਂ ਬਾਅਦ ਅਨਮੈਪਡ ਪਾਏ ਗਏ ਵੋਟਰਾਂ, ਮੈਪਿੰਗ ਤੋਂ ਬਾਅਦ Logical Discrepancy (LD) ਵਾਲੇ ਮਾਮਲਿਆਂ ਅਤੇ ਅਜਿਹੇ ਮਾਮਲਿਆਂ 'ਚ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ, ਜਿੱਥੇ ERO ਨੂੰ ਜਾਂਚ ਦੀ ਲੋੜ ਮਹਿਸੂਸ ਹੋਵੇ।
ਲੌਜੀਕਲ ਡਿਸਕ੍ਰੇਪੈਂਸੀ ਦਾ ਮਤਲਬ 2003 ਦੇ ਵੇਰਵਿਆਂ ਤੇ ਮੌਜੂਦਾ ਵੋਟਰ ਸੂਚੀ ਵਿਚ ਦਰਜ ਜਾਣਕਾਰੀ ਵਿਚਕਾਰ ਅਸੰਗਤੀ ਹੈ। ਅਜਿਹੇ ਮਾਮਲਿਆਂ 'ਚ ਸਬੰਧਤ ਵੋਟਰ ਨੂੰ ਨੋਟਿਸ ਦੇ ਕੇ ਫ਼ੈਸਲੇ ਤੋਂ ਪਹਿਲਾਂ ਲੋੜੀਂਦੇ ਦਸਤਾਵੇਜ਼ ਜਾਂ ਸਪਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਜਾਵੇਗਾ।
LD ਦੇ ਮਾਮਲਿਆਂ 'ਚ ਵੋਟਰ ਅਤੇ ਉਸ ਦੇ ਮਾਪਿਆਂ ਦੀ ਉਮਰ 'ਚ 15 ਸਾਲ ਤੋਂ ਘੱਟ ਜਾਂ 50 ਸਾਲ ਤੋਂ ਵੱਧ ਦਾ ਅੰਤਰ, ਵੋਟਰ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੀ ਉਮਰ ਵਿੱਚ ਅਸਧਾਰਨ ਅੰਤਰ, ਮੌਜੂਦਾ ਵੋਟਰ ਸੂਚੀ ਵਿੱਚ ਪਿਤਾ ਦੇ ਨਾਮ ਅਤੇ ਪਿਛਲੀ SIR ਸੂਚੀ ਵਿੱਚ ਦਰਜ ਪਿਤਾ ਦੇ ਨਾਮ ਵਿੱਚ ਅੰਤਰ ਵਰਗੀਆਂ ਅਸੰਗਤੀਆਂ ਸ਼ਾਮਲ ਹੋ ਸਕਦੀਆਂ ਹਨ।
ਇਸ ਤੋਂ ਇਲਾਵਾ ਪਿਛਲੀ SIR ਵਿਚ ਦਰਜ ਮਾਪਿਆਂ ਨਾਲ ਸਬੰਧਤ ਕਿਸੇ ਹੋਰ ਬੱਚੇ ਨਾਲ ਉਮਰ ਦਾ ਅੰਤਰ ਨੌਂ ਮਹੀਨੇ ਤੋਂ ਘੱਟ ਹੋਣਾ, ਇੱਕੋ ਵਿਅਕਤੀ ਨੂੰ ਕਈ ਲੋਕਾਂ ਵੱਲੋਂ ਪਿਤਾ ਵਜੋਂ ਦਰਜ ਕਰਨਾ ਅਤੇ ਪੁਰਾਣੇ SIR ਰਿਕਾਰਡ ਨਾਲ ਗਲਤ ਲਿੰਕ ਹੋਣਾ ਵੀ ਲਾਜ਼ੀਕਲ ਡਿਸਕ੍ਰੇਪੈਂਸੀ ਦੇ ਮਾਮਲੇ ਹੋ ਸਕਦੇ ਹਨ।
ਨੋਟਿਸ ਮਿਲਣ ਵਾਲੇ ਵੋਟਰ ਨੂੰ ਨਿਰਧਾਰਤ ਤਰੀਕ 'ਤੇ ਸੁਣਵਾਈ 'ਚ ਸ਼ਾਮਲ ਹੋਣਾ ਚਾਹੀਦਾ ਹੈ। ਜੇਕਰ ਕਿਸੇ ਉਚਿਤ ਕਾਰਨ ਕਰਕੇ ਉਹ ਖੁਦ ਹਾਜ਼ਰ ਨਹੀਂ ਹੋ ਸਕਦਾ ਤਾਂ ਪਰਿਵਾਰ ਦੇ ਕਿਸੇ ਮੈਂਬਰ ਜਾਂ ਪ੍ਰਤੀਨਿਧੀ ਨੂੰ ਅਧਿਕਾਰ ਪੱਤਰ ਦੇ ਕੇ ਆਪਣੀ ਥਾਂ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਜੇਕਰ ਕਿਸੇ ਉਚਿਤ ਕਾਰਨ ਕਰਕੇ ਨਿਰਧਾਰਤ ਤਰੀਕ 'ਤੇ ਸੁਣਵਾਈ 'ਚ ਸ਼ਾਮਲ ਹੋਣਾ ਸੰਭਵ ਨਹੀਂ ਹੈ ਤਾਂ ਸਬੰਧਤ ERO/AERO ਦਫ਼ਤਰ ਨਾਲ ਸੰਪਰਕ ਕਰਕੇ ਸੁਣਵਾਈ ਦੀ ਤਾਰੀਖ ਸਿਰਫ਼ ਇੱਕ ਵਾਰ ਬਦਲਵਾਉਣ ਦੀ ਬੇਨਤੀ ਕੀਤੀ ਜਾ ਸਕਦੀ ਹੈ। ਪ੍ਰਕਿਰਿਆ ਨਿਰਧਾਰਤ ਨਿਯਮਾਂ ਅਨੁਸਾਰ ਹੋਵੇਗੀ।
ਨੋਟਿਸ ਪੜਾਅ 'ਚ BLO ਵੋਟਰ ਨੂੰ ਡਰਾਫਟ ਵੋਟਰ ਸੂਚੀ ਵਿਚ ਨਾਮ ਅਤੇ ਵੇਰਵਿਆਂ ਦੀ ਪੁਸ਼ਟੀ ਕਰਨ, ਲੋੜੀਂਦੇ ਫਾਰਮ ਤੇ ਸਹਾਇਕ ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਚੋਣ ਸਬੰਧੀ ਵੇਰਵਿਆਂ 'ਚ ਸੋਧ ਲਈ ਅਰਜ਼ੀ ਦੇਣ ਵਿੱਚ ਮਦਦ ਕਰੇਗਾ। ਨੋਟਿਸ ਪ੍ਰਾਪਤ ਕਰਨ ਵਾਲੇ ਵੋਟਰਾਂ ਨੂੰ ਸੁਣਵਾਈ ਦੌਰਾਨ ਦਸਤਾਵੇਜ਼ ਜਮ੍ਹਾਂ ਕਰਵਾਉਣ 'ਚ ਵੀ BLO ਸਹਾਇਤਾ ਕਰੇਗਾ।
ਸੂਬਾ ਸ਼ਿਕਾਇਤ ਨਿਵਾਰਣ ਸੈੱਲ ਨੇ ਸਾਰੇ DGRO ਨੂੰ ਨਿਰਦੇਸ਼ ਦਿੱਤੇ ਹਨ ਕਿ 1950 ਹੈਲਪਲਾਈਨ ਨੂੰ SIR ਦੀ ਪ੍ਰਕਿਰਿਆ ਪੂਰੀ ਹੋਣ ਤੱਕ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਹੈਲਪ ਡੈਸਕ 'ਤੇ ਤਾਇਨਾਤ ਟੈਲੀ-ਕਾਲਰ ਅਤੇ ਟੀਮ ਨੂੰ ਉਪਲਬਧ ਕਰਵਾਏ ਗਏ FAQ ਦੇ ਆਧਾਰ 'ਤੇ ਨਾਗਰਿਕਾਂ ਦੇ ਸਵਾਲਾਂ ਅਤੇ ਸ਼ਿਕਾਇਤਾਂ ਦਾ ਇੱਕੋ ਜਿਹਾ ਜਵਾਬ ਦੇਣ ਲਈ ਕਿਹਾ ਗਿਆ ਹੈ।
1950 'ਤੇ ਆਉਣ ਵਾਲੀ ਕਿਸੇ ਨਵੀਂ ਪੁੱਛਗਿੱਛ ਜਾਂ ਸਵਾਲ ਨੂੰ ਵੀ ਸਬੰਧਤ ਗਰੁੱਪ ਵਿੱਚ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਉਸ ਦਾ ਮਿਆਰੀ ਜਵਾਬ ਤਿਆਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪੋਰਟਲ 'ਤੇ ਫ੍ਰੀਜ਼ ਹੋਣ ਕਾਰਨ ਲੰਬਿਤ ਪੁਰਾਣੀਆਂ ਸ਼ਿਕਾਇਤਾਂ ਦਾ ਵੀ ਪੂਰਾ ਨਿਪਟਾਰਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਵੋਟਰਾਂ ਨੂੰ ਕਿਹਾ ਗਿਆ ਹੈ ਕਿ ਉਹ ਡਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਵੇਰਵੇ ਜ਼ਰੂਰ ਜਾਂਚਣ, ਨੋਟਿਸ ਨੂੰ ਧਿਆਨ ਨਾਲ ਪੜ੍ਹਨ ਅਤੇ ਨਿਰਧਾਰਤ ਸਮੇਂ ਵਿੱਚ ਜਵਾਬ ਦੇਣ। ਨੋਟਿਸ ਮਿਲਣ 'ਤੇ ਸੁਣਵਾਈ ਵਿੱਚ ਸ਼ਾਮਲ ਹੋਣ ਅਤੇ ਲੋੜੀਂਦੇ ਮੂਲ ਦਸਤਾਵੇਜ਼ ਨਾਲ ਲੈ ਕੇ ਜਾਣ।
ਕਿਸੇ ਅਧਿਕਾਰਤ ਸੂਚਨਾ ਨੂੰ ਨਜ਼ਰਅੰਦਾਜ਼ ਨਾ ਕਰੋ, ਗਲਤ ਜਾਣਕਾਰੀ ਜਾਂ ਜਾਅਲੀ ਦਸਤਾਵੇਜ਼ ਨਾ ਦਿਓ ਅਤੇ ਦਾਅਵੇ-ਇਤਰਾਜ਼ ਦਾਖ਼ਲ ਕਰਨ ਲਈ ਅੰਤਿਮ ਤਾਰੀਖ ਦਾ ਇੰਤਜ਼ਾਰ ਨਾ ਕਰੋ। ਗੈਰ-ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਦੀ ਬਜਾਏ ਸਿਰਫ਼ ਅਧਿਕਾਰਤ ਮਾਧਿਅਮਾਂ ਦੀ ਵਰਤੋਂ ਕਰੋ। ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।