- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਸੀਜ਼ਨਲ ਦਿਹਾੜੀਦਾਰਾਂ ਨੇ ਫਾਰਮ-ਏ ਭਰ ਕੇ ਇਸ ਨੀਤੀ ਨੂੰ ਅਪਣਾਇਆ ਹੈ, ਉਨ੍ਹਾਂ ਨੂੰ ਨਿਯਮਾਂ ਅਨੁਸਾਰ ਦਫ਼ਤਰੀ ਹੁਕਮ ਸੌਂਪ ਦਿੱਤੇ ਗਏ ਹਨ।

ਦਰਸ਼ਨ ਸਿੰਘ ਸੋਢੀ, ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਤੇ ਸੁਚੱਜੇ ਢੰਗ ਨਾਲ ਮਾਨਤਾ ਦੇਣ ਦੇ ਮੰਤਵ ਨਾਲ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਬੋਰਡ ਵੱਲੋਂ "The Punjab School Education Board (Welfare of Seasonal Daily Wage Workers), Policy-2026" ਨੂੰ ਅਧਿਕਾਰਤ ਤੌਰ 'ਤੇ ਲਾਗੂ ਕਰ ਦਿੱਤਾ ਗਿਆ ਹੈ। ਇਸ ਨੀਤੀ ਦੇ ਆਰੰਭ ਨਾਲ ਹੀ ਬੋਰਡ ਦੇ 223 ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਨੂੰ ਸਿੱਧਾ ਲਾਭ ਪਹੁੰਚਿਆ ਹੈ ਅਤੇ ਨੀਤੀ ਅਪਣਾਉਣ ਵਾਲੇ ਯੋਗ ਕਰਮਚਾਰੀਆਂ ਨੂੰ ਅੱਜ ਦਫ਼ਤਰੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਲੰਬੇ ਸਮੇਂ ਦੀਆਂ ਸੇਵਾਵਾਂ ਦਾ ਮਿਲਿਆ ਸਨਮਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਸੀਜ਼ਨਲ ਦਿਹਾੜੀਦਾਰਾਂ ਨੇ ਫਾਰਮ-ਏ ਭਰ ਕੇ ਇਸ ਨੀਤੀ ਨੂੰ ਅਪਣਾਇਆ ਹੈ, ਉਨ੍ਹਾਂ ਨੂੰ ਨਿਯਮਾਂ ਅਨੁਸਾਰ ਦਫ਼ਤਰੀ ਹੁਕਮ ਸੌਂਪ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨੀਤੀ ਲੰਬੇ ਅਰਸੇ ਤੋਂ ਬੋਰਡ ਨਾਲ ਜੁੜੇ ਕਾਮਿਆਂ ਦੀਆਂ ਸੇਵਾਵਾਂ ਨੂੰ ਵਿਵਸਥਿਤ ਕਰਨ, ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਹੈ।
ਪੂਰੇ ਮਹੀਨੇ ਦੀ ਤਨਖਾਹ ਅਤੇ ਛੁੱਟੀਆਂ ਦੀ ਮਿਲੇਗੀ ਸੁਵਿਧਾ
ਨਵੀਂ ਨੀਤੀ ਤਹਿਤ ਕਰਮਚਾਰੀਆਂ ਨੂੰ ਮਿਲੇ ਲਾਭਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਪੂਰੇ ਮਹੀਨੇ ਦੀ ਮਜ਼ਦੂਰੀ: ਪਹਿਲਾਂ ਇਨ੍ਹਾਂ ਕਰਮਚਾਰੀਆਂ ਨੂੰ ਮਹੀਨੇ ਵਿੱਚ ਮਹਿਜ਼ 12 ਤੋਂ 18 ਦਿਨਾਂ ਦਾ ਹੀ ਕੰਮ ਅਤੇ ਦਿਹਾੜੀ ਮਿਲਦੀ ਸੀ, ਪਰ ਹੁਣ ਨਵੀਂ ਪਾਲਿਸੀ ਨਾਲ ਉਨ੍ਹਾਂ ਨੂੰ ਪੂਰੇ ਮਹੀਨੇ ਦੀ ਤਨਖਾਹ ਮਿਲੇਗੀ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਸਥਿਰਤਾ ਪ੍ਰਾਪਤ ਹੋਵੇਗੀ।
ਛੁੱਟੀਆਂ ਦੇ ਲਾਭ: ਸੀਜ਼ਨਲ ਦਿਹਾੜੀਦਾਰਾਂ ਨੂੰ ਸਾਲ ਵਿੱਚ 10 ਛੁੱਟੀਆਂ ਤੋਂ ਇਲਾਵਾ ਸਰਕਾਰੀ (ਗਜਟਿਡ) ਛੁੱਟੀਆਂ, ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਦਾ ਵੀ ਪੂਰਾ ਫਾਇਦਾ ਮਿਲੇਗਾ।
ਸਮਾਜਿਕ ਸੁਰੱਖਿਆ: ਨਿਯਮਾਂ ਮੁਤਾਬਕ ਕਰਮਚਾਰੀਆਂ ਲਈ ਈ.ਐਸ.ਆਈ. ਅਤੇ ਈ.ਪੀ.ਐੱਫ. ਵਰਗੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਵੀ ਲਾਗੂ ਕੀਤੀਆਂ ਗਈਆਂ ਹਨ।
58 ਸਾਲ ਦੀ ਉਮਰ ਤੱਕ ਸੇਵਾ ਨਿਰੰਤਰਤਾ ਅਤੇ ਦਫ਼ਤਰੀ ਪਛਾਣ
ਚੇਅਰਮੈਨ ਨੇ ਅੱਗੇ ਦੱਸਿਆ ਕਿ ਨਵੀਂ ਨੀਤੀ ਅਧੀਨ ਯੋਗ ਕਰਮਚਾਰੀਆਂ ਦੀ ਸੇਵਾ 58 ਸਾਲ ਦੀ ਉਮਰ ਤੱਕ ਨਿਰੰਤਰ ਜਾਰੀ ਰਹੇਗੀ। ਇਨ੍ਹਾਂ ਕਾਮਿਆਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਕਲੈਰੀਕਲ ਅਤੇ ਗਰੁੱਪ-ਡੀ ਦੇ ਕੰਮਾਂ ਲਈ ਤਾਇਨਾਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਜਾਰੀ ਕੀਤੇ ਗਏ ਦਫ਼ਤਰੀ ਹੁਕਮਾਂ ਨਾਲ ਕਰਮਚਾਰੀਆਂ ਨੂੰ ਬੋਰਡ ਵਿੱਚ ਇੱਕ ਅਧਿਕਾਰਤ ਦਫ਼ਤਰੀ ਪਛਾਣ ਮਿਲੀ ਹੈ। ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਸ਼ਨਾਖਤੀ ਕਾਰਡ ਅਤੇ ਸ਼ਨਾਖਤੀ ਨੰਬਰ ਜਾਰੀ ਕੀਤੇ ਜਾ ਰਹੇ ਹਨ, ਤਾਂ ਜੋ ਉਹ ਆਮ ਕਰਮਚਾਰੀਆਂ ਵਾਂਗ ਨਿਰਧਾਰਤ ਪ੍ਰਕਿਰਿਆ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਣ।
ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ
ਦਫ਼ਤਰੀ ਹੁਕਮ ਪ੍ਰਾਪਤ ਕਰਨ ਉਪਰੰਤ ਸੀਜ਼ਨਲ ਦਿਹਾੜੀਦਾਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨੀਤੀ ਨਾਲ ਉਨ੍ਹਾਂ ਵਿੱਚ ਆਤਮ-ਸੰਮਾਨ ਅਤੇ ਭਵਿੱਖ ਦੀ ਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ। ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਦਫ਼ਤਰੀ ਮਾਨਤਾ ਦੀ ਮੰਗ ਪੂਰੀ ਹੋਣ 'ਤੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦਾ ਵਿਸ਼ੇਸ਼ ਧੰਨਵਾਦ ਕੀਤਾ। ਕਰਮਚਾਰੀਆਂ ਨੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੀ ਇਮਾਨਦਾਰੀ, ਲਗਨ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ।