- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਦੀ ਸ਼ਾਨਦਾਰ ਤੇ ਮਿਸਾਲੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਾਲ 2025-26 ਦੌਰਾਨ ਲੋਕਾਂ ਦੇ ਸਹਿਯੋਗ ਨਾਲ ਲਗਾਏ ਗਏ 6583 ਖੂਨਦਾਨ ਕੈਂਪਾਂ ਰਾਹੀਂ ਪੰਜਾਬ ਭਰ ’ਚ ਕੁੱਲ 5,44,167 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕੇਂਦਰ ਸਰਕਾਰ ਦੇ ‘ਈ-ਰਕਤਕੋਸ਼’ ਪੋਰਟਲ ’ਤੇ ਦਰਜ ਕੀਤੇ ਸਾਲ-2025 ਦੇ ਅੰਕੜਿਆਂ ਮੁਤਾਬਕ ਪੰਜਾਬ ਨੇ ਪ੍ਰਤੀ 10 ਲੱਖ ਆਬਾਦੀ ਪਿੱਛੇ ਸਵੈ-ਇੱਛਾ ਨਾਲ ਖ਼ੂਨਦਾਨ ਕਰਨ ’ਚ ਦੇਸ਼ ਭਰ ਵਿਚੋਂ ਤੀਜਾ ਸਥਾਨ ਹਾਸਲ ਕਰ ਕੇ ਸੂਬੇ ਦਾ ਮਾਣ ਵਧਾਇਆ ਹੈ। ਪੰਜਾਬ ਦੇ ਲੋਕਾਂ, ਸਵੈ-ਇੱਛਤ ਖ਼ੂਨਦਾਨੀਆਂ, ਗ਼ੈਰ-ਸਰਕਾਰੀ ਸੰਸਥਾਵਾਂ ਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਨੇਕ ਮਨੁੱਖਤਾਵਾਦੀ ਜਜ਼ਬੇ ਨੂੰ ਪੰਜਾਬੀਆਂ ਦੀ ਨਿਰਸਵਾਰਥ ਭਾਵਨਾ ਤੇ ਹਮਦਰਦੀ ਦਾ ਪ੍ਰਤੀਕ ਦੱਸਿਆ। ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਸਵਰਨ ਜੈਅੰਤੀ ਆਡੀਟੋਰੀਅਮ ਵਿਖੇ ਕਰਵਾਏ ‘ਰਾਸ਼ਟਰੀ ਸਵੈ-ਇੱਛਤ ਖ਼ੂਨਦਾਨ ਦਿਵਸ’ (ਐੱਨਵੀਬੀਡੀਡੀ) 2026 ਦੇ ਸਮਾਗਮ ਦੌਰਾਨ ਸੂਬੇ ਨੂੰ ਅਧਿਕਾਰਤ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ’ਚ ਡਾ. ਐੱਮ. ਸ੍ਰੀਨਿਵਾਸ, ਮੈਂਬਰ (ਸਿਹਤ) ਨੀਤੀ ਆਯੋਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਲਵਨੀਸ਼ ਜੀ. ਕ੍ਰਿਸ਼ਨਾ ਤੇ ਐੱਲ.ਐੱਚ.ਐੱਮ.ਸੀ. ਦੀ ਡਾਇਰੈਕਟਰ ਡਾ. ਹਿਮਾਨੀ ਆਹਲੂਵਾਲੀਆ ਵੀ ਮੌਜੂਦ ਸਨ।
ਸੂਬੇ ਦੀ ਸ਼ਾਨਦਾਰ ਤੇ ਮਿਸਾਲੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਾਲ 2025-26 ਦੌਰਾਨ ਲੋਕਾਂ ਦੇ ਸਹਿਯੋਗ ਨਾਲ ਲਗਾਏ ਗਏ 6583 ਖੂਨਦਾਨ ਕੈਂਪਾਂ ਰਾਹੀਂ ਪੰਜਾਬ ਭਰ ’ਚ ਕੁੱਲ 5,44,167 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਸੂਬੇ ’ਚ ਇਕੱਤਰ ਕੀਤੇ ਗਏ ਕੁੱਲ ਖ਼ੂਨ ਦਾ 92 ਫੀਸਦੀ ਹਿੱਸਾ ਸਵੈ-ਇੱਛਤ ਸੀ, ਜਦਕਿ ਸਰਕਾਰੀ ਖ਼ੂਨ ਕੇਂਦਰਾਂ ’ਚ ਇਹ ਯੋਗਦਾਨ 99.6 ਫੀਸਦੀ ਸੀ। ਸਿਹਤ ਮੰਤਰੀ ਨੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕਾਊਂਸਲ (ਪੀਐਸਬੀਟੀਸੀ), ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਪੀਐਸਏਸੀਐਸ), ਸਰਕਾਰੀ ਤੇ ਪ੍ਰਾਈਵੇਟ ਬਲੱਡ ਸੈਂਟਰਾਂ, ਗੈਰ-ਸਰਕਾਰੀ ਸੰਸਥਾਵਾਂ, ਵਿਦਿਅਕ ਅਦਾਰਿਆਂ ਤੇ ਹੋਰ ਭਾਈਵਾਲਾਂ ਵੱਲੋਂ ਵੱਡੇ ਪੱਧਰ ’ਤੇ ਜਾਗਰੂਕਤਾ ਫੈਲਾਉਣ ਲਈ ਕੀਤੇ ਗਏ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੌਜਵਾਨਾਂ ਤੇ ਵਿਦਿਆਰਥੀ ਵਲੰਟੀਅਰਾਂ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਵਿੱਖ ਲਈ ਖ਼ੂਨ ਦਾਨੀਆਂ ਦਾ ਇੱਕ ਮਜ਼ਬੂਤ ਤੇ ਨਿਰੰਤਰ ਚੱਲਣ ਵਾਲੇ ਡਾਟਾਬੇਸ ਤਿਆਰ ਕਰਨ ’ਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਬਹੁਤ ਅਹਿਮ ਹੈ।