- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜ੍ਹੇ ਦੇ ਸੁਰ ਨਰਮ ਹੋਣ ਲੱਗੇ ਹਨ ਅਤੇ ਉਹਨਾਂ ਵੀਰਵਾਰ ਨੂੰ ਮੀਟਿੰਗ ਕਰਕੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨਾਲ ਮੀਟਿੰਗ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਹ ਮੀਟਿੰਗ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਪਰ ਮੌਕੇ ਦੀ ਸਥਿਤੀ ਨੂੰ ਭਾਂਪਦੇ ਹੋਏ ਸਥਾਨ ਬਦਲਿਆ ਵੀ ਜਾ ਸਕਦਾ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਡੀ-ਰੇਲ ਹੋਈ ਗੱਡੀ ਹੌਲੀ-ਹੌਲੀ ਪਟੜੀ ’ਤੇ ਆਉਣ ਲੱਗੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜ੍ਹੇ ਦੇ ਸੁਰ ਨਰਮ ਹੋਣ ਲੱਗੇ ਹਨ ਅਤੇ ਉਹਨਾਂ ਵੀਰਵਾਰ ਨੂੰ ਮੀਟਿੰਗ ਕਰਕੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨਾਲ ਮੀਟਿੰਗ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਹ ਮੀਟਿੰਗ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਪਰ ਮੌਕੇ ਦੀ ਸਥਿਤੀ ਨੂੰ ਭਾਂਪਦੇ ਹੋਏ ਸਥਾਨ ਬਦਲਿਆ ਵੀ ਜਾ ਸਕਦਾ ਹੈ। ਸੱਭਤੋਂ ਅਹਿਮ ਗੱਲ ਹੈ ਕਿ ਚੰਨੀ ਧੜ੍ਹੇ ਦੇ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕੋਈ ਮੀਟਿੰਗ ਨਹੀਂ ਕਰਨਗੇ ਤੇ ਉਹ ਕਾਂਗਰਸ ਭਵਨ ਵੀ ਨਹੀਂ ਜਾਣਗੇ।
ਓਧਰ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨਾਲ ਮੁਲਾਕਾਤ ਕੀਤੀ। ਦੱਸਿਆ ਜਾਂਦਾ ਹੈ ਕਿ ਸ਼੍ਰੀਮਤੀ ਭੱਠਲ ਨੇ ਬਘੇਲ ਕੋਲ ਰਾਜਾ ਵੜਿੰਗ ਦੀਆਂ ਗਤੀਵਿਧੀਆਂ ਨੂੰ ਲੈ ਕੇ ਉਂਗਲ ਚੁੱਕੀ ਹੈ। ਭੱਠਲ ਨੇ ਤਰਕ ਦਿੱਤਾ ਹੈ ਕਿ ਵੜਿੰਗ ਨੇ ਪਾਰਟੀ ’ਚ ਗੁਟਬਾਜ਼ੀ ਨੂੰ ਉਤਸ਼ਾਹਤ ਕੀਤਾ ਤੇ ਸੀਨੀਅਰ ਆਗੂਆਂ ਦੀ ਅਣਦੇਖੀ ਕੀਤੀ ਹੈ।
ਬਘੇਲ ਨਾਲ ਮੀਟਿੰਗ ਕਰਨ ਉਪਰੰਤ ਰਾਜਿੰਦਰ ਕੌਰ ਭੱਠਲ ਨੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ, ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾਂ, ਭਾਰਤ ਭੂਸ਼ਣ ਆਸ਼ੂ ਸਮੇਤ ਹੋਰਨਾਂ ਆਗੂਆਂ ਨਾਲ ਵੀ ਮੀਟਿੰਗ ਕੀਤੀ ਹੈ। ਭੱਠਲ ਨੇ ਚੰਨੀ ਧੜ੍ਹੇ ਦੀ ਮੰਗ ਅਤੇ ਦਲੀਲਾਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਨੂੰ ਖ਼ਤਮ ਕਰਨ ਲਈ ਪਿਛਲੇ ਚਾਰ ਦਿਨਾਂ ਤੋਂ ਭੁਪੇਸ਼ ਬਘੇਲ ਤੇ ਹੋਰਨਾਂ ਆਗੂਆਂ ਨੇ ਚੰਡੀਗੜ੍ਹ ’ਚ ਡੇਰੇ ਲਾਏ ਹੋਏ ਹਨ। ਜਿੱਥੇ ਉਹ ਪਾਰਟੀ ਦੇ ਸੀਨੀਅਰ ਆਗੂਆਂ, ਅਹੁਦੇਦਾਰਾਂ ਨਾਲ ਮੀਟਿੰਗ ਕਰ ਰਹੇ ਹਨ, ਉੱਥੇ ਉਹਨਾਂ ਸੀਨੀਅਰ ਆਗੂਆਂ ਨੂੰ ਚੰਨੀ ਨੂੰ ਮਨਾਉਣ ਲਈ ਭੇਜਿਆ।
ਜਾਣਕਾਰੀ ਅਨੁਸਾਰ ਵੀਰਵਾਰ ਨੂੰ ਚੰਨੀ ਧੜ੍ਹੇ ਦੇ ਆਗੂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਇਕੱਠੇ ਹੋਏ। ਕਾਂਗਰਸੀਆਂ ਆਗੂਆਂ ਨੇ ਕਾਂਗਰਸ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਲੰਬੀ ਵਿਚਾਰ ਚਰਚਾ ਕੀਤੀ ਤੇ ਅੰਤ ’ਚ ਰਾਜਾ ਵੜਿੰਗ ਦੀ ਗੈਰਹਾਜ਼ਰੀ ’ਚ ਭੁਪੇਸ਼ ਬਘੇਲ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ। ਦੱਸਿਆ ਜਾਂਦਾ ਹੈ ਕਿ ਸੀਨੀਅਰ ਆਗੂਆਂ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਆਪਣਾ ਪੱਖ ਜਰੂਰ ਰੱਖਣਾ ਚਾਹੀਦਾ ਹੈ। ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਕਾਰਨ ਨਾਰਾਜ਼ ਹੋਏ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਉਹ ਰਾਜਾ ਵੜਿੰਗ ਨਾਲ ਕੋਈ ਰਾਬਤਾ ਨਹੀਂ ਰੱਖਣਗੇ ਤੇ ਮਸਲੇ ਦਾ ਹੱਲ ਹੋਣ ਤੱਕ ਪੰਜਾਬ ਕਾਂਗਰਸ ਭਵਨ ’ਚ ਨਹੀਂ ਜਾਣਗੇ।
ਓਧਰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦਾ ਜਿਹੜਾ ਆਗੂ ਉਨ੍ਹਾਂ ਨੂੰ ਬੁਲਾਏਗਾ ਉਹ ਉੱਥੇ ਜਾਣ ਲਈ ਤਿਆਰ ਹਨ। ਬਘੇਲ ਨੇ ਚੰਨੀ ਧੜ੍ਹੇ ਵੱਲੋਂ ਮੀਟਿੰਗ ਕਰਨ ਬਾਰੇ ਲਏ ਗਏ ਫੈਸਲੇ ’ਤੇ ਸਤੁੰਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਕਾਂਗਰਸੀ ਆਗੂਆਂ ਦੀ ਗੱਲ ਸੁਣਨ ਲਈ ਜਾਣਗੇ।
ਇੱਥੇ ਦੱਸਿਆ ਜਾਂਦਾ ਹੈ ਕਿ ਕਾਂਗਰਸ ਵਲੋ ਅਮਰਿਦੰਰ ਸਿੰਘ ਰਾਜਾ ਵੜਿੰਗ ਨੂੰ ਮੁੜ ਪ੍ਰਧਾਨ ਥਾਪੇ ਜਾਣ ਕਾਰਨ ਕਾਂਗਰਸ ਦੇ ਇਕ ਧੜੇ ਨੇ ਨਰਾਜ਼ਗੀ ਪ੍ਰਗਟ ਕੀਤੀ ਤੇ ਕਾਂਗਰਸ ਦੀ ਖਾਨਾਜੰਗੀ ਖੁੱਲ੍ਹ ਕੇ ਬਾਹਰ ਆ ਗਈ। ਰੁੱਸੇ ਆਗੂਆਂ ਨੂੰ ਮਨਾਉਣ ਲਈ ਭੁਪੇਸ਼ ਬਘੇਲ ਤੇ ਹੋਰ ਆਗੂ ਪੰਜ ਦਿਨ ਦੇ ਦੌਰੇ ’ਤੇ ਚੰਡੀਗੜ੍ਹ ਆਏ ਹੋਏ ਹਨ।
ਕਾਂਗਰਸ ਪੂਰੀ ਤਰ੍ਹਾਂ ਇਕਜੁੱਟ : ਰੰਧਾਵਾਂ
ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਪਾਰਟੀ ਦੇ ਸਾਰੇ ਸੀਨੀਅਰ ਆਗੂ ਸਮੂਹਿਕ ਤੌਰ ’ਤੇ ਹਾਈਕਮਾਂਡ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਕੋਈ ਵੀ ਆਗੂ ਨਿੱਜੀ ਤੌਰ ’ਤੇ ਨਹੀਂ, ਸਗੋਂ ਸਾਰੇ ਮਿਲ ਕੇ ਆਪਣੀ ਗੱਲ ਰੱਖਣਗੇ ਅਤੇ ਹਾਈਕਮਾਂਡ ਦੀ ਰਾਏ ਵੀ ਸੁਣਣਗੇ। ਰੰਧਾਵਾ ਨੇ ਕਿਹਾ ਕਿ ਕਾਂਗਰਸ ’ਚ ਲੋਕਤੰਤਰੀ ਪ੍ਰਣਾਲੀ ਹੈ। ਪਾਰਟੀ ਦੇ ਅੰਦਰ ਜੇਕਰ ਕਿਸੇ ਵੀ ਮੁੱਦੇ ’ਤੇ ਮਤਭੇਦ ਹਨ ਤਾਂ ਉਨ੍ਹਾਂ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵਾਂਗ ਤਾਨਾਸ਼ਾਹੀ ਨਹੀਂ ਹੈ, ਸਗੋਂ ਹਰ ਆਗੂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸੰਗਠਨਾਤਮਕ ਪ੍ਰਕਿਰਿਆ ਤਹਿਤ ਸਿਰਫ਼ ਭੂਪੇਸ਼ ਬਘੇਲ ਹੀ ਨਹੀਂ, ਸਗੋਂ ਕੇਸੀ ਵੇਣੂਗੋਪਾਲ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਤੇ ਲੋੜ ਪੈਣ ’ਤੇ ਉਹ ਦਿੱਲੀ ਵੀ ਜਾਣਗੇ।
ਵਿਚਾਰਾਂ ਦੇ ਮਤਭੇਦ ਹੋ ਸਕਦੇ ਪਰ ਮਿਲ ਕੇ ਲੜਾਂਗੇ : ਪਰਗਟ ਸਿੰਘ
ਵਿਧਾਇਕ ਪਰਗਟ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਇੱਕ ਲੋਕਤੰਤਰੀ ਪਾਰਟੀ ਹੈ, ਜਿੱਥੇ ਵਿਚਾਰਾਂ ਵਿਚ ਮਤਭੇਦ ਹੋ ਸਕਦੇ ਹਨ, ਪਰ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਸਾਰੇ ਆਗੂ ਆਉਣ ਵਾਲੀਆਂ ਚੋਣਾਂ ਇਕਜੁੱਟ ਹੋ ਕੇ ਲੜਣਗੇ ਤੇ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰਨਗੇ। ਕਾਂਗਰਸ ਦੇ ਸਾਰੇ ਸੀਨੀਅਰ ਆਗੂ ਸਮੂਹਿਕ ਤੌਰ ’ਤੇ ਹਾਈਕਮਾਂਡ ਅੱਗੇ ਆਪਣੀ ਗੱਲ ਰੱਖਣਗੇ। ਕੋਈ ਵੀ ਆਗੂ ਨਿੱਜੀ ਤੌਰ ’ਤੇ ਨਹੀਂ, ਸਗੋਂ ਸਾਰੇ ਮਿਲ ਕੇ ਪਾਰਟੀ ਦੇ ਹਿੱਤ ’ਚ ਚਰਚਾ ਕਰਨਗੇ ਤੇ ਹਾਈਕਮਾਂਡ ਦੇ ਮਾਰਗਦਰਸ਼ਨ ਅਨੁਸਾਰ ਅਗਲੀ ਰਣਨੀਤੀ ਤੈਅ ਕਰਨਗੇ।
ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਹਰ ਆਗੂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈ। ਜੇਕਰ ਕਿਸੇ ਮੁੱਦੇ ’ਤੇ ਮਤਭੇਦ ਹਨ ਤਾਂ ਉਨ੍ਹਾਂ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਇਆ ਜਾਵੇਗਾ। ਇਹੀ ਕਾਂਗਰਸ ਦੀ ਲੋਕਤੰਤਰੀ ਪਰੰਪਰਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮਕਸਦ ਸਿਰਫ਼ ਸੰਗਠਨ ਨੂੰ ਮਜ਼ਬੂਤ ਕਰਨਾ ਹੀ ਨਹੀਂ, ਸਗੋਂ ਪੰਜਾਬ ਨੂੰ ਮੌਜੂਦਾ ਸੰਕਟ ’ਚੋਂ ਬਾਹਰ ਕੱਢਣਾ ਵੀ ਹੈ।