- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਪੀ ਬਰਾੜ ਨੇ ਦੱਸਿਆ ਕਿ ਵਰਿੰਦਰ ਜੋਬਨ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਦੀ ਮੋਸਟ ਵਾਂਟੇਡ ਸੂਚੀ ਵਿਚ ਸ਼ਾਮਲ ਸੀ। ਉਹ ਸਾਲ 2023 'ਚ ਹੋਏ ਜਰਨੈਲ ਸਿੰਘ ਸਤੀਆਲਾ ਕਤਲਕਾਂਡ ਦਾ ਮੁਲਜ਼ਮ ਹੈ। ਇਸ ਤੋਂ ਬਾਅਦ ਸਾਲ 2024 'ਚ ਹੋਏ ਦੀਪੂ ਜਨਾਲੇ ਕਤਲਕਾਂਡ 'ਚ ਵੀ ਉਸ ਦਾ ਨਾਂ ਸਾਹਮਣੇ ਆਇਆ। 13 ਸਾਲਾ ਗੁਰਸੇਵਕ ਸਿੰਘ ਦੇ ਕਤਲ ਦੇ ਮਾਮਲੇ 'ਚ ਵੀ ਉਹ ਲੋੜੀਂਦਾ ਸੀ।

ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਸੂਬਾ ਸਰਕਾਰ ਦੀ ਵਿਸ਼ੇਸ਼ ਮੁਹਿੰਮ 'ਆਪ੍ਰੇਸ਼ਨ ਲੌਂਗ ਆਰਮ' (Operation Long Arm) ਤਹਿਤ ਵਿਦੇਸ਼ 'ਚ ਛਿਪੇ ਚਾਰ ਕਤਲਾਂ ਦੇ ਮੁਲਜ਼ਮ ਗੈਂਗਸਟਰ ਵਰਿੰਦਰ ਜੋਬਨ ਨੂੰ ਗ੍ਰਿਫ਼ਤਾਰ ਕਰਨ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। AGTF ਦੇ ਐੱਸਪੀ ਵਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਹ ਕਾਰਵਾਈ ਕਰੀਬ ਤਿੰਨ ਮਹੀਨੇ ਤਕ ਚੱਲੀ ਖੁਫ਼ੀਆ, ਤਕਨੀਕੀ ਤੇ ਕੌਮਾਂਤਰੀ ਤਾਲਮੇਲ ਵਾਲੀ ਜਾਂਚ ਦਾ ਨਤੀਜਾ ਹੈ। ਇਸੇ ਮੁਹਿੰਮ ਦੌਰਾਨ ਹਰਿਆਣਾ ਦੇ ਲੋੜੀਂਦੇ ਮੁਲਜ਼ਮ ਮਨਜੋਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਖ਼ਿਲਾਫ਼ ਵੱਖ-ਵੱਖ ਸੂਬਿਆਂ 'ਚ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।
ਐੱਸਪੀ ਬਰਾੜ ਨੇ ਦੱਸਿਆ ਕਿ ਵਰਿੰਦਰ ਜੋਬਨ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਦੀ ਮੋਸਟ ਵਾਂਟੇਡ ਸੂਚੀ ਵਿਚ ਸ਼ਾਮਲ ਸੀ। ਉਹ ਸਾਲ 2023 'ਚ ਹੋਏ ਜਰਨੈਲ ਸਿੰਘ ਸਤੀਆਲਾ ਕਤਲਕਾਂਡ ਦਾ ਮੁਲਜ਼ਮ ਹੈ। ਇਸ ਤੋਂ ਬਾਅਦ ਸਾਲ 2024 'ਚ ਹੋਏ ਦੀਪੂ ਜਨਾਲੇ ਕਤਲਕਾਂਡ 'ਚ ਵੀ ਉਸ ਦਾ ਨਾਂ ਸਾਹਮਣੇ ਆਇਆ। 13 ਸਾਲਾ ਗੁਰਸੇਵਕ ਸਿੰਘ ਦੇ ਕਤਲ ਦੇ ਮਾਮਲੇ 'ਚ ਵੀ ਉਹ ਲੋੜੀਂਦਾ ਸੀ। ਸਾਲ 2025 'ਚ ਹੋਏ ਵਿੱਕੀ ਚੁੱਘਾ ਕਤਲਕਾਂਡ 'ਚ ਵੀ ਉਹ ਮੁਲਜ਼ਮ ਸੀ। ਇਨ੍ਹਾਂ ਸਾਰੇ ਮਾਮਲਿਆਂ 'ਚ ਉਸ ਦੇ ਖ਼ਿਲਾਫ਼ ਕਤਲ ਤੇ ਹੋਰ ਗੰਭੀਰ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। ਕਈ ਮਾਮਲਿਆਂ 'ਚ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਵਿਦੇਸ਼ ਭੱਜ ਗਿਆ ਸੀ।
ਉਨ੍ਹਾਂ ਦੱਸਿਆ ਕਿ 'ਆਪ੍ਰੇਸ਼ਨ ਲੌਂਗ ਆਰਮ' ਤਹਿਤ ਏਜੀਟੀਐੱਫ਼, ਪੰਜਾਬ ਪੁਲਿਸ ਦੇ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਸੈੱਲ, ਹਰਿਆਣਾ ਐੱਸਟੀਐੱਫ਼ ਤੇ ਕੇਂਦਰੀ ਏਜੰਸੀਆਂ ਨੇ ਸਾਂਝੇ ਤੌਰ 'ਤੇ ਕੰਮ ਕੀਤਾ। ਕਰੀਬ ਤਿੰਨ ਮਹੀਨੇ ਤਕ ਮੁਲਜ਼ਮਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਗਈ। ਤਕਨੀਕੀ ਇਨਪੁਟ, ਖੁਫ਼ੀਆ ਜਾਣਕਾਰੀਆਂ ਤੇ ਵੱਖ-ਵੱਖ ਏਜੰਸੀਆਂ ਤੋਂ ਮਿਲੇ ਸਬੂਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਤੋਂ ਬਾਅਦ ਕੌਮਾਂਤਰੀ ਏਜੰਸੀਆਂ ਦੇ ਸਹਿਯੋਗ ਨਾਲ ਦੋਵਾਂ ਮੁਲਜ਼ਮਾਂ ਤੱਕ ਪਹੁੰਚ ਬਣਾਈ ਗਈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬਰਾੜ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਫੋਕਸ ਸਿਰਫ਼ ਸੂਬੇ ਦੇ ਅੰਦਰ ਸਰਗਰਮ ਗੈਂਗਸਟਰਾਂ 'ਤੇ ਹੀ ਨਹੀਂ, ਸਗੋਂ ਵਿਦੇਸ਼ ਬੈਠ ਕੇ ਅਪਰਾਧ ਚਲਾਉਣ ਵਾਲੇ ਨੈੱਟਵਰਕ 'ਤੇ ਵੀ ਹੈ। ਪਿਛਲੇ ਕੁਝ ਸਾਲਾਂ 'ਚ ਕਈ ਗੈਂਗਸਟਰ ਵਿਦੇਸ਼ ਤੋਂ ਫੋਨ ਕਾਲਾਂ ਅਤੇ ਇੰਟਰਨੈੱਟ ਮੀਡੀਆ ਰਾਹੀਂ ਵਪਾਰੀਆਂ, ਕਾਰੋਬਾਰੀਆਂ ਤੇ ਹੋਰ ਲੋਕਾਂ ਤੋਂ ਫਿਰੌਤੀ ਮੰਗਦੇ ਰਹੇ ਹਨ। ਇਸ ਤੋਂ ਇਲਾਵਾ ਕਤਲ, ਕਤਲ ਦੀ ਸਾਜ਼ਿਸ਼ ਤੇ ਹੋਰ ਸੰਗਠਿਤ ਅਪਰਾਧਾਂ ਨੂੰ ਵੀ ਵਿਦੇਸ਼ 'ਚ ਬੈਠ ਕੇ ਚਲਾਇਆ ਜਾਂਦਾ ਰਿਹਾ ਹੈ। 'ਆਪ੍ਰੇਸ਼ਨ ਲੌਂਗ ਆਰਮ' ਤਹਿਤ ਅਜਿਹੇ ਨੈੱਟਵਰਕ 'ਤੇ ਲਗਾਤਾਰ ਚੋਟ ਕੀਤੀ ਜਾ ਰਹੀ ਹੈ ਤੇ ਫ਼ਰਾਰ ਮੁਲਜ਼ਮਾਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਉਣ ਦੀ ਕਾਰਵਾਈ ਜਾਰੀ ਹੈ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਲੁਕੇ ਹੋਰ ਲੋੜੀਂਦੇ ਗੈਂਗਸਟਰ ਵੀ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਰਡਾਰ 'ਤੇ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਹਵਾਲਗੀ (Extradition), ਡਿਪੋਰਟੇਸ਼ਨ ਤੇ ਹੋਰ ਕਾਨੂੰਨੀ ਪ੍ਰਕਿਰਿਆਵਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਹਾ ਹੈ। ਪੰਜਾਬ ਪੁਲਿਸ ਦਾ ਸਪੱਸ਼ਟ ਸੁਨੇਹਾ ਹੈ ਕਿ ਸੂਬੇ 'ਚ ਅਪਰਾਧ ਕਰ ਕੇ ਵਿਦੇਸ਼ ਭੱਜਣ ਵਾਲਾ ਕੋਈ ਵੀ ਮੁਲਜ਼ਮ ਕਾਨੂੰਨ ਦੀ ਪਹੁੰਚ ਤੋਂ ਬਾਹਰ ਨਹੀਂ ਹੈ। ਆਉਣ ਵਾਲੇ ਸਮੇਂ 'ਚ ਵੀ 'ਆਪ੍ਰੇਸ਼ਨ ਲੌਂਗ ਆਰਮ' ਤਹਿਤ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ ਤੇ ਵਿਦੇਸ਼ਾਂ 'ਚ ਛਿਪੇ ਹੋਰ ਲੋੜੀਂਦੇ ਗੈਂਗਸਟਰਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਭਾਰਤ ਲਿਆਂਦਾ ਜਾਵੇਗਾ।