ਛੱਤਬੀੜ ਚਿੜੀਆਘਰ 'ਚ ਸ਼ੇਰ ਤੇ ਹਿਰਨ ਸਫਾਰੀ ਬੰਦ; ਸੈਲਾਨੀ ਖੱਜਲ-ਖ਼ੁਆਰ ਛੱਤਬੀੜ ਚਿੜੀਆਘਰ 'ਚ ਸ਼ੇਰ ਤੇ ਹਿਰਨ ਸਫਾਰੀ ਬੰਦ ;
Publish Date: Sun, 05 Jul 2026 09:11 PM (IST)
Updated Date: Mon, 06 Jul 2026 04:12 AM (IST)
-ਪ੍ਰਸ਼ਾਸਨ ਨੇ ਘਾਹ ਕੱਟਣ ਦਾ ਬਹਾਨਾ ਬਣਾ ਕੇ ਟਿਕਟ ਕਾਊਂਟਰ ਤੇ ਲਾਇਆ ਨੋਟਿਸ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਉੱਤਰੀ ਭਾਰਤ ਦੇ ਪ੍ਰਸਿੱਧ ਮਹਿੰਦਰਾ ਚੌਧਰੀ ਚਿੜੀਆਘਰ ’ਚ 1 ਜੁਲਾਈ ਤੋਂ ਸ਼ੇਰ ਤੇ ਹਿਰਨ ਸਫਾਰੀ ਅਚਾਨਕ ਬੰਦ ਪਏ ਹੋਣ ਕਾਰਨ ਇੱਥੇ ਪਹੁੰਚ ਰਹੇ ਸੈਲਾਨੀਆਂ ਨੂੰ ਭਾਰੀ ਨਿਰਾਸ਼ਾ ਤੇ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਚਿੜੀਆਘਰ ਪ੍ਰਸ਼ਾਸਨ ਵੱਲੋਂ ਟਿਕਟ ਕਾਊਂਟਰ ਤੇ ਪ੍ਰਬੰਧਕੀ ਕਾਰਨਾਂ ਤੇ ਸਫਾਰੀ ਖੇਤਰ ਵਿਚ ਘਾਹ ਕੱਟਣ ਦਾ ਹਵਾਲਾ ਦੇ ਕੇ ਸਫਾਰੀ ਬੰਦ ਹੋਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਦੂਰ-ਦੁਰਾਡੇ ਤੋਂ ਆ ਰਹੇ ਸੈਲਾਨੀਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਨਾ ਤਾਂ ਬੰਦ ਹੋਣ ਦੇ ਅਸਲ ਕਾਰਨ ਸਪੱਸ਼ਟ ਕੀਤੇ ਜਾ ਰਹੇ ਹਨ ਤੇ ਨਾ ਹੀ ਉਨ੍ਹਾਂ ਦੀ ਅਧਿਕਾਰਤ ਵੈੱਬਸਾਈਟ ਜਾਂ ਹੈਲਪਲਾਈਨ ਨੰਬਰ ਤੇ ਇਸ ਸਬੰਧੀ ਪਹਿਲਾਂ ਤੋਂ ਕੋਈ ਸੂਚਨਾ ਦਿੱਤੀ ਸੀ। -ਠੇਕੇਦਾਰ ਨਾਲ ਕਰਾਰ ਖ਼ਤਮ ਹੋਣਾ ਬਣਿਆ ਮੁੱਖ ਕਾਰਨ ਜਾਣਕਾਰੀ ਅਨੁਸਾਰ ਸ਼ੇਰ ਸਫਾਰੀ ਦੇ ਸੰਚਾਲਨ (ਬੱਸਾਂ ਚਲਾਉਣ) ਵਾਲੇ ਮੌਜੂਦਾ ਠੇਕੇਦਾਰ ਦਾ ਕਰਾਰ 30 ਜੂਨ ਨੂੰ ਸਮਾਪਤ ਹੋ ਗਿਆ ਸੀ। ਸਾਬਕਾ ਠੇਕੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਮਹੀਨੇ ਕਰੀਬ 12 ਲੱਖ 45 ਹਜ਼ਾਰ ਰੁਪਏ ਦੀ ਭਾਰੀ ਰਕਮ ਪ੍ਰਸ਼ਾਸਨ ਨੂੰ ਅਦਾ ਕਰਨੀ ਪੈਂਦੀ ਸੀ ਅਤੇ ਮੌਜੂਦਾ ਮਹਿੰਗਾਈ ਤੇ ਦਰਾਂ ਮੁਤਾਬਕ ਇਸ ਸੇਵਾ ਨੂੰ ਅੱਗੇ ਜਾਰੀ ਰੱਖਣਾ ਉਨ੍ਹਾਂ ਲਈ ਸੰਭਵ ਨਹੀਂ ਰਿਹਾ ਸੀ। ਇਸ ਤੋਂ ਬਾਅਦ ਚਿੜੀਆਘਰ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਨਵਾਂ ਠੇਕੇਦਾਰ ਮਿਲਣ ਤੱਕ ਉਹ ਸਫਾਰੀ ਦਾ ਸੰਚਾਲਨ ਆਪਣੇ ਪੱਧਰ ਤੇ ਕਰਨਗੇ, ਪਰ ਪਹਿਲੀ ਜੁਲਾਈ ਤੋਂ ਲੈ ਕੇ ਅੱਜ ਤੱਕ ਪ੍ਰਸ਼ਾਸਨ ਸਫਾਰੀ ਨੂੰ ਮੁੜ ਸ਼ੁਰੂ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ। -9 ਜੁਲਾਈ ਨੂੰ ਖੁੱਲ੍ਹੇਗਾ ਨਵਾਂ ਟੈਂਡਰ, ਪ੍ਰਸ਼ਾਸਨ ਨੂੰ ਆਸ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਚਿੜੀਆਘਰ ਪ੍ਰਸ਼ਾਸਨ ਨੇ ਹੁਣ ਕਰੀਬ 13 ਲੱਖ 65 ਹਜ਼ਾਰ ਰੁਪਏ ਮਹੀਨਾਵਾਰ ਦੀ ਵਧੇਰੇ ਦਰ ਨਾਲ ਨਵਾਂ ਟੈਂਡਰ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਕੱਢੇ ਗਏ ਤਿੰਨ ਟੈਂਡਰਾਂ ਵਿਚ ਕਿਸੇ ਵੀ ਠੇਕੇਦਾਰ ਨੇ ਦਿਲਚਸਪੀ ਨਹੀਂ ਦਿਖਾਈ ਸੀ। ਹੁਣ ਇਹ ਨਵਾਂ ਟੈਂਡਰ 9 ਜੁਲਾਈ ਨੂੰ ਖੋਲ੍ਹਿਆ ਜਾਣਾ ਹੈ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਇਸ ਵਾਰ ਕੋਈ ਨਵਾਂ ਠੇਕੇਦਾਰ ਸਫਾਰੀ ਦੇ ਸੰਚਾਲਨ ਦੀ ਜ਼ਿੰਮੇਵਾਰੀ ਸਾਂਭ ਲਵੇਗਾ, ਪਰ ਉਦੋਂ ਤੱਕ ਸੈਲਾਨੀਆਂ ਨੂੰ ਇਸੇ ਤਰ੍ਹਾਂ ਨਿਰਾਸ਼ ਹੋ ਕੇ ਮੁੜਨਾ ਪਵੇਗਾ। -ਜ਼ਿੰਮੇਵਾਰ ਅਧਿਕਾਰੀਆਂ ਨੇ ਧਾਰੀ ਚੁੱਪ ਇਸ ਪੂਰੇ ਮਾਮਲੇ ਸਬੰਧੀ ਚਿੜੀਆਘਰ ਪ੍ਰਸ਼ਾਸਨ ਦਾ ਪੱਖ ਜਾਨਣ ਲਈ ਜਦੋਂ ਚਿੜੀਆਘਰ ਦੇ ਐਜੂਕੇਸ਼ਨ ਅਫ਼ਸਰ ਹਰਪਾਲ ਸਿੰਘ ਅਤੇ ਫੀਲਡ ਡਾਇਰੈਕਟਰ ਨੈਲੀਨ ਯਾਦਵ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।