'ਆਪ' ਕੌਂਸਲਰ ਕਰਮਜੀਤ ਚੌਹਾਨ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ 'ਆਪ' ਕੌਂਸਲਰ ਕਰਮਜੀਤ ਚੌਹਾਨ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ
Publish Date: Sun, 05 Jul 2026 08:48 PM (IST)
Updated Date: Mon, 06 Jul 2026 04:10 AM (IST)
-ਜ਼ੀਰਕਪੁਰ ਨਗਰ ਕੌਂਸਲ ਚੋਣਾਂ ਦਾ ਮਾਮਲਾ ਪੁੱਜਿਆ ਹਾਈ ਕੋਰਟ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ, ਉਪ ਪ੍ਰਧਾਨ ਤੇ ਸੀਨੀਅਰ ਉਪ ਪ੍ਰਧਾਨ ਦੀਆਂ ਹੁਣੇ ਜਿਹੇ ਹੋਈਆਂ ਚੋਣਾਂ ਸਬੰਧੀ ਸਿਆਸੀ ਘਮਸਾਨ ਤੇਜ਼ ਹੋ ਗਿਆ ਹੈ। ‘ਆਪ’ ਦੇ ਸੀਨੀਅਰ ਕੌਂਸਲਰ ਕਰਮਜੀਤ ਚੌਹਾਨ ਵੱਲੋਂ ਇਨ੍ਹਾਂ ਚੋਣਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਚੁਣੌਤੀ ਦਿੱਤੇ ਜਾਣ ਤੋਂ ਬਾਅਦ ਹਲਕੇ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਅਦਾਲਤ ਵੱਲੋਂ ਇਸ ਅਹਿਮ ਮਾਮਲੇ ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ। ਕੌਂਸਲਰ ਕਰਮਜੀਤ ਸਿੰਘ ਚੌਹਾਨ ਨੇ ਦੋ ਟੁੱਕ ਸ਼ਬਦਾਂ ’ਚ ਕਿਹਾ ਕਿ ਉਹ ਸੱਚਾਈ ਤੇ ਨਿਆਂ ਲਈ ਅਦਾਲਤ ਵਿਚ ਹਰ ਸੰਭਵ ਕਾਨੂੰਨੀ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, ਇਹ ਲੜਾਈ ਸਿਰਫ਼ ਮੇਰੀ ਇਕੱਲੇ ਦੀ ਨਹੀਂ ਹੈ, ਸਗੋਂ ਉਨ੍ਹਾਂ ਸਮੂਹ ਪੁਰਾਣੇ ਤੇ ਮਿਹਨਤੀ ਵਰਕਰਾਂ ਦੀ ਹੈ ਜੋ ਆਪਣੀ ਜ਼ਿੰਦਗੀ ਦੇ 10-10 ਸਾਲਾਂ ਤੋਂ ਦਿਨ-ਰਾਤ ਪਾਰਟੀ ਦੀ ਸੇਵਾ ਕਰ ਰਹੇ ਹਨ, ਫਿਰ ਚਾਹੇ ਉਹ ਕਿਸੇ ਵੀ ਪਾਰਟੀ ਦਾ ਵਰਕਰ ਕਿਉਂ ਨਾ ਹੋਵੇ। -ਗ਼ੈਰ-ਸੰਵਿਧਾਨਕ ਢੰਗ ਨਾਲ ਚੋਣਾਂ ਕਰਵਾਉਣ ਦੇ ਦੋਸ਼ ਕਰਮਜੀਤ ਸਿੰਘ ਚੌਹਾਨ ਨੇ ਦੋਸ਼ ਲਾਇਆ ਕਿ ਜ਼ੀਰਕਪੁਰ ਨਗਰ ਕੌਂਸਲ ਦੇ ਅਹੁਦੇਦਾਰਾਂ ਦੀਆਂ ਚੋਣਾਂ ਮੁਕੰਮਲ ਤੌਰ ਤੇ ਗੈਰ-ਸੰਵਿਧਾਨਕ ਤੇ ਲੋਕਤੰਤਰ ਵਿਰੋਧੀ ਢੰਗ ਨਾਲ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ’ਚ 24 ਜੂਨ ਨੂੰ ਹੋਈ ਮੀਟਿੰਗ ਦੀ ਸਾਰੀ ਕਾਰਵਾਈ ਨੂੰ ਤੁਰੰਤ ਰੱਦ ਕਰਨ ਤੇ ਪੂਰੀ ਪਾਰਦਰਸ਼ਿਤਾ ਨਾਲ ਨਵੀਂ ਮੀਟਿੰਗ ਸੱਦ ਕੇ ਮੁੜ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। -ਦਸਤਖ਼ਤਾਂ ਵਾਲਾ ਪੱਤਰ ਵਾਇਰਲ ਹੋਣ ਤੇ ਦਿੱਤਾ ਸਪੱਸ਼ਟੀਕਰਨ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਇਕ ਪੱਤਰ ਦਾ ਹਵਾਲਾ ਦਿੰਦਿਆਂ ਚੌਹਾਨ ਨੇ ਸਾਫ਼ ਕੀਤਾ ਕਿ ਕੁੱਝ ਲੋਕਾਂ ਵੱਲੋਂ ਉਨ੍ਹਾਂ ਤੇ ਮਾਨਸਿਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਨ੍ਹਾਂ ਦੇ ਦਸਤਖ਼ਤਾਂ ਵਾਲਾ ਇਕ ਪੱਤਰ ਗ਼ਲਤ ਢੰਗ ਨਾਲ ਵਾਇਰਲ ਕੀਤਾ। ਉਨ੍ਹਾਂ ਸਖ਼ਤ ਲਹਿਜ਼ੇ ’ਚ ਕਿਹਾ ਕਿ ਉਹ ਨਾ ਤਾਂ ਆਪਣੀ ਪਟੀਸ਼ਨ ਵਾਪਸ ਲੈਣਗੇ ਤੇ ਨਾ ਹੀ ਅਦਾਲਤੀ ਕੇਸ ਤੋਂ ਪਿੱਛੇ ਹਟਣਗੇ। ਆਪਣੀ ਹੀ ਪਾਰਟੀ ਦੇ ਸਥਾਨਕ ਲੀਡਰਸ਼ਿਪ ਤੇ ਸਵਾਲ ਚੁੱਕਦਿਆਂ ਚੌਹਾਨ ਨੇ ਕਿਹਾ ਕਿ ਉਹ ‘ਆਪ’ ’ਚ ਹਲਕਾ ਇੰਚਾਰਜ (ਸੰਗਠਨ) ਵਰਗੇ ਜ਼ਿੰਮੇਵਾਰ ਅਹੁਦੇ ਤੇ ਰਹਿ ਕੇ ਸੰਗਠਨ ਨੂੰ ਮਜ਼ਬੂਤ ਕਰਦੇ ਆਏ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਨਗਰ ਕੌਂਸਲ ਦੇ ਮੀਤ-ਪ੍ਰਧਾਨ ਤੇ ਸੀਨੀਅਰ ਮੀਤ-ਪ੍ਰਧਾਨ ਦੀਆਂ ਕੁਰਸੀਆਂ ਸੌਂਪੀਆਂ ਹਨ, ਉਹ ਕੁਝ ਸਮਾਂ ਪਹਿਲਾਂ ਹੀ ਪਾਰਟੀ ’ਚ ਸ਼ਾਮਲ ਹੋਏ ਹਨ। ਹਲਕਾ ਵਿਧਾਇਕ ਵੱਲੋਂ ਦਿਨ-ਰਾਤ ਸੰਘਰਸ਼ ਕਰਨ ਵਾਲੇ ਪੁਰਾਣੇ ਟਕਸਾਲੀ ਆਗੂਆਂ ਅਤੇ ਵਰਕਰਾਂ ਦੀ ਮਿਹਨਤ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ।