- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਣਦੇਖੀ : ਮੁਹਾਲੀ ਵਿਚ ਲਾਵਾਰਿਸ਼ ਪਸ਼ੂਆਂ ਦੀ ਸਮੱਸਿਆ ਗੰਭੀਰ,

-ਸ਼ਹਿਰ ਦੀਆਂ ਸੜਕਾਂ ’ਤੇ ਝੁੰਡ ਬਣਾ ਕੇ ਘੁੰਮਦੇ ਪਸ਼ੂਆਂ ਬਾਰੇ ਪ੍ਰਸ਼ਾਸਨ ਬੇਖ਼ਬਰ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ :
ਪੰਜਾਬੀ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਵੀਆਈਪੀ ਸਿਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ ਪ੍ਰੰਤੂ ਪੰਜਾਬ ਸਰਕਾਰ, ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਵਿਚ ਪੂਰੀ ਤਰ੍ਹਾਂ ਬੇਵੱਸ ਨਜ਼ਰ ਆ ਰਿਹਾ ਹੈ। ਹਾਲਾਂਕਿ ਮੁਹਾਲੀ ਸ਼ਹਿਰ ਵਿਚ ਚਾਰ ਗਊਸ਼ਾਲਾਵਾਂ ਮੌਜੂਦ ਹਨ, ਜਿਨ੍ਹਾਂ ’ਚ ਇਕ ਸਰਕਾਰੀ ਗਊਸ਼ਾਲਾ ਤੇ ਤਿੰਨ ਹੋਰ ਪ੍ਰਾਈਵੇਟ ਸੰਸਥਾਵਾਂ ਦੀਆਂ ਹਨ। ਇਨ੍ਹਾਂ ਵਿਚ ਇਕ ਸਿੱਧੂ ਭਰਾਵਾਂ ਦੀ ਬਲੌਂਗੀ ਦੀ ਜ਼ਮੀਨ ਵਿਚ ਗਊ ਗੋਪਾਲ ਗਊਸ਼ਾਲਾ, ਦੂਜੀ ਮਟੌਰ ਗਊਸ਼ਾਲਾ ਅਤੇ ਤੀਜੀ ਪੁਰਾਣਾ ਬੈਰੀਅਰ ’ਤੇ ਗਊ ਭਗਤਾਂ ਵੱਲੋਂ ਚਲਾਈ ਜਾ ਰਹੀ ਹੈ।
ਇੱਥੇ ਬਿਮਾਰ ਗਊਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ’ਤੇ ਬੇਸਹਾਰਾ ਪਸ਼ੂ ਝੁੰਡ ਬਣਾ ਕੇ ਘੁੰਮਦੇ ਦੇਖੇ ਜਾ ਸਕਦੇ ਹਨ। ਇਸ ਨਾਲ ਆਵਾਜਾਈ ’ਚ ਵੀ ਵਿਘਨ ਪੈ ਰਿਹਾ ਹੈ। ਹਾਲਾਂਕਿ ਮੁਹਾਲੀ ਨਗਰ ਨਿਗਮ ਤੇ ਪਾਵਰਕਾਮ ਵੱਲੋਂ ਆਮ ਲੋਕਾਂ ਤੋਂ ਪਸ਼ੂਆਂ ਦੀ ਸਾਂਭ-ਸੰਭਾਲ ਲਈ ਗਊ ਸੈੱਸ ਵੀ ਵਸੂਲਿਆ ਜਾਂਦਾ ਹੈ ਪ੍ਰੰਤੂ ਇਸ ਦੇ ਬਾਵਜੂਦ ਇਹ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ।
-ਬਾਕਸ-
ਮੁਹਾਲੀ ’ਚ ਬੇਸਹਾਰਾ ਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਬਹੁਤ ਗੰਭੀਰ ਹੈ। ਗਊ ਸੇਵਾ ਦੇ ਨਾਂ ’ਤੇ ਸ਼ਹਿਰ ਵਿਚ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਹੋ ਰਹੇ ਹਨ। ਕੈਬਨਿਟ ਮੰਤਰੀ, ਸਿਆਸੀ ਆਗੂ ਅਤੇ ਗਊ ਸੇਵਾ ਕਮਿਸ਼ਨ ਵੋਟ ਬੈਂਕ ਦੇ ਚੱਕਰ ਵਿਚ ਅਜਿਹੇ ਲੋਕਾਂ ਨੂੰ ਹੱਲਾ-ਸ਼ੇਰੀ ਦੇ ਰਹੇ ਹਨ, ਜਿਸ ਕਾਰਨ ਗਊ ਸੇਵਾ ਦੇ ਨਾਂ ’ਤੇ ਜ਼ਮੀਨਾਂ ਦੱਬੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਲਈ ਮੁਹਾਲੀ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਬੀਰ ਸਿੰਘ ਪੈਰਵਾਈ ਕਰ ਰਹੇ ਹਨ। -ਸਤਨਾਮ ਸਿੰਘ ਦਾਊਂ, ਸੋਸ਼ਲ ਵਰਕਰ।
-ਬਾਕਸ-
-ਪਸ਼ੂ ਫੜ ਕੇ ਗਊਸ਼ਾਲਾ ਭੇਜਣ ਵਾਲੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ
ਮੁਹਾਲੀ ਨਗਰ ਨਿਗਮ ਗਊ ਸੈੱਸ ਵਸੂਲ ਰਹੀ ਹੈ। ਬਿਜਲੀ ਬਿੱਲਾਂ ਨਾਲ ਵੀ ਗਊ ਸੈੱਸ ਜੁੜ ਕੇ ਆ ਰਿਹਾ ਹੈ। ਚੁੰਗੀ ਬੰਦ ਹੋਇਆਂ ਲੰਬਾ ਸਮਾਂ ਬੀਤ ਗਿਆ ਪ੍ਰੰਤੂ ਚੁੰਗੀ ਦੇ ਨਾਂ ’ਤੇ ਗਊ ਸੈੱਸ ਲਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਸ਼ਹਿਰ ਵਿਚ ਸੜਕਾਂ ’ਤੇ ਪਸ਼ੂ ਘੁੰਮ ਰਹੇ ਹਨ ਅਤੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਗਊ ਹਸਪਤਾਲ ਨੇੜੇ ਹੀ ਪੁਰਾਣਾ ਬੈਰੀਅਰ ’ਤੇ ਲੱਗੇ ਕੂੜੇ ਦੇ ਢੇਰਾਂ ਉੱਤੇ ਆਪਣਾ ਪੇਟ ਭਰਨ ਲਈ ਪਸ਼ੂ ਪਲਾਸਟਿਕ ਨਿਗਲ ਰਹੇ ਹਨ। ਪਸ਼ੂ ਫੜ ਕੇ ਗਊਸ਼ਾਲਾ ਵਿਚ ਭੇਜਣ ਵਾਲੇ ਠੇਕੇਦਾਰ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਜੇਕਰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਟਾਫ਼ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤਾਂ ਸ਼ਾਇਦ ਕੁੱਝ ਹੱਦ ਤੱਕ ਰਾਹਤ ਮਿਲ ਸਕਦੀ ਹੈ। -ਅਤੁਲ ਸ਼ਰਮਾ, ਭਾਜਪਾ ਆਗੂ।
-ਬਾਕਸ-
-ਬੇਸਹਾਰਾ ਘੁੰਮਦੇ ਪਸ਼ੂਆਂ ਤੋਂ ਮੁਕਤੀ ਚਾਹੁੰਦੇ ਹਨ ਸ਼ਹਿਰ ਵਾਸੀ
ਸ਼ਹਿਰ ਵਿਚ ਗਰੀਨ ਬੈਲਟਾਂ ਅਤੇ ਸੜਕਾਂ ’ਤੇ ਝੁੰਡ ਬਣਾ ਕੇ ਪਸ਼ੂਆਂ ਵਿਚ ਲਾਵਾਰਿਸ ਘੱਟ ਅਤੇ ਪਾਲਤੂ ਪਸ਼ੂ ਵੱਧ ਹਨ। ਕੁੱਝ ਲੋਕ ਪਾਲਤੂ ਪਸ਼ੂਆਂ ਦਾ ਦੁੱਧ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਲਾਵਾਰਿਸ ਛੱਡ ਦਿੰਦੇ ਹਨ। ਜੇਕਰ ਨਿਗਮ ਦੀ ਟੀਮ ਉਨ੍ਹਾਂ ਨੂੰ ਫੜ ਵੀ ਲੈਂਦੀ ਹੈ ਤਾਂ ਉਹ ਆਪਣਾ ਰਸੂਖ ਵਰਤ ਕੇ ਪਸ਼ੂ ਛੁਡਵਾ ਲੈਂਦੇ ਹਨ। ਫੜੇ ਹੋਏ ਦੁਧਾਰੂ ਪਸ਼ੂਆਂ ਨੂੰ ਛੱਡਣ ਅਤੇ ਛੁਡਾਉਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਪਸ਼ੂ ਫੜਨ ਵਾਲੀ ਟੀਮ ਨਾਲ ਪਹਿਲਾਂ ਝਗੜੇ ਵੀ ਹੋ ਚੁੱਕੇ ਹਨ। ਆਖ਼ਰਕਾਰ ਸ਼ਹਿਰ ਬੇਸਹਾਰਾ ਪਸ਼ੂਆਂ ਤੋਂ ਕਦੋਂ ਮੁਕਤ ਹੋਵੇਗਾ। -ਆਸ਼ੂ ਵੈਦ, ਮਟੌਰ।
-ਸਰਕਾਰ ਤੇ ਨਿਗਮ ਪ੍ਰਸ਼ਾਸਨ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਗੰਭੀਰ ਨਹੀਂ
ਸ਼ਹਿਰ ’ਚੋਂ ਪਸ਼ੂ ਫੜਨ ਦਾ ਕੰਮ ਨਗਰ ਨਿਗਮ ਸਟਾਫ਼ ਹੈ ਨਾ ਕਿ ਗਊਸ਼ਾਲਾ ਪ੍ਰਬੰਧਕਾਂ ਦਾ ਹੈ। ਗਊਸ਼ਾਲਾ ਚਲਾ ਰਹੇ ਲੋਕਾਂ ਦਾ ਕੰਮ ਸਿਰਫ਼ ਪਸ਼ੂਆਂ ਦੀ ਦੇਖਭਾਲ ਕਰਨਾ ਹੈ। ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਪਸ਼ੂਆਂ ਨੂੰ ਫੜਨ ਲਈ ਗੰਭੀਰ ਨਹੀਂ ਹੈ। ਜਿਸ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਜਿਨ੍ਹਾਂ ਪਸ਼ੂਆਂ ਨੂੰ ਲਾਵਾਰਿਸ ਦੱਸਿਆ ਜਾ ਰਿਹਾ ਹੈ, ਦਰਅਸਲ ਉਹ ਪਾਲਤੂ ਪਸ਼ੂ ਹਨ। ਸ਼ਹਿਰ ਵਿਚਲੇ ਪਿੰਡਾਂ ਅਤੇ ਨੇੜਲੇ ਪਿੰਡਾਂ ਦੇ ਲੋਕ ਦੁੱਧ ਚੁਆਈ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੰਦੇ ਹਨ, ਜੋ ਸ਼ਹਿਰ ਦੀ ਖ਼ੂਬਸੂਰਤੀ ਅਤੇ ਗਰੀਨ ਬੈਲਟਾਂ ਨੂੰ ਨਸ਼ਟ ਕਰ ਰਹੇ ਹਨ। -ਅਸ਼ੋਕ ਝਾਅ, ਸਾਬਕਾ ਕੌਂਸਲਰ।