- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ 'ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਨੂੰ ਜ਼ਿਆਦਾ ਸੰਵੇਦਨਸ਼ੀਲ ਅਤੇ ਧਾਰਮਿਕ ਮਰਿਆਦਾ ਦੇ ਅਨੁਕੂਲ ਬਣਾਉਣ ਲਈ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਨੇ ਵੱਡਾ ਕਦਮ ਚੁੱਕਿਆ ਹੈ।

ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ 'ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਨੂੰ ਜ਼ਿਆਦਾ ਸੰਵੇਦਨਸ਼ੀਲ ਅਤੇ ਧਾਰਮਿਕ ਮਰਿਆਦਾ ਦੇ ਅਨੁਕੂਲ ਬਣਾਉਣ ਲਈ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਨੇ ਵੱਡਾ ਕਦਮ ਚੁੱਕਿਆ ਹੈ। ਹੁਣ ਪੁਲਿਸ ਅਧਿਕਾਰੀਆਂ ਨੂੰ ਜਾਂਚ ਦੌਰਾਨ ਸਿਰਫ਼ ਨਿਰਧਾਰਿਤ ਸ਼ਰਧਾਸੂਚਕ ਸ਼ਬਦਾਂ ਦੀ ਹੀ ਵਰਤੋਂ ਕਰਨੀ ਪਵੇਗੀ। ਇਸ ਲਈ ਪੀਬੀਆਈ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨੂੰ 52 ਸ਼ਰਧਾਸੂਚਕ ਸ਼ਬਦਾਂ ਦੀ ਸੂਚੀ ਜਾਰੀ ਕੀਤੀ ਹੈ।
ਪੀਬੀਆਈ ਦੇ ਨਿਰਦੇਸ਼ਾਂ ਅਨੁਸਾਰ, ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਕੇਸ ਡਾਇਰੀ, ਜਾਂਚ ਰਿਪੋਰਟ, ਐੱਫ਼ਆਈਆਰ ਅਤੇ ਹੋਰ ਦਸਤਾਵੇਜ਼ਾਂ 'ਚ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਜਿਸ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਜਾਂਚ ਦੇ ਹਰ ਗੇੜ, ਭਾਵੇਂ ਮੌਕੇ ਦਾ ਨਿਰੀਖਣ ਹੋਵੇ, ਸਬੂਤਾਂ ਦੀ ਜ਼ਬਤੀ ਹੋਵੇ ਜਾਂ ਦਸਤਾਵੇਜ਼ੀਕਰਨ 'ਚ ਪੂਰੀ ਸੰਵੇਦਨਸ਼ੀਲਤਾ ਵਰਤੀ ਜਾਵੇ।
ਜਾਰੀ ਸੂਚੀ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ, ਬੀੜ ਸਾਹਿਬ, ਪਾਵਨ ਅੰਗ, ਜਿਲਦ, ਗੁਟਕਾ ਸਾਹਿਬ, ਸੈਂਚ ਸਾਹਿਬ, ਨਿਤਨੇਤ, ਮੂਲ ਮੰਤਰ, ਪੰਜ ਪਿਆਰੇ, ਹੁਕਮਨਾਮਾ/ਵਾਕ, ਚੋਲਾ ਸਾਹਿਬ, ਗੁਰਦੁਆਰਾ ਸਾਹਿਬ, ਪੀੜ੍ਹਾ ਸਾਹਿਬ, ਪਾਲਕੀ ਸਾਹਿਬ, ਥੜ੍ਹਾ ਸਾਹਿਬ, ਰੁਮਾਲਾ ਸਾਹਿਬ, ਚੰਦੋਆ ਸਾਹਿਬ, ਚੌਰ ਸਾਹਿਬ, ਗ੍ਰੰਥੀ ਸਿੰਘ, ਪਾਠੀ ਸਿੰਘ, ਸੇਵਕ/ਸੇਵਾਦਾਰ, ਸੇਵਾ ਸੰਭਾਲ, ਸੇਵਾ, ਪ੍ਰਕਾਸ਼ ਅਸਥਾਨ, ਸੁਖਆਸਣ ਅਸਥਾਨ, ਸੱਚਖੰਡ ਅਸਥਾਨ, ਚਾਲੇ ਪਾਉਣਾ/ਪਹੁੰਚ ਕਰਨਾ, ਅਖੰਡ ਪਾਠ, ਸਹਿਬ ਪਾਠ, ਭੋਗ, ਅਰਦਾਸ, ਕਿਰਤ ਕਰਨਾ, ਨਾਮ ਜਪਣਾ, ਵੰਡ ਛੱਕਣਾ, ਅੰਮ੍ਰਿਤ ਵੇਲਾ, ਅੰਮ੍ਰਿਤ, ਅੰਮ੍ਰਿਤ ਸੰਚਾਰ, ਅੰਮ੍ਰਿਤਧਾਰੀ, ਕੀਰਤਨ, ਸੰਗਤ, ਲੰਗਰ, ਭੇਟਾ, ਬਿਰਧ ਅਵਸਥਾ, ਅਗਨ ਭੇਟ ਸੇਵਾ, ਅਨੰਦ ਕਾਰਜ, ਦਸਵੰਧ, ਦਸਤਾਰ, ਗਤਕਾ, ਚੜ੍ਹਦੀ ਕਲਾ, ਸ਼ਹਾਦਤ ਅਤੇਸੇਵਾ ਯੂਨਿਕ ਪਛਾਣ ਨੰਬਰ ਸ਼ਾਮਲ ਕੀਤੇ ਗਏ ਹਨ।
ਦਰਅਸਲ, 16 ਜੂਨ 2026 ਨੂੰ ਪੀਬੀਆਈ ਨੇ ਪਹਿਲਾਂ ਇੱਕ ਸਰਕੂਲਰ ਜਾਰੀ ਕਰ ਕੇ 22 ਸ਼ਬਦਾਂ ਦੀ ਸ਼ੁਰੂਆਤੀ ਸੂਚੀ ਭੇਜੀ ਸੀ। ਬਾਅਦ 'ਚ ਧਾਰਮਿਕ ਸ਼ਬਦਾਵਲੀ 'ਚ ਹੋਰ ਜੋੜ ਕਰਦੇ ਹੋਏ ਸੂਚੀ ਦਾ ਵਿਸਥਾਰ ਕਰ ਕੇ 52 ਸ਼ਬਦ ਕਰ ਦਿੱਤਾ ਗਿਆ। ਸੋਚੀ ਸੂਚੀ ਨਾਲ ਨਵਾਂ ਡੈਮੀ ਆਫ਼ੀਸ਼ੀਅਲ ਪੱਤਰ ਜਾਰੀ ਕੀਤਾ ਗਿਆ ਤਾਂਕਿ ਸਾਰੇ ਅਧਿਕਾਰੀ ਇੱਕ ਸਮਾਨ ਸ਼ਬਦਾਵਲੀ ਅਪਣਾਉਣ।
ਸੂਤਰਾਂ ਅਨੁਸਾਰ, ਹਾਲ ਦੇ ਸਾਲਾਂ 'ਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਦੌਰਾਨ ਇਸਤੇਮਾਲ ਕੀਤੀ ਗਈ ਕੁਝ ਸ਼ਬਦਾਵਲੀ ਨੂੰ ਲੈ ਕੇ ਧਾਰਮਿਕ ਸੰਗਠਨਾਂ ਨੇ ਇਤਰਾਜ਼ ਪ੍ਰਗਟ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਰਿਕਾਰਡ 'ਚ ਵਰਤੇ ਕੁਝ ਆਮ ਜਾਂ ਤਕਨੀਕੀ ਸ਼ਬਦ ਸਿੱਖਿ ਰਵਾਇਤਾਂ ਦੇ ਅਨੁਸਾਰ ਨਹੀਂ ਹਨ। ਇਸ ਤੋਂ ਬਾਅਦ ਜਾਂਚ ਪ੍ਰਕਿਰਿਆ 'ਚ ਭਾਸ਼ਾਈ ਸੁਧਾਰ ਦੀ ਮੰਗ ਤੇਜ਼ ਹੋਈ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਸਿਰਫ਼ ਸ਼ਬਦ ਬਦਲਣ ਤੱਕ ਸੀਮਤ ਨਹੀਂ, ਸਗੋਂ ਇਹ ਪ੍ਰਸ਼ਾਸਨ ਦੀ ਸੰਵੇਦਨਸ਼ੀਲਤਾ ਅਤੇ ਧਾਰਮਿਕ ਸਨਮਾਨ ਪ੍ਰਤੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਇਸ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਵੱਧ ਪਾਰਦਰਸ਼ੀ, ਸਨਮਾਨਜਨਕ ਅਤੇ ਵਿਵਾਦ-ਮੁਕਤ ਬਣਨ ਦੀ ਉਮੀਦ ਹੈ।