ਰਾਸ਼ਟਰਪਤੀ ਭਵਨ 'ਚ ਗੂੰਜਿਆ ਪੰਜਾਬ ਦਾ ਨਾਂ: ਬਿਨਾਂ ਅਪਲਾਈ ਕੀਤੇ ਸਾਬਕਾ IPS ਸਿੱਧੂ ਨੂੰ ਕਿਵੇਂ ਮਿਲਿਆ ਦੇਸ਼ ਦਾ ਵੱਕਾਰੀ 'ਪਦਮ ਸ਼੍ਰੀ' ਐਵਾਰਡ?
ਸਵੱਛਤਾ ਦੇ ਸਿਪਾਹੀ 87 ਸਾਲਾ ਸੇਵਾਮੁਕਤ IPS ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਨੂੰ ਮੰਗਲਵਾਰ ਨੂੰ ਪਦਮ ਸ਼੍ਰੀ ਪੁਰਸਕਾਰ ਮਿਲ ਗਿਆ। ਸ਼ਹਿਰ 'ਚ ਉਨ੍ਹਾਂ ਨੂੰ 'ਝਾੜੂ ਯੋਧਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰਾਸ਼ਟਰਪਤੀ ਭਵਨ 'ਚ ਆਯੋਜਿਤ ਕੀਤੇ ਗਏ ਵਿਸ਼ੇਸ਼ ਅਲੰਕਰਨ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਉਨ੍ਹਾਂ ਨੂੰ ਵੱਕਾਰੀ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
Publish Date: Wed, 24 Jun 2026 11:53 AM (IST)
Updated Date: Wed, 24 Jun 2026 11:54 AM (IST)

ਜਾਗਰਣ ਪ੍ਰਤੀਨਿਧ, ਚੰਡੀਗੜ੍ਹ : ਸਵੱਛਤਾ ਦੇ ਸਿਪਾਹੀ 87 ਸਾਲਾ ਸੇਵਾਮੁਕਤ IPS ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਨੂੰ ਮੰਗਲਵਾਰ ਨੂੰ ਪਦਮ ਸ਼੍ਰੀ ਪੁਰਸਕਾਰ ਮਿਲ ਗਿਆ। ਸ਼ਹਿਰ 'ਚ ਉਨ੍ਹਾਂ ਨੂੰ 'ਝਾੜੂ ਯੋਧਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰਾਸ਼ਟਰਪਤੀ ਭਵਨ 'ਚ ਆਯੋਜਿਤ ਕੀਤੇ ਗਏ ਵਿਸ਼ੇਸ਼ ਅਲੰਕਰਨ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਉਨ੍ਹਾਂ ਨੂੰ ਵੱਕਾਰੀ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇੰਦਰਜੀਤ ਸਿੰਘ ਸਿੱਧੂ ਆਪਣੇ ਪਰਿਵਾਰ ਸਮੇਤ ਇਹ ਐਵਾਰਡ ਲੈਣ ਲਈ ਦਿੱਲੀ ਗਏ ਸਨ। ਪੁਰਸਕਾਰ ਲੈਣ ਤੋਂ ਬਾਅਦ ਸਿੱਧੂ ਪਰਿਵਾਰ ਨੇ ਖ਼ੁਸ਼ੀ ਜ਼ਾਹਰ ਕੀਤੀ ਹੈ। ਦੱਸ ਦੇਈਏ ਕਿ ਇਸ ਪੁਰਸਕਾਰ ਲਈ ਸਿੱਧੂ ਨੇ ਖੁਦ ਅਪਲਾਈ ਨਹੀਂ ਕੀਤਾ ਸੀ, ਸਗੋਂ ਉਨ੍ਹਾਂ ਦੀ ਸੜਕ 'ਤੇ ਸਫ਼ਾਈ ਕਰਦਿਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ UT ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਹ ਐਵਾਰਡ ਦੇਣ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਿਸ਼ ਭੇਜੀ ਸੀ। ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਾਜ਼ਰ ਸਨ। ਇਸ ਸਮੇਂ ਸਰਦਾਰ ਇੰਦਰਜੀਤ ਸਿੰਘ ਸਿੱਧੂ ਦੇ ਪੈਰ 'ਤੇ ਸੱਟ ਵੀ ਲੱਗੀ ਹੋਈ ਹੈ, ਜਿਸ ਕਾਰਨ ਉਹ ਚੱਲਣ-ਫਿਰਨ ਤੋਂ ਅਸਮਰੱਥ ਹਨ ਪਰ ਇਸ ਦੇ ਬਾਵਜੂਦ ਉਹ ਹੱਥ 'ਚ ਸੋਟੀ ਫੜ ਕੇ ਸਫ਼ਾਈ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਸੀ।
ਦੱਸਣਯੋਗ ਹੈ ਕਿ ਉਹ ਹਰ ਰੋਜ਼ ਆਪਣੇ ਆਲੇ-ਦੁਆਲੇ ਦੇ ਇਲਾਕੇ ਦੀ ਖੁਦ ਹੀ ਸਫ਼ਾਈ ਕਰਦੇ ਹਨ। ਸਿੱਧੂ ਚੰਡੀਗੜ੍ਹ ਦੇ ਸੈਕਟਰ-49 'ਚ ਰਹਿੰਦੇ ਹਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਯੂਟੀ ਪ੍ਰਸ਼ਾਸਨ ਵੱਲੋਂ 'ਸਟੇਟ ਐਵਾਰਡ' ਵੀ ਮਿਲ ਚੁੱਕਾ ਹੈ।
DIG ਦੇ ਅਹੁਦੇ ਤੋਂ ਹੋਏ ਹਨ ਰਿਟਾਇਰ
ਸ. ਇੰਦਰਜੀਤ ਸਿੰਘ ਸਿੱਧੂ ਪੰਜਾਬ ਪੁਲਿਸ ਦੇ ਸੇਵਾਮੁਕਤ ਡਿਪਟੀ ਇੰਸਪੈਕਟਰ ਜਨਰਲ (DIG) ਅਤੇ ਸਾਬਕਾ ਆਈਪੀਐਸ ਅਧਿਕਾਰੀ ਹਨ। ਸੇਵਾਮੁਕਤੀ ਤੋਂ ਬਾਅਦ ਵੀ ਸਿੱਧੂ ਨੇ ਸਮਾਜ ਸੇਵਾ ਦਾ ਰਸਤਾ ਸਰਗਰਮੀ ਨਾਲ ਚੁਣਿਆ। ਸ਼ਹਿਰ 'ਚ ਸਵੇਰ ਦੀ ਸੈਰ ਦੌਰਾਨ ਜਦੋਂ ਉਨ੍ਹਾਂ ਨੇ ਪਾਰਕਾਂ, ਸੜਕਾਂ ਅਤੇ ਜਨਤਕ ਥਾਵਾਂ 'ਤੇ ਫੈਲੀ ਗੰਦਗੀ ਨੂੰ ਦੇਖਿਆ, ਤਾਂ ਉਨ੍ਹਾਂ ਨੇ ਖੁਦ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ। ਉਹ ਰੋਜ਼ਾਨਾ ਸਵੇਰੇ 6 ਵਜੇ ਉੱਠ ਕੇ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ।
1963 'ਚ ਪੰਜਾਬ ਪੁਲਿਸ 'ਚ ਬਤੌਰ ਇੰਸਪੈਕਟਰ ਹੋਏ ਸਨ ਭਰਤੀ
ਸਾਲ 1963 'ਚ ਉਹ ਪੰਜਾਬ ਪੁਲਿਸ 'ਚ ਬਤੌਰ ਇੰਸਪੈਕਟਰ ਭਰਤੀ ਹੋਏ ਸਨ। ਵਰ੍ਹੇ 1981 'ਚ ਉਨ੍ਹਾਂ ਨੂੰ ਭਾਰਤੀ ਪੁਲਿਸ ਸੇਵਾ 'ਚ ਤਰੱਕੀ ਮਿਲ ਗਈ। ਆਪਣੇ ਲੰਬੇ ਅਤੇ ਸ਼ਾਨਦਾਰ ਪੁਲਿਸ ਕਰੀਅਰ ਦੌਰਾਨ ਉਨ੍ਹਾਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਨਵੀਂ ਦਿੱਲੀ ਅਤੇ ਕੋਲਕਾਤਾ 'ਚ ਆਪਣੀਆਂ ਸੇਵਾਵਾਂ ਦਿੱਤੀਆਂ। ਸਾਲ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਉਨ੍ਹਾਂ ਨੇ ਸਾਂਬਾ ਸੈਕਟਰ 'ਚ ਵੀ ਅਹਿਮ ਜ਼ਿੰਮੇਵਾਰੀ ਨਿਭਾਈ ਸੀ। ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਸਾਲ 1991 'ਚ ਉਨ੍ਹਾਂ ਨੂੰ 'ਸ਼ਲਾਘਾਯੋਗ ਸੇਵਾ ਪੁਲਿਸ ਮੈਡਲ' ਨਾਲ ਸਨਮਾਨਿਤ ਕੀਤਾ ਗਿਆ। ਉਹ ਸਾਲ 1996 'ਚ ਚੰਡੀਗੜ੍ਹ ਤੋਂ ਪੰਜਾਬ ਦੇ ਡੀਆਈਜੀ ਵਜੋਂ ਸੇਵਾਮੁਕਤ ਹੋਏ ਸਨ।
ਖਿਡਾਰੀ ਵੀ ਰਹਿ ਚੁੱਕੇ ਹਨ ਸਿੱਧੂ
6 ਜੂਨ 1938 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਗਾਗਰਪੁਰ 'ਚ ਜਨਮੇ ਸਿੱਧੂ ਨੇ ਅਨੁਸ਼ਾਸਨ, ਇਮਾਨਦਾਰੀ ਅਤੇ ਜਨਸੇਵਾ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ। ਉਨ੍ਹਾਂ ਨੇ ਸੰਗਰੂਰ ਦੇ ਗਵਰਨਮੈਂਟ ਰਣਬੀਰ ਕਾਲਜ ਤੋਂ ਬੀ.ਏ. (BA) ਦੀ ਪੜ੍ਹਾਈ ਕੀਤੀ ਅਤੇ ਮਹਿੰਦਰਾ ਕਾਲਜ, ਪਟਿਆਲਾ ਤੋਂ ਅਰਥ ਸ਼ਾਸਤਰ 'ਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ। ਕਾਲਜ ਦੇ ਦਿਨਾਂ 'ਚ ਉਹ ਇੱਕ ਹੋਣਹਾਰ ਖਿਡਾਰੀ ਵੀ ਰਹੇ। ਬਾਕਸਿੰਗ 'ਚ ਉਨ੍ਹਾਂ ਨੇ 'ਕਾਲਜ ਕਲਰ ਐਵਾਰਡ' ਜਿੱਤਿਆ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚਕਾਰ ਖੇਡਾਂ ਦੀਆਂ ਪ੍ਰਾਪਤੀਆਂ ਲਈ ਦੋ ਵਾਰ 'ਰੋਲ ਆਫ਼ ਆਨਰ' 'ਚ ਆਪਣਾ ਨਾਂ ਦਰਜ ਕਰਵਾਇਆ।