- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਮੰਡੀ ਬੋਰਡ ਨੇ ਸੂਬੇ ਵਿਚ 109 ਦੁਕਾਨਾਂ/ਪਲਾਟ ਵੇਚ ਕੇ 23.50 ਕਰੋੜ ਕਮਾਏ

ਇਕ ਤੋਂ 15 ਜੂਨ ਤੱਕ ਚੱਲੀ ਈ-ਨਿਲਾਮੀ ਦੀ ਪ੍ਰਕਿਰਿਆ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿਚ ਫਰੀ-ਹੋਲਡ ਆਧਾਰ ’ਤੇ 330 ’ਚੋਂ 109 ਵਪਾਰਕ ਦੁਕਾਨਾਂ ਅਤੇ ਪਲਾਟ ਵੇਚੇ ਗਏ। ਈ-ਨਿਲਾਮੀ ਰਾਹੀਂ ਵੇਚੇ ਗਏ ਇਨ੍ਹਾਂ ਪਲਾਟਾਂ ਤੇ ਦੁਕਾਨਾਂ ਤੋਂ ਬੋਰਡ ਨੇ 23.50 ਕਰੋੜ ਕਮਾਏ ਹਨ। ਸਬੰਧਤ ਖ਼ਰੀਦਦਾਰ ਨੂੰ ਸਿਰਫ਼ 25 ਫ਼ੀਸਦੀ ਰਕਮ ਦੀ ਅਦਾਇਗੀ ’ਤੇ ਅਲਾਟਮੈਂਟ ਕੀਤੀ ਜਾਵੇਗੀ। ਈ-ਨਿਲਾਮੀ ਪ੍ਰਕਿਰਿਆ ਇਕ ਜੂਨ ਤੋਂ 15 ਜੂਨ ਤੱਕ ਚੱਲੀ।
ਪੰਜਾਬ ਮੰਡੀ ਬੋਰਡ ਦੇ ਡੀਜੀਐੱਮ ਰਜਨੀਸ਼ ਗੋਇਲ ਨੇ ‘ਪੰਜਾਬੀ ਜਾਗਰਣ’ ਨੂੰ ਦੱਸਿਆ ਕਿ ਈ-ਨਿਲਾਮੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਆਨਲਾਈਨ ਵਿਧੀ ਰਾਹੀਂ ਚਲਾਈ ਗਈ ਅਤੇ ਖ਼ਰੀਦਦਾਰਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ। ਉਨ੍ਹਾਂ ਦੱਸਿਆ ਕਿ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਵਿਅਕਤੀਆਂ ਕੋਲ ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿਚ ਫਰੀ-ਹੋਲਡ ਆਧਾਰ ’ਤੇ ਵਪਾਰਕ ਸਾਈਟਾਂ ਦੇ ਮਾਲਕ ਬਣਨ ਦਾ ਇਹ ਬਹੁਤ ਸੁਨਹਿਰੀ ਮੌਕਾ ਸੀ ਜਿਸ ਦਾ ਸੈਂਕੜੇ ਲੋਕਾਂ ਨੇ ਲਾਭ ਉਠਾਇਆ।
ਗੋਇਲ ਨੇ ਦੱਸਿਆ ਕਿ ਸੂਬੇ ਦੀਆਂ 10 ਅਨਾਜ ਮੰਡੀਆਂ ਵਿਚ 109 ਵਪਾਰਕ ਦੁਕਾਨਾਂ ਅਤੇ ਪਲਾਟ ਵੇਚਣ ਨਾਲ ਮੰਡੀ ਬੋਰਡ ਨੂੰ 23.50 ਕਰੋੜ ਰੁਪਏ ਦੀ ਆਮਦਨ ਹੋਈ। ਸਭ ਤੋਂ ਵੱਧ ਆਮਦਨ ਹੈਬੋਵਾਲ ਮੰਡੀ ’ਚੋਂ ਹੋਈ। ਇੱਥੇ 21 ਦੁਕਾਨਾਂ/ਪਲਾਟਾਂ ਦੀ ਵਿਕਰੀ ਨਾਲ 8.5 ਕਰੋੜ ਰੁਪਏ ਦੀ ਆਮਦਨ ਹੋਈ। ਭੀਖੀ ਮੰਡੀ ਵਿਚ 18 ਵਪਾਰਕ ਸਾਈਟਾਂ ਵੇਚ ਕੇ 7 ਕਰੋੜ 94 ਲੱਖ ਰੁਪਏ ਕਮਾਏ ਗਏ। ਬੰਗਾ ਵਿਚ 13 ਸਾਈਟਾਂ ਦੀ ਵਿਕਰੀ ਨਾਲ 4 ਕਰੋੜ 27 ਲੱਖ ਰੁਪਏ, ਅਮਰਕੋਟ ਮੰਡੀ ਵਿਚ 21 ਦੁਕਾਨਾਂ/ਪਲਾਟਾਂ ਤੋਂ 3 ਕਰੋੜ 27 ਲੱਖ ਰੁਪਏ, ਮਾਨਸਾ ਵਿਚ 8 ਦੁਕਾਨਾਂ/ਪਲਾਟ ਵੇਚ ਕੇ 4 ਕਰੋੜ 22 ਲੱਖ ਰੁਪਏ, ਹੰਡਾਇਆ ਮੰਡੀ ਵਿਚ 1 ਕਰੋੜ 60 ਲੱਖ ਰੁਪਏ ਵਿਚ 10 ਦੁਕਾਨਾਂ ਅਤੇ ਝੁਨੀਰ ਮੰਡੀ ਵਿਚ ਵੀ 8 ਦੁਕਾਨਾਂ ਵੇਚ ਕੇ ਇਕ ਕਰੋੜ 52 ਲੱਖ ਰੁਪਏ ਦੀ ਕਮਾਈ ਕੀਤੀ ਗਈ। ਇਸ ਤੋਂ ਇਲਾਵਾ ਕਈ ਹੋਰਨਾਂ ਮੰਡੀਆਂ ਵਿਚ ਦੁਕਾਨਾਂ/ਪਲਾਟਾਂ ਦੀਆਂ ਸਾਈਟਾਂ ਵੇਚੀਆਂ ਗਈਆਂ ਹਨ।
ਅਧਿਕਾਰੀ ਨੇ ਦੱਸਿਆ ਕਿ ਕਈ ਮੰਡੀਆਂ ਵਿਚ ਦੁਕਾਨ-ਕਮ-ਫਲੈਟਸ, ਗਰੀਨ ਸ਼ਾਖਾ, ਬੂਥ ਅਤੇ ਸੈਮੀ ਇੰਡਸਟਰੀ ਪਲਾਟਾਂ ਦੀ ਈ-ਨਿਲਾਮੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿੱਥੇ ਮੰਡੀ ਬੋਰਡ ਨੇ ਈ-ਨਿਲਾਮੀ ਰਾਹੀਂ ਦੁਕਾਨਾਂ/ਪਲਾਟ ਵੇਚ ਕੇ ਚੌਖੀ ਕਮਾਈ ਕੀਤੀ, ਉੱਥੇ ਸਬੰਧਤ ਵਿਅਕਤੀ ਛੋਟਾ ਤੇ ਵੱਡਾ ਵਪਾਰ ਕਰ ਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਸਕੇ ਅਤੇ ਸਵੈ-ਰੁਜ਼ਗਾਰ ਸ਼ੁਰੂ ਕਰਨ ਨਾਲ ਸੂਬੇ ਵਿਚ ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀ।
ਪੰਜਾਬ ਮੰਡੀ ਬੋਰਡ ਦੀ ਇਸ ਈ-ਨਿਲਾਮੀ ਨੂੰ ਲੈ ਕੇ ਵਪਾਰੀਆਂ ਅਤੇ ਨਿਵੇਸ਼ਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਪਹਿਲੇ ਦਿਨ ਬੋਲੀਕਾਰਾਂ ਵੱਲੋਂ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਉਣ ਅਤੇ ਮੰਡੀਆਂ ਵਿਚ ਉਪਲਬਧ ਪ੍ਰਮੁੱਖ ਸਾਈਟਾਂ ਦੀ ਲੋਕੇਸ਼ਨ ਚੈੱਕ ਕਰਨ ਵਿਚ ਕਾਫ਼ੀ ਦਿਲਚਸਪੀ ਦਿਖਾਈ ਗਈ ਕਿਉਂਕਿ ਇਹ ਪਲਾਟ ‘ਫਰੀ-ਹੋਲਡ’ ਆਧਾਰ ’ਤੇ ਹਨ ਅਤੇ ਸਿਰਫ਼ 25 ਫ਼ੀਸਦੀ ਪੇਮੈਂਟ ’ਤੇ ਹੀ ਕਬਜ਼ਾ ਮਿਲ ਰਿਹਾ ਹੈ, ਇਸ ਲਈ ਵਪਾਰਕ ਪੱਖੋਂ ਇਸ ਨੂੰ ਇਕ ਵੱਡਾ ਮੌਕਾ ਮੰਨਿਆ ਜਾ ਰਿਹਾ ਹੈ। ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਨੂੰ ਵਪਾਰਕ ਸਾਈਟ ਅਲਾਟ ਕੀਤੀ ਗਈ ਅਤੇ ਸਫਲ ਬੋਲੀਕਾਰ ਨੂੰ ਕੁੱਲ ਰਕਮ ਦਾ 25 ਫ਼ੀਸਦੀ ਹਿੱਸਾ ਸ਼ੁਰੂਆਤ ਵਿਚ ਅਲਾਟਮੈਂਟ ਲੈਣ ਸਮੇਂ ਜਮ੍ਹਾਂ ਕਰਵਾਉਣਾ ਹੋਵੇਗਾ। ਬਾਕੀ ਰਹਿੰਦੀ 75 ਫ਼ੀਸਦੀ ਰਕਮ ਦਾ ਨਿਯਮਾਂ ਤੇ ਸ਼ਰਤਾਂ ਮੁਤਾਬਕ ਆਸਾਨ ਕਿਸ਼ਤਾਂ ਵਿਚ ਵਿਆਜ ਸਮੇਂ ਸਿਰ ਚੁਕਾਇਆ ਜਾ ਸਕਦਾ ਹੈ।
ਫੋਟੋ ਕੈਪਸ਼ਨ : ਇਕ ਅਨਾਜ ਮੰਡੀ ਦੀ ਤਸਵੀਰ। 08ਪੀ