- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਨੇ ਕਿਹਾ ਕਿ ਕਈ ਹੋਰ ਜ਼ਿਲ੍ਹੇ ਵੀ ਪੰਜਾਬ ਦੇ ਉਦਯੋਗਿਕ ਵਿਕਾਸ ਦੀ ਯਾਤਰਾ ’ਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਫਤਹਿਗੜ੍ਹ ਸਾਹਿਬ ਨੂੰ 1,265 ਕਰੋੜ, ਬਠਿੰਡਾ ਨੂੰ 1,248 ਕਰੋੜ, ਕਪੂਰਥਲਾ ਨੂੰ 1,037 ਕਰੋੜ ਤੇ ਜਲੰਧਰ ਨੂੰ 1,003 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਉਦਯੋਗ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਪੰਜਾਬ ਤੇਜ਼ੀ ਨਾਲ ਇਕ ਪ੍ਰਮੁੱਖ ਉਦਯੋਗਿਕ ਕੇਂਦਰ ਤੇ ਨਿਵੇਸ਼ ਦੀ ਪਸੰਦੀਦਾ ਮੰਜ਼ਿਲ ਦੇ ਰੂਪ ’ਚ ਉੱਭਰ ਰਿਹਾ ਹੈ। ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ 1.89 ਲੱਖ ਕਰੋੜ ਰੁਪਏ ਦਾ ਵੱਡਾ ਨਿਵੇਸ਼ ਖਿੱਚਿਆ ਹੈ, ਜਿਸ ਨਾਲ 6.31 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਉਦਯੋਗਿਕ ਕੇਂਦਰਾਂ ਤੋਂ ਬਾਹਰ ਵੀ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲਿਆ ਹੈ। ਨਵੀਆਂ ਨਿਵੇਸ਼ ਤਜਵੀਜ਼ਾਂ ਦੇ ਮਾਮਲੇ ’ਚ ਮੋਹਾਲੀ 9,468 ਕਰੋੜ ਰੁਪਏ ਦੇ ਨਿਵੇਸ਼ ਨਾਲ ਸਿਖਰ ’ਤੇ ਰਿਹਾ, ਜਦਕਿ ਲੁਧਿਆਣਾ 4,968 ਕਰੋੜ ਰੁਪਏ ਦੇ ਨਿਵੇਸ਼ ਨਾਲ ਦੂਜੇ ਸਥਾਨ ’ਤੇ ਹੈ। ਨਿਵੇਸ਼ ਦੇ ਵਧਦੇ ਦਾਇਰੇ ਤੋਂ ਸਪੱਸ਼ਟ ਹੈ ਕਿ ਪੰਜਾਬ ’ਚ ਰੁਜ਼ਗਾਰ, ਉੱਦਮੀਅਤਾ ਤੇ ਜ਼ਿਆਦਾ ਆਮਦਨ ਲਈ ਨਵੇਂ ਰਾਹ ਖੁੱਲ੍ਹ ਰਹੇ ਹਨ।
ਮਾਨ ਨੇ ਕਿਹਾ ਕਿ ਇਹ ਸ਼ਾਨਦਾਰ ਨਿਵੇਸ਼ ਪੰਜਾਬ ਦੇ ਉਦਯੋਗਿਕ ਈਕੋ-ਸਿਸਟਮ ’ਚ ਸਥਾਨਕ ਤੇ ਆਲਮੀ ਨਿਵੇਸ਼ਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਬਿਹਤਰ ਬੁਨਿਆਦੀ ਢਾਂਚੇ, ਜਵਾਬਦੇਹ ਪ੍ਰਸ਼ਾਸਨ ਤੇ ਆਸਾਨ ਮਨਜ਼ੂਰੀ ਪ੍ਰਕਿਰਿਆਵਾਂ ਜ਼ਰੀਏ ਅਨੁਕੂਲ, ਪਾਰਦਰਸ਼ੀ ਤੇ ਨਿਵੇਸ਼ਕ-ਅਨੁਕੂਲ ਕਾਰੋਬਾਰੀ ਮਾਹੌਲ ਤਿਆਰ ਕਰਨ ਲਈ ਲਗਾਤਾਰ ਕੰਮ ਕੀਤਾ ਹੈ। ਖੇਤੀ, ਨਿਰਮਾਣ, ਇੰਜੀਨੀਅਰਿੰਗ, ਟੈਕਸਟਾਈਲ ਤੇ ਫੂਡ ਪ੍ਰੋਸੈਸਿੰਗ ਦੇ ਖੇਤਰਾਂ ’ਚ ਪੰਜਾਬ ਦੀਆਂ ਰਵਾਇਤੀ ਸਮਰੱਥਾਵਾਂ ਦੇ ਨਾਲ-ਨਾਲ ਟੈਕਨਾਲੋਜੀ, ਨਵੀਂ ਊਰਜਾ, ਆਟੋਮੋਬਾਈਲ ਤੇ ਆਧੁਨਿਕ ਨਿਰਮਾਣ ’ਚ ਸਾਡੀਆਂ ਉੱਭਰਦੀਆਂ ਸਮਰੱਥਾਵਾਂ ਉਦਯੋਗਿਕ ਵਿਕਾਸ ਦੇ ਅਗਲੇ ਪੜਾਅ ਲਈ ਮਜ਼ਬੂਤ ਆਧਾਰ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟਾਟਾ ਸਟੀਲ, ਜੇਐੱਸਡਬਲਯੂ ਸਟੀਲ, ਆਇਚੀ ਸਟੀਲਜ਼, ਵਰਧਮਾਨ, ਨੈਸਲੇ, ਹਿੰਦੁਸਤਾਨ ਲੀਵਰ, ਕਾਰਗਿਲ, ਡੀ ਹਿਊ, ਐੱਚਐੱਮਈਐੱਲ, ਸੰਥਾਨ ਟੈਕਸਟਾਈਲ ਤੇ ਫ੍ਰੂਡੇਨਬਰਗ ਸਮੇਤ ਕਈ ਮੁੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ਕੀਤਾ ਹੈ ਜਾਂ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਈ ਹੋਰ ਜ਼ਿਲ੍ਹੇ ਵੀ ਪੰਜਾਬ ਦੇ ਉਦਯੋਗਿਕ ਵਿਕਾਸ ਦੀ ਯਾਤਰਾ ’ਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਫਤਹਿਗੜ੍ਹ ਸਾਹਿਬ ਨੂੰ 1,265 ਕਰੋੜ, ਬਠਿੰਡਾ ਨੂੰ 1,248 ਕਰੋੜ, ਕਪੂਰਥਲਾ ਨੂੰ 1,037 ਕਰੋੜ ਤੇ ਜਲੰਧਰ ਨੂੰ 1,003 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ। ਮਾਨ ਨੇ ਕਿਹਾ ਕਿ ਸਾਡੀ ਸਰਕਾਰ ਟੈਕਨਾਲੋਜੀ ਆਧਾਰਤ ਕੰਪਨੀਆਂ, ਸਟਾਰਟਅੱਪ, ਗਿਆਨ ਆਧਾਰਤ ਉਦਯੋਗਾਂ ਤੇ ਨਵੇਂ ਉੱਦਮਾਂ ਲਈ ਜ਼ਰੂਰੀ ਈਕੋ ਸਿਸਟਮ ਉਪਲਬਧ ਕਰਾਉਣ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਦੇ ਪੜ੍ਹੇ-ਲਿਖੇ ਤੇ ਹੋਣਹਾਰ ਨੌਜਵਾਨ ਸੂਬੇ ’ਚ ਹੀ ਸਨਮਾਨਜਨਕ ਰੁਜ਼ਗਾਰ ਪ੍ਰਾਪਤ ਕਰ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਮਜ਼ਬੂਤ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਨਅਤੀ ਨੀਤੀ ਸਿਰਫ਼ ਨਿਵੇਸ਼ ਦੇ ਅੰਕੜੇ ਆਕਰਸ਼ਿਤ ਕਰਨ ਤੱਕ ਸੀਮਤ ਨਹੀਂ ਹੈ। ਇਸ ਦਾ ਅਸਲੀ ਮਕਸਦ ਨਿਵੇਸ਼ ਨੂੰ ਰੁਜ਼ਗਾਰ, ਉੱਦਮੀਅਤਾ, ਆਮਦਨ ’ਚ ਵਾਧੇ ਤੇ ਪੰਜਾਬ ਦੇ ਨੌਜਵਾਨਾਂ ਲਈ ਬਿਹਤਰ ਮੌਕਿਆਂ ’ਚ ਬਦਲਣਾ ਹੈ।