- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਰਚ ਵਿੱਚ ਪੇਸ਼ ਕੀਤੇ ਬਜਟ ਵਿੱਚ ਭਗਵੰਤ ਮਾਨ ਸਰਕਾਰ ਨੇ ਕਈ ਮਦਾਂ ਵਿੱਚ ਉੱਚੇ ਮਾਲੀਆ ਟੀਚੇ ਰੱਖੇ ਸਨ, ਪਰ ਪਹਿਲੀ ਤਿਮਾਹੀ ਵਿੱਚ ਪ੍ਰਮੁੱਖ ਸਰੋਤਾਂ ਤੋਂ ਉਮੀਦ ਅਨੁਸਾਰ ਆਮਦਨ ਨਹੀਂ ਹੋ ਸਕੀ। ਸਰਕਾਰ ਦਾ ਸਭ ਤੋਂ ਵੱਡਾ ਕਰ ਸਰੋਤ ਜੀਐੱਸਟੀ ਵੀ ਨਿਰਾਸ਼ਾਜਨਕ ਰਿਹਾ।

ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ: ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਅੰਕੜੇ ਪੰਜਾਬ ਸਰਕਾਰ ਲਈ ਚਿੰਤਾਜਨਕ ਰਹੇ ਹਨ। ਕੰਟਰੋਲਰ ਐਂਡ ਆਡੀਟਰ ਜਨਰਲ (ਸੀਏਜੀ) ਦੀ ਰਿਪੋਰਟ ਅਨੁਸਾਰ ਅਪ੍ਰੈਲ ਤੋਂ ਜੂਨ 2026 ਦੌਰਾਨ ਸੂਬੇ ਦੀਆਂ ਕੁੱਲ ਮਾਲੀਆ ਪ੍ਰਾਪਤੀਆਂ 27,461.66 ਕਰੋੜ ਰੁਪਏ ਰਹੀਆਂ, ਜੋ ਸਾਲਾਨਾ ਟੀਚੇ ਦਾ 21.76 ਫ਼ੀਸਦੀ ਬਣਦੀਆਂ ਹਨ। ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਅੰਕੜਾ 22.89 ਫ਼ੀਸਦੀ ਸੀ, ਜਿਸ ਨਾਲ ਮਾਲੀਆ ਇਕੱਠਾ ਕਰਨ ਦੀ ਰਫ਼ਤਾਰ ਵਿੱਚ ਕਰੀਬ ਪੰਜ ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ।
ਮਾਰਚ ਵਿੱਚ ਪੇਸ਼ ਕੀਤੇ ਬਜਟ ਵਿੱਚ ਭਗਵੰਤ ਮਾਨ ਸਰਕਾਰ ਨੇ ਕਈ ਮਦਾਂ ਵਿੱਚ ਉੱਚੇ ਮਾਲੀਆ ਟੀਚੇ ਰੱਖੇ ਸਨ, ਪਰ ਪਹਿਲੀ ਤਿਮਾਹੀ ਵਿੱਚ ਪ੍ਰਮੁੱਖ ਸਰੋਤਾਂ ਤੋਂ ਉਮੀਦ ਅਨੁਸਾਰ ਆਮਦਨ ਨਹੀਂ ਹੋ ਸਕੀ। ਸਰਕਾਰ ਦਾ ਸਭ ਤੋਂ ਵੱਡਾ ਕਰ ਸਰੋਤ ਜੀਐੱਸਟੀ ਵੀ ਨਿਰਾਸ਼ਾਜਨਕ ਰਿਹਾ। 2026-27 ਲਈ 32,000 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਸੀ, ਪਰ ਪਹਿਲੇ ਤਿੰਨ ਮਹੀਨਿਆਂ ਵਿੱਚ ਇਸ ਦਾ ਕੇਵਲ 21.66 ਫ਼ੀਸਦੀ ਹੀ ਪ੍ਰਾਪਤ ਹੋਇਆ।
ਸਟੈਂਪ ਡਿਊਟੀ ਤੋਂ ਵੀ ਆਮਦਨ ਵਿੱਚ ਕਮੀ ਰਹੀ। 9,000 ਕਰੋੜ ਰੁਪਏ ਦੇ ਸਾਲਾਨਾ ਟੀਚੇ ਦੇ ਮੁਕਾਬਲੇ ਸਿਰਫ਼ 1,829 ਕਰੋੜ ਰੁਪਏ ਹੀ ਇਕੱਠੇ ਹੋਏ, ਜੋ ਟੀਚੇ ਦਾ 20.33 ਫ਼ੀਸਦੀ ਹੈ। ਇਸੇ ਤਰ੍ਹਾਂ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਤੋਂ ਮਿਲਣ ਵਾਲੇ ਸੇਲਜ਼ ਟੈਕਸ ਦੀ ਵਸੂਲੀ ਵੀ ਉਮੀਦਾਂ ਤੋਂ ਘੱਟ ਰਹੀ।
ਕੇਂਦਰ ਸਰਕਾਰ ਤੋਂ ਕਰਾਂ ਵਿੱਚ ਸੂਬੇ ਦੀ ਹਿੱਸੇਦਾਰੀ ਵੀ ਅਨੁਮਾਨ ਨਾਲੋਂ ਘੱਟ ਮਿਲੀ। 30,433 ਕਰੋੜ ਰੁਪਏ ਦੇ ਸਾਲਾਨਾ ਟੀਚੇ ਦੇ ਮੁਕਾਬਲੇ ਪਹਿਲੀ ਤਿਮਾਹੀ ਵਿੱਚ ਕੇਵਲ 5,256 ਕਰੋੜ ਰੁਪਏ ਪ੍ਰਾਪਤ ਹੋਏ, ਜੋ ਕੁੱਲ ਟੀਚੇ ਦਾ 17.27 ਫ਼ੀਸਦੀ ਹੈ।
ਸੀਏਜੀ ਦੇ ਇਹ ਅੰਕੜੇ ਦਰਸਾਉਂਦੇ ਹਨ ਕਿ ਜੇਕਰ ਅਗਲੀਆਂ ਤਿਮਾਹੀਆਂ ਵਿੱਚ ਮਾਲੀਆ ਵਸੂਲੀ ਦੀ ਰਫ਼ਤਾਰ ਨਹੀਂ ਵਧਦੀ ਤਾਂ ਸਰਕਾਰ 'ਤੇ ਵਿੱਤੀ ਦਬਾਅ ਹੋਰ ਵਧ ਸਕਦਾ ਹੈ। ਸਥਾਈ ਖ਼ਰਚਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦਿਆਂ ਮਾਲੀਆ ਇਕੱਠਾ ਕਰਨ ਦੀ ਰਫ਼ਤਾਰ ਤੇਜ਼ ਕਰਨਾ ਸਰਕਾਰ ਲਈ ਵੱਡੀ ਚੁਣੌਤੀ ਬਣੇਗਾ।