
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੈਪਟਾਪ, ਯਾਤਰਾ ਭੱਤਾ ਤੇ ਇਨਫਰਾਸਟਰੱਕਚਰ ਅਲਾਊਂਸ ਦੇ ਤਿੰਨੋ ਫ਼ੈਸਲਿਆਂ ਨਾਲ ਇੰਸਪੈਕਟਰ ਕੈਡਰ ਨੂੰ ਸਿੱਧੀ ਰਾਹਤ ਮਿਲੇਗੀ। ਵਿਭਾਗ ਵੱਲੋਂ ਫੀਲਡ ਮਾਨੀਟਰਿੰਗ ਨੂੰ ਤਕਨਾਲੋਜੀ, ਬਿਹਤਰ ਦਫ਼ਤਰੀ ਸਹੂਲਤਾਂ ਤੇ ਨਿਯਮਤ ਮੰਡੀ ਨਿਰੀਖਣ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ: ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ’ਚ ਫੀਲਡ ’ਚ ਤਾਇਨਾਤ ਇੰਸਪੈਕਟਰਾਂ ਦੇ ਕੰਮਕਾਜ ਦਾ ਤਰੀਕਾ ਹੁਣ ਬਦਲਣ ਜਾ ਰਿਹਾ ਹੈ। ਵਿਭਾਗ ਨੇ ਇੰਸਪੈਕਟਰ ਕੈਡਰ ਦੇ ਅਧਿਕਾਰੀਆਂ ਨੂੰ ਲੈਪਟਾਪ ਮੁਹੱਈਆ ਕਰਵਾਉਣ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੰਡੀਆਂ ਤੇ ਖਰੀਦ ਕੇਂਦਰਾਂ ਦੇ ਦੌਰਿਆਂ ਲਈ ਯਾਤਰਾ ਭੱਤਾ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਸਹੂਲਤਾਂ ਨੂੰ ਵਿਭਾਗ ਦੇ ਕੰਮਕਾਜ ਨੂੰ ਡਿਜ਼ੀਟਲ ਤੇ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਇੰਸਪੈਕਟਰ ਵਿਭਾਗ ਦੀ ਜ਼ਮੀਨੀ ਵਿਵਸਥਾ ਦੀ ਅਹਿਮ ਕੜੀ ਹਨ। ਫ਼ਸਲ ਦੀ ਖਰੀਦ ਦੌਰਾਨ ਉਨ੍ਹਾਂ ਨੂੰ ਮੰਡੀਆਂ ’ਚ ਜਾ ਕੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਸਿੱਧਾ ਸੰਪਰਕ ਕਰਨਾ ਪੈਂਦਾ ਹੈ। ਲੈਪਟਾਪ ਮਿਲਣ ਨਾਲ ਫੀਲਡ ਤੋਂ ਹੀ ਰਿਕਾਰਡ ਤੇ ਹੋਰ ਜ਼ਰੂਰੀ ਜਾਣਕਾਰੀ ਨੂੰ ਡਿਜ਼ੀਟਲ ਤਰੀਕੇ ਨਾਲ ਸੰਭਾਲਣ ਤੇ ਭੇਜਣ ’ਚ ਸਹੂਲਤ ਮਿਲੇਗੀ। ਯਾਤਰਾ ਭੱਤਾ ਮਿਲਣ ਨਾਲ ਮੰਡੀਆਂ ਤੇ ਖਰੀਦ ਕੇਂਦਰਾਂ ਦੇ ਨਿਯਮਤ ਦੌਰਿਆਂ ’ਤੇ ਹੋਣ ਵਾਲੇ ਖਰਚ ਦਾ ਬੋਝ ਵੀ ਘਟੇਗਾ।
ਦਫ਼ਤਰਾਂ ਲਈ ਵੀ ਮਿਲੇਗਾ ਇਨਫਰਾਸਟਰੱਕਚਰ ਅਲਾਊਂਸ
ਫੀਲਡ ਸਟਾਫ਼ ਦੇ ਨਾਲ-ਨਾਲ ਇੰਸਪੈਕਟਰਾਂ ਦੇ ਦਫ਼ਤਰਾਂ ਦੀਆਂ ਸਹੂਲਤਾਂ ਵੱਲ ਵੀ ਧਿਆਨ ਦਿੱਤਾ ਗਿਆ ਹੈ। ਵਿਭਾਗ ਨੇ ਇਨਫਰਾਸਟਰੱਕਚਰ ਅਲਾਊਂਸ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸ ਰਾਹੀਂ ਇੰਸਪੈਕਟਰ ਆਪਣੇ ਦਫ਼ਤਰਾਂ ਲਈ ਬਿਹਤਰ ਫਰਨੀਚਰ ਤੇ ਹੋਰ ਜ਼ਰੂਰੀ ਬੁਨਿਆਦੀ ਸਹੂਲਤਾਂ ਯਕੀਨੀ ਬਣਾ ਸਕਣਗੇ। ਇਸ ਨਾਲ ਕਰਮਚਾਰੀਆਂ ਲਈ ਕੰਮ ਕਰਨ ਦਾ ਮਾਹੌਲ ਵੀ ਬਿਹਤਰ ਹੋਣ ਦੀ ਉਮੀਦ ਹੈ।
ਗਰੀਬ ਵਰਗ ਲਈ ਅਨਾਜ ਦੀ ਸਪਲਾਈ ’ਤੇ ਰਹੇਗੀ ਤਿੱਖੀ ਨਜ਼ਰ
ਵਿਭਾਗ ਵੱਲੋਂ ਇੰਸਪੈਕਟਰਾਂ ਨੂੰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਗਰੀਬ ਵਰਗ ਲਈ ਆਉਣ ਵਾਲਾ ਅਨਾਜ ਹਰ ਹਾਲ ’ਚ ਯੋਗ ਲਾਭਪਾਤਰੀਆਂ ਤੱਕ ਪਹੁੰਚਣਾ ਚਾਹੀਦਾ ਹੈ। ਅਨਾਜ ਦੀ ਵੰਡ ਤੇ ਸਪਲਾਈ ’ਚ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਇਸ ਕਾਰਨ ਫੀਲਡ ਸਟਾਫ਼ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ।
ਲੈਪਟਾਪ, ਯਾਤਰਾ ਭੱਤਾ ਤੇ ਇਨਫਰਾਸਟਰੱਕਚਰ ਅਲਾਊਂਸ ਦੇ ਤਿੰਨੋ ਫ਼ੈਸਲਿਆਂ ਨਾਲ ਇੰਸਪੈਕਟਰ ਕੈਡਰ ਨੂੰ ਸਿੱਧੀ ਰਾਹਤ ਮਿਲੇਗੀ। ਵਿਭਾਗ ਵੱਲੋਂ ਫੀਲਡ ਮਾਨੀਟਰਿੰਗ ਨੂੰ ਤਕਨਾਲੋਜੀ, ਬਿਹਤਰ ਦਫ਼ਤਰੀ ਸਹੂਲਤਾਂ ਤੇ ਨਿਯਮਤ ਮੰਡੀ ਨਿਰੀਖਣ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।