ਪੰਜਾਬ ਚੋਣਾਂ 2027: ਮੁੜ ਚਰਚਾ 'ਚ ਭਾਜਪਾ-ਅਕਾਲੀ ਦਲ ਗਠਜੋੜ, RSS ਨੇ ਟੋਲੀ ਕਈ ਆਗੂਆਂ ਦੀ ਨਬਜ਼; ਜਾਣੋ ਸਮਝੌਤੇ ਨੂੰ ਲੈ ਕੇ ਕੀ ਹੈ ਅਗਲਾ ਪਲਾਨ?
ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀ ਬੈਠਕ 'ਚ ਸ਼ਿਰੋਮਣੀ ਅਕਾਲੀ ਦਲ ਨਾਲ ਸੰਭਾਵੀ ਚੋਣ ਗਠਜੋੜ ਦਾ ਮੁੱਦਾ ਪ੍ਰਮੁੱਖਤਾ ਨਾਲ ਉੱਭਰ ਕੇ ਸਾਹਮਣੇ ਆਇਆ ਹੈ।
Publish Date: Wed, 17 Jun 2026 05:56 PM (IST)
Updated Date: Wed, 17 Jun 2026 05:57 PM (IST)

ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀ ਬੈਠਕ 'ਚ ਸ਼ਿਰੋਮਣੀ ਅਕਾਲੀ ਦਲ ਨਾਲ ਸੰਭਾਵੀ ਚੋਣ ਗਠਜੋੜ ਦਾ ਮੁੱਦਾ ਪ੍ਰਮੁੱਖਤਾ ਨਾਲ ਉੱਭਰ ਕੇ ਸਾਹਮਣੇ ਆਇਆ ਹੈ।
ਸੂਤਰਾਂ ਅਨੁਸਾਰ, ਆਰ.ਐੱਸ.ਐੱਸ. ਦੇ ਸੀਨੀਅਰ ਆਗੂਆਂ ਨੇ ਪੰਜਾਬ ਭਾਜਪਾ ਦੇ ਨੇਤਾਵਾਂ ਤੋਂ ਮੌਜੂਦਾ ਸਿਆਸੀ ਹਾਲਾਤ 'ਤੇ ਫੀਡਬੈਕ ਲਿਆ ਅਤੇ ਅਕਾਲੀ ਦਲ ਨਾਲ ਚੋਣ ਸਮਝੌਤੇ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਉਨ੍ਹਾਂ ਦੀ ਰਾਏ ਜਾਣੀ। ਬੈਠਕ ਦੌਰਾਨ ਭਾਜਪਾ ਦੇ ਕਈ ਆਗੂਆਂ ਨੇ ਅਕਾਲੀ ਦਲ ਨਾਲ ਤਾਲਮੇਲ ਦੀ ਵਕਾਲਤ ਵੀ ਕੀਤੀ।
ਚੰਡੀਗੜ੍ਹ ਵਿਖੇ ਆਯੋਜਿਤ ਕਰੀਬ ਅੱਠ ਘੰਟੇ ਚੱਲੀ ਮੈਰਾਥਨ ਬੈਠਕ 'ਚ ਆਰ.ਐੱਸ.ਐੱਸ. ਦੇ ਸਹਿ-ਸਰਕਾਰਵਾਹ (ਸੰਯੁਕਤ ਜਨਰਲ ਸਕੱਤਰ) ਅਰੁਣ ਕੁਮਾਰ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ BL ਸੰਤੋਸ਼, ਸੂਬਾ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਸੰਘ ਅਤੇ ਭਾਜਪਾ ਦੇ ਕਈ ਸੀਨੀਅਰ ਅਹੁਦੇਦਾਰ ਮੌਜੂਦ ਸਨ। RSS ਵੱਲੋਂ ਪੰਜਾਬ ਸੰਗਠਨ ਸਕੱਤਰ ਮੰਤਰੀ ਸ੍ਰੀਨਿਵਾਸੁਲੂ ਅਤੇ ਸੀਨੀਅਰ ਅਹੁਦੇਦਾਰ ਸੌਦਾਨ ਸਿੰਘ ਨੇ ਵੀ ਬੈਠਕ 'ਚ ਹਿੱਸਾ ਲਿਆ।
ਚੋਣ ਸਹਿਯੋਗ 'ਤੇ ਹੋਈ ਵਿਸਥਾਰ ਨਾਲ ਚਰਚਾ
ਸੂਤਰਾਂ ਮੁਤਾਬਕ, ਬੈਠਕ ਦਾ ਮੁੱਖ ਏਜੰਡਾ ਪੰਜਾਬ ਦੀ ਸਿਆਸੀ ਸਥਿਤੀ ਦਾ ਮੁਲਾਂਕਣ ਕਰਨਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਥੇਬੰਦਕ ਰਣਨੀਤੀ ਤਿਆਰ ਕਰਨਾ ਸੀ। ਇਸੇ ਦੌਰਾਨ ਭਾਜਪਾ ਅਤੇ ਅਕਾਲੀ ਦਲ ਦੇ ਰਿਸ਼ਤਿਆਂ ਅਤੇ ਭਵਿੱਖ 'ਚ ਸੰਭਾਵੀ ਚੋਣ ਸਹਿਯੋਗ 'ਤੇ ਵੀ ਵਿਸਥਾਰ ਨਾਲ ਚਰਚਾ ਹੋਈ।
ਭਾਜਪਾ ਦੇ ਕਈ ਨੇਤਾਵਾਂ ਦਾ ਮੰਨਣਾ ਸੀ ਕਿ ਸੂਬੇ ਦੇ ਮੌਜੂਦਾ ਸਿਆਸੀ ਸਮੀਕਰਨਾਂ ਨੂੰ ਦੇਖਦੇ ਹੋਏ ਅਕਾਲੀ ਦਲ ਨਾਲ ਗਠਜੋੜ ਦੇ ਬਦਲ ਨੂੰ ਪੂਰੀ ਤਰ੍ਹਾਂ ਖਾਰਜ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦਾ ਤਰਕ ਸੀ ਕਿ ਰਵਾਇਤੀ ਸਿੱਖ ਅਤੇ ਪੇਂਡੂ ਵੋਟ ਬੈਂਕ 'ਚ ਸੰਨ੍ਹ ਲਗਾਉਣ ਲਈ ਇਹ ਸਮੀਕਰਨ ਪਾਰਟੀ ਨੂੰ ਲਾਭ ਪਹੁੰਚਾ ਸਕਦਾ ਹੈ। ਹਾਲਾਂਕਿ, ਕੇਂਦਰੀ ਲੀਡਰਸ਼ਿਪ ਦਾ ਰੁਖ ਫਿਲਹਾਲ ਵੱਖਰਾ ਨਜ਼ਰ ਆ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਹੀ ਜਨਤਕ ਤੌਰ 'ਤੇ ਕਹਿ ਚੁੱਕੇ ਹਨ ਕਿ ਭਾਜਪਾ ਦਾ ਟੀਚਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਆਪਣੇ ਦਮ 'ਤੇ ਚੋਣ ਲੜਨਾ ਹੈ। ਅਜਿਹੇ 'ਚ ਗਠਜੋੜ ਨੂੰ ਲੈ ਕੇ ਆਖਰੀ ਫੈਸਲਾ ਪਾਰਟੀ ਹਾਈਕਮਾਂਡ ਹੀ ਕਰੇਗੀ।
ਵੱਖ-ਵੱਖ ਵਰਗਾਂ ਤੱਕ ਪਹੁੰਚ ਮਜ਼ਬੂਤ ਕਰਨ 'ਤੇ ਜ਼ੋਰ
ਬੈਠਕ 'ਚ ਭਾਜਪਾ ਦੇ ਵਧਦੇ ਵੋਟ ਸ਼ੇਅਰ ਅਤੇ ਸੰਗਠਨ ਦੇ ਵਿਸਥਾਰ ਦੀ ਵੀ ਸਮੀਖਿਆ ਕੀਤੀ ਗਈ। ਆਗੂਆਂ ਨੂੰ ਦੱਸਿਆ ਗਿਆ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਦਾ ਵੋਟ ਸ਼ੇਅਰ 9.63 ਫੀਸਦੀ ਸੀ, ਜੋ 2024 'ਚ ਵਧ ਕੇ 18.56 ਫੀਸਦੀ ਤੱਕ ਪਹੁੰਚ ਗਿਆ।
ਆਰ.ਐੱਸ.ਐੱਸ. ਨੇ ਇਸ ਵਾਧੇ ਨੂੰ ਆਧਾਰ ਬਣਾ ਕੇ ਕਿਸਾਨਾਂ, ਨੌਜਵਾਨਾਂ, ਮਹਿਲਾਵਾਂ, ਅਨੁਸੂਚਿਤ ਜਾਤੀਆਂ (SC), ਓ.ਬੀ.ਸੀ. (OBC) ਅਤੇ ਡੇਰਾ ਸ਼ਰਧਾਲੂਆਂ ਸਮੇਤ ਵੱਖ-ਵੱਖ ਵਰਗਾਂ ਤੱਕ ਪਹੁੰਚ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ।
ਸੂਤਰਾਂ ਅਨੁਸਾਰ ਧਰਮ ਤਬਦੀਲੀ, ਕਾਨੂੰਨ ਵਿਵਸਥਾ, ਨਸ਼ਿਆਂ ਦਾ ਮੁੱਦਾ, ਆਰਥਿਕ ਚੁਣੌਤੀਆਂ ਅਤੇ ਸਰਹੱਦ ਪਾਰੋਂ ਅੱਤਵਾਦ ਦੇ ਖ਼ਤਰੇ ਨੂੰ ਆਗਾਮੀ ਚੋਣਾਂ ਦੇ ਮੁੱਖ ਮੁੱਦਿਆਂ ਵਜੋਂ ਚਿੰਨ੍ਹਿਤ ਕੀਤਾ ਗਿਆ। ਬੈਠਕ 'ਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਬੰਧ 'ਚ ਸੁਣਾਏ ਗਏ ਫੈਸਲੇ ਦੇ ਸਿਆਸੀ ਪ੍ਰਭਾਵਾਂ 'ਤੇ ਵੀ ਚਰਚਾ ਹੋਈ।
ਪੰਜਾਬ 'ਚ ਬੜ੍ਹਤ ਦੀ ਉਮੀਦ
ਆਰ.ਐੱਸ.ਐੱਸ. ਲੀਡਰਸ਼ਿਪ ਨੇ ਬੈਠਕ 'ਚ ਕਿਹਾ ਕਿ ਸੰਘ ਪਰਿਵਾਰ ਨੇ ਹਰਿਆਣਾ ਅਤੇ ਪੱਛਮੀ ਬੰਗਾਲ ਵਰਗੇ ਚੁਣੌਤੀਪੂਰਨ ਸੂਬਿਆਂ 'ਚ ਜਥੇਬੰਦਕ ਮਜ਼ਬੂਤੀ ਦੇ ਦਮ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਸੇ ਤਰਜ਼ 'ਤੇ ਪੰਜਾਬ 'ਚ ਵੀ ਭਾਜਪਾ ਦੇ ਵਿਸਥਾਰ ਅਤੇ ਬਿਹਤਰ ਚੋਣ ਪ੍ਰਦਰਸ਼ਨ ਦੀ ਸੰਭਾਵਨਾ ਜਤਾਈ ਗਈ। ਇਸ ਦੇ ਨਾਲ ਹੀ ਵਰਕਰਾਂ ਨੂੰ ਜ਼ਮੀਨੀ ਪੱਧਰ 'ਤੇ ਸਰਗਰਮ ਹੋ ਕੇ ਨਵੇਂ ਸਮਾਜਿਕ ਵਰਗਾਂ ਤੱਕ ਪਹੁੰਚ ਬਣਾਉਣ ਦਾ ਸੰਦੇਸ਼ ਦਿੱਤਾ ਗਿਆ।