ਪੰਜਾਬ 'ਚ ਅਕਾਲੀ ਦਲ-ਭਾਜਪਾ ਦੀ ਜੋੜੀ 'ਚ ਹੀ ਕਿਉਂ ਦਿਖਦਾ ਹੈ 'ਜਿੱਤ ਦਾ ਫਾਰਮੂਲਾ'? ਪੜ੍ਹੋ, NDA ਲਈ ਬਾਕੀ ਵਿਕਲਪ ਕਿਉਂ ਹੋ ਰਹੇ ਫੇਲ੍ਹ
ਬੇਸ਼ਕ ਅਕਾਲੀ ਦਲ ਤੇ ਭਾਜਪਾ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦੀ ਗੱਲ ਕਰਦੀਆਂ ਰਹੀਆਂ ਹਨ। ਇਸ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਦੋਵਾਂ ਪਾਰਟੀਆਂ ਦੇ ਆਗੂਆਂ ਹੀ ਨਹੀਂ, ਸਗੋਂ ਸਿਆਸਤ 'ਚ ਦਿਲਚਸਪੀ ਰੱਖਣ ਵਾਲੇ ਲੋਕਾਂ ਵਿਚਾਲੇ ਵੀ ਦੋਵਾਂ ਪਾਰਟੀਆਂ ਦੇ ਗੱਠਜੋੜ ਅਤੇ ਜਿੱਤ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਰਚਾ ਹੁੰਦੀ ਰਹੀ ਹੈ।
Publish Date: Fri, 23 Oct 2026 09:56 AM (IST)
Updated Date: Fri, 23 Oct 2026 09:59 AM (IST)
ਰਮਨਜੀਤ ਸਿੰਘ ਮਣਕੂ, ਚੰਡੀਗੜ੍ਹ: Punjab Election 2027: ਦਹਾਕਿਆਂ ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਵਿਚਾਲੇ ਗੱਠਜੋੜ ਰਿਹਾ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹੋਣ ਜਾਂ ਅਟਲ ਬਿਹਾਰੀ ਵਾਜਪਾਈ ਵਰਗੇ ਆਗੂ, ਸਾਰੇ ਪੰਜਾਬ 'ਚ ਬਣਨ ਵਾਲੀ ਸਰਕਾਰ ਨੂੰ ਐੱਨਡੀਏ ਸਰਕਾਰ ਕਹਿ ਕੇ ਹੀ ਸੰਬੋਧਨ ਕਰਦੇ ਰਹੇ।
ਕਿਸਾਨ ਅੰਦੋਲਨ ਦੌਰਾਨ ਗੱਠਜੋੜ (Akali Dal BJP Alliance) ਟੁੱਟਿਆ ਤਾਂ ਪੰਜਾਬ 'ਚ ਐੱਨਡੀਏ ਸ਼ਬਦ ਦੀ ਵਰਤੋਂ ਬੰਦ ਹੋ ਗਈ। ਭਾਜਪਾ ਪੰਜਾਬ 'ਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰਨ ਲੱਗੀ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਉਣ ਦੀ ਗੱਲ ਕਰਨ ਲੱਗਾ।
ਹੁਣ ਤਕ ਤਾਂ ਇਹੀ ਕਿਹਾ ਜਾ ਰਿਹਾ ਸੀ, ਪਰ ਵੀਰਵਾਰ ਨੂੰ ਭਾਜਪਾ ਦੇ ਦਿੱਗਜ ਆਗੂ ਅਮਿਤ ਸ਼ਾਹ ਦੇ ਬਿਆਨ (Amit Shah Punjab Statement) 'ਚ ਲਗਭਗ ਪੰਜ ਸਾਲਾਂ ਬਾਅਦ ਪਹਿਲੀ ਵਾਰ ਪੰਜਾਬ 'ਚ ਐੱਨਡੀਏ ਸਰਕਾਰ ਦਾ ਜ਼ਿਕਰ ਹੋਇਆ ਹੈ।
ਇਸ ਬਿਆਨ ਨੇ ਇੱਕ ਵਾਰ ਫਿਰ ਪੰਜਾਬ 'ਚ ਗੱਠਜੋੜ ਦੀਆਂ ਚਰਚਾਵਾਂ ਨੂੰ ਬਲ ਦੇ ਦਿੱਤਾ ਹੈ। ਇਸ ਤੋਂ ਸਵਾਲ ਉੱਠਣ ਲੱਗਾ ਹੈ ਕਿ ਕੀ ਭਾਜਪਾ ਪੰਜਾਬ 'ਚ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਗੱਠਜੋੜ ਦੀ ਸਿਆਸਤ ਵੱਲ ਪਰਤ ਰਹੀ ਹੈ ਜਾਂ ਫਿਰ ਐੱਨਡੀਏ ਦੇ ਵਿਸਥਾਰ ਲਈ ਹੋਰ ਵਿਕਲਪ ਲੱਭੇ ਜਾ ਰਹੇ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਣ ਨਜ਼ਰ ਇਸ ਗੱਲ 'ਤੇ ਹੈ ਕਿ ਭਾਜਪਾ ਕਿਹੜੀਆਂ ਪਾਰਟੀਆਂ ਨਾਲ ਸਿਆਸੀ ਤਾਲਮੇਲ ਬਣਾਉਂਦੀ ਹੈ।
ਕਿਸ ਪਾਰਟੀ ਨਾਲ ਗੱਠਜੋੜ ਦੀ ਕਿੰਨੀ ਸੰਭਾਵਨਾ?
ਆਮ ਆਦਮੀ ਪਾਰਟੀ
ਸੰਭਾਵਨਾ: ਬਿਲਕੁਲ ਨਹੀਂ
ਕਾਰਨ: ਆਮ ਆਦਮੀ ਪਾਰਟੀ ਕੌਮੀ ਸਿਆਸਤ ਦੇ ਮੰਚ 'ਤੇ ਅੱਗੇ ਵਧਣ ਲਈ ਲਗਾਤਾਰ ਭਾਜਪਾ ਨੂੰ ਘੇਰ ਰਹੀ ਹੈ। ਭਾਜਪਾ ਵੀ ਲਗਾਤਾਰ 'ਆਪ' ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਂਦੀ ਰਹਿੰਦੀ ਹੈ।
ਕਾਂਗਰਸ
ਸੰਭਾਵਨਾ: ਬਿਲਕੁਲ ਨਹੀਂ
ਕਾਰਨ: ਕਾਂਗਰਸ ਨਾਲ ਭਾਜਪਾ ਦੇ ਗੱਠਜੋੜ ਦੀ ਸੰਭਾਵਨਾ ਸਿਆਸੀ ਤੌਰ 'ਤੇ ਲਗਭਗ ਨਾਮੁਮਕਿਨ ਹੈ। ਭਾਜਪਾ ਲੰਬੇ ਸਮੇਂ ਤੋਂ ਕੌਮੀ ਪੱਧਰ 'ਤੇ ਕਾਂਗਰਸ ਖ਼ਿਲਾਫ਼ ਸਿਆਸਤ ਕਰਦੀ ਰਹੀ ਹੈ ਅਤੇ 'ਕਾਂਗਰਸ ਮੁਕਤ ਭਾਰਤ' ਦਾ ਨਾਅਰਾ ਉਸ ਦਾ ਪ੍ਰਮੁੱਖ ਸਿਆਸੀ ਸੰਦੇਸ਼ ਰਿਹਾ ਹੈ। ਅਜਿਹੇ 'ਚ ਪੰਜਾਬ 'ਚ ਦੋਵਾਂ ਪਾਰਟੀਆਂ ਦੇ ਇਕੱਠੇ ਆਉਣ ਦੀ ਗੁੰਜਾਇਸ਼ ਨਜ਼ਰ ਨਹੀਂ ਆਉਂਦੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ
ਸੰਭਾਵਨਾ: ਬਿਲਕੁਲ ਨਹੀਂ
ਕਾਰਨ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਭਾਜਪਾ ਦੇ ਵਿਚਾਰਧਾਰਕ ਅਤੇ ਸਿਆਸੀ ਮਤਭੇਦ ਗੱਠਜੋੜ ਦਾ ਰਾਹ ਬੰਦ ਕਰਦੇ ਹਨ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)
ਸੰਭਾਵਨਾ: ਬਹੁਤ ਘੱਟ
ਕਾਰਨ: ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਬਣੀ ਹੈ। ਇਸ ਦੇ ਕਈ ਆਗੂ ਸਾਲਾਂ ਤੋਂ ਭਾਜਪਾ ਦੇ ਆਗੂਆਂ ਨਾਲ ਜੁੜੇ ਰਹੇ ਹਨ ਅਤੇ ਉਨ੍ਹਾਂ ਰਾਹੀਂ ਗੱਲਬਾਤ ਹੋ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਚੋਣ ਸਿਆਸਤ 'ਚ ਹਾਲੇ ਨਵੀਂ ਪਾਰਟੀ ਵਜੋਂ ਸ਼ਾਮਲ ਹੋਇਆ ਹੈ। ਹਾਲਾਂਕਿ, ਪਾਰਟੀ ਦੇ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਭਾਜਪਾ ਨਾਲ ਗੱਠਜੋੜ ਦੀ ਗੱਲ ਹੁੰਦੀ ਹੈ ਤਾਂ ਪਹਿਲਾਂ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਤੋਂ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਦੇ ਮੁੱਦਿਆਂ 'ਤੇ ਚਰਚਾ ਹੋਵੇਗੀ। ਸਹਿਮਤੀ ਬਣਨ ਤੋਂ ਬਾਅਦ ਹੀ ਅੱਗੇ ਵਧਿਆ ਜਾਵੇਗਾ। ਅਜਿਹੇ 'ਚ ਭਾਜਪਾ ਵੱਲੋਂ ਇਨ੍ਹਾਂ ਸ਼ਰਤਾਂ ਨੂੰ ਮੰਨ ਕੇ ਗੱਠਜੋੜ ਸਵੀਕਾਰ ਕਰਨਾ ਸਿਆਸੀ ਕਮਜ਼ੋਰੀ ਵਜੋਂ ਦੇਖਿਆ ਜਾ ਸਕਦਾ ਹੈ, ਜਿਸ ਦੀ ਸੰਭਾਵਨਾ ਘੱਟ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ)
ਸੰਭਾਵਨਾ: ਬਹੁਤ ਜ਼ਿਆਦਾ
ਕਾਰਨ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੀ ਅਜਿਹੀ ਸਿਆਸੀ ਪਾਰਟੀ ਹੈ, ਜਿਸ ਨਾਲ ਭਾਜਪਾ ਦੇ ਗੱਠਜੋੜ ਦੀ ਕਾਫ਼ੀ ਸੰਭਾਵਨਾ ਹੈ। ਦਹਾਕਿਆਂ ਤੋਂ ਸਾਥੀ ਰਹੇ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਪੰਜਾਬ ਦੇ ਜ਼ਮੀਨੀ ਪੱਧਰ 'ਤੇ ਵੀ ਤਾਲਮੇਲ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਪੰਜਾਬ ਦੀਆਂ ਸਭ ਤੋਂ ਸਫ਼ਲ ਅਤੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਗੱਠਜੋੜ ਸਰਕਾਰਾਂ 'ਚੋਂ ਇੱਕ ਰਿਹਾ ਹੈ। ਹੁਣ ਇੱਕ ਵਾਰ ਫਿਰ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਦੀਆਂ ਸੰਭਾਵਨਾਵਾਂ ਵਧੀਆਂ ਹਨ।
ਗੱਠਜੋੜ ਦੇ ਇਤਿਹਾਸ ਦੀਆਂ ਜੜ੍ਹਾਂ
ਜਨਸੰਘ ਦੇ ਸਮੇਂ ਤੋਂ ਰਿਹਾ ਹੈ ਸਾਥ
1967 ਅਤੇ 1969 'ਚ ਸ਼੍ਰੋਮਣੀ ਅਕਾਲੀ ਦਲ ਨੇ ਜਨਸੰਘ ਨਾਲ ਮਿਲ ਕੇ ਸਰਕਾਰ ਬਣਾਈ ਸੀ। 1977 'ਚ ਦੋਵੇਂ ਪਾਰਟੀਆਂ ਜਨਤਾ ਪਾਰਟੀ 'ਚ ਇਕੱਠੀਆਂ ਸਨ। ਰਸਮੀ ਗੱਠਜੋੜ 1996 'ਚ ਹੋਇਆ, ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਅਟਲ ਬਿਹਾਰੀ ਵਾਜਪਾਈ ਨੇ ਸੀਟਾਂ ਦੀ ਵੰਡ ਤੈਅ ਕੀਤੀ। 117 ਵਿਧਾਨ ਸਭਾ ਸੀਟਾਂ 'ਚੋਂ 94 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ 23 ਸੀਟਾਂ 'ਤੇ ਭਾਜਪਾ ਨੇ ਚੋਣ ਲੜੀ। ਲੋਕ ਸਭਾ ਦੀਆਂ 13 ਸੀਟਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਨੇ 10 ਅਤੇ ਭਾਜਪਾ ਨੇ ਤਿੰਨ ਸੀਟਾਂ 'ਤੇ ਚੋਣ ਲੜੀ। ਭਾਜਪਾ ਦੀਆਂ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸਨ।
ਕੀ ਸੀ ਜਿੱਤ ਦਾ ਫਾਰਮੂਲਾ?
ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਪੇਂਡੂ ਅਤੇ ਸਿੱਖ ਵੋਟਰਾਂ 'ਚ ਸੀ, ਜਦਕਿ ਭਾਜਪਾ ਨੂੰ ਸ਼ਹਿਰੀ ਅਤੇ ਹਿੰਦੂ ਵੋਟਰਾਂ ਦਾ ਸਮਰਥਨ ਮਿਲਦਾ ਸੀ। (SAD-BJP Seat Sharing) ਦੋਵਾਂ ਪਾਰਟੀਆਂ ਦੇ ਵੋਟ ਬੈਂਕ ਇੱਕ-ਦੂਜੇ ਨਾਲ ਬਹੁਤ ਘੱਟ ਟਕਰਾਉਂਦੇ ਸਨ। ਇਸ ਕਰਕੇ ਦੋਵਾਂ ਪਾਰਟੀਆਂ ਵਿਚਾਲੇ ਵੋਟਾਂ ਦਾ ਤਬਾਦਲਾ ਹੁੰਦਾ ਸੀ ਅਤੇ ਗੱਠਜੋੜ ਨੂੰ ਫ਼ਾਇਦਾ ਮਿਲਦਾ ਸੀ। 2020 'ਚ ਵੱਖ ਹੋਣ ਤੋਂ ਬਾਅਦ ਦੋਵਾਂ ਪਾਰਟੀਆਂ ਦਾ ਸਿਆਸੀ ਗ੍ਰਾਫ਼ ਹੇਠਾਂ ਆਇਆ।
2024 ਦੀਆਂ ਲੋਕ ਸਭਾ ਚੋਣਾਂ 'ਚ ਵਿਧਾਨ ਸਭਾ ਹਲਕਿਆਂ ਦੇ ਆਧਾਰ 'ਤੇ ਭਾਜਪਾ 23 ਸੀਟਾਂ 'ਤੇ ਅੱਗੇ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਸਿਰਫ਼ 9 ਸੀਟਾਂ 'ਤੇ ਅੱਗੇ ਰਿਹਾ। ਇਸੇ ਕਾਰਨ 2027 ਦੀਆਂ ਚੋਣਾਂ ਲਈ ਮੁੜ ਗੱਠਜੋੜ ਦੀ ਚਰਚਾ ਤੇਜ਼ ਹੋ ਗਈ ਹੈ।
ਹਾਲਾਂਕਿ, ਦੋਵੇਂ ਪਾਰਟੀਆਂ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦੀ ਗੱਲ ਕਰਦੀਆਂ ਰਹੀਆਂ ਹਨ। ਇਸ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਦੋਵਾਂ ਪਾਰਟੀਆਂ ਦੇ ਆਗੂਆਂ ਹੀ ਨਹੀਂ, ਸਗੋਂ ਸਿਆਸਤ 'ਚ ਦਿਲਚਸਪੀ ਰੱਖਣ ਵਾਲੇ ਲੋਕਾਂ ਵਿਚਾਲੇ ਵੀ ਦੋਵਾਂ ਪਾਰਟੀਆਂ ਦੇ ਗੱਠਜੋੜ ਅਤੇ ਜਿੱਤ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਰਚਾ ਹੁੰਦੀ ਰਹੀ ਹੈ।