ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ: AAP ਦੇ ਸੰਭਾਵੀ ਬਾਗੀਆਂ 'ਤੇ BJP ਦੀ ਨਜ਼ਰ, ਕੁਨਬਾ ਵਧਾਉਣ 'ਚ ਸੰਦੀਪ ਪਾਠਕ ਨਿਭਾ ਸਕਦੇ ਹਨ ਅਹਿਮ ਭੂਮਿਕਾ
ਸੰਦੀਪ ਪਾਠਕ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਤਿਆਰ ਕਰਨ ਅਤੇ ਚੋਣ ਰਣਨੀਤੀ ਬਣਾਉਣ 'ਚ ਅਹਿਮ ਯੋਗਦਾਨ ਪਾਇਆ ਸੀ। ਉਮੀਦਵਾਰਾਂ ਦੀ ਚੋਣ ਸਮੇਤ ਪਾਰਟੀ ਦੇ ਕਈ ਮਹੱਤਵਪੂਰਨ ਫ਼ੈਸਲਿਆਂ 'ਚ ਉਨ੍ਹਾਂ ਦੀ ਭਾਗੀਦਾਰੀ ਰਹੀ ਸੀ। 24 ਅਪ੍ਰੈਲ 2026 ਨੂੰ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਪੁਰਾਣੇ ਸਿਆਸੀ ਸੰਪਰਕ ਤੇ ਜਥੇਬੰਦੀ ਦੀ ਅੰਦਰੂਨੀ ਜਾਣਕਾਰੀ ਭਾਜਪਾ ਦੇ ਕੰਮ ਆ ਸਕਦੀ ਹੈ।
Publish Date: Sun, 22 Nov 2026 04:20 PM (IST)
Updated Date: Sun, 22 Nov 2026 04:31 PM (IST)
Punjab Election 2027 : ਰੋਹਿਤ ਕੁਮਾਰ, ਜਾਗਰਣ ਚੰਡੀਗੜ੍ਹ : ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਦੇ ਅੰਦਰ ਟਿਕਟਾਂ ਨੂੰ ਲੈ ਕੇ ਸੰਭਾਵੀ ਅਸੰਤੋਸ਼ ਦਾ ਸਿਆਸੀ ਲਾਹਾ ਲੈਣ ਦੀ ਰਣਨੀਤੀ 'ਤੇ ਭਾਜਪਾ (BJP) ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਲਈ ਪਾਰਟੀ ਨੇ ਸੂਬਾ ਪੱਧਰ 'ਤੇ ਨਵੀਂ ਜੁਆਇਨਿੰਗ ਕਮੇਟੀ ਬਣਾਈ ਹੈ। ਵਿਧਾਇਕ ਜੰਗੀ ਲਾਲ ਮਹਾਜਨ ਇਸ ਕਮੇਟੀ ਦੇ ਪ੍ਰਧਾਨ ਹੋਣਗੇ। ਆਮ ਆਦਮੀ ਪਾਰਟੀ ਦੇ ਸਾਬਕਾ ਰਣਨੀਤੀਕਾਰ ਸੰਦੀਪ ਪਾਠਕ ਨੂੰ ਇਸ 'ਚ ਸ਼ਾਮਲ ਕਰਨਾ ਭਾਜਪਾ ਦੀ ਖ਼ਾਸ ਸਿਆਸੀ ਰਣਨੀਤੀ ਮੰਨੀ ਜਾ ਰਹੀ ਹੈ। ਪਾਠਕ ਪਾਰਟੀ ਦੇ ਅੰਦਰੂਨੀ ਸਮੀਕਰਨਾਂ ਤੇ ਆਗੂਆਂ ਦੀਆਂ ਸਿਆਸੀ ਇੱਛਾਵਾਂ ਤੋਂ ਜਾਣੂ ਹਨ। ਅਜਿਹੇ 'ਚ ਟਿਕਟ ਕੱਟਣ ਦੇ ਖ਼ਦਸ਼ੇ ਕਾਰਨ ਨਾਰਾਜ਼ ਆਗੂਆਂ ਨੂੰ ਭਾਜਪਾ 'ਚ ਲਿਆਉਣ 'ਚ ਉਨ੍ਹਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ।
ਆਮ ਆਦਮੀ ਪਾਰਟੀ ਦੀ ਆਉਣ ਵਾਲੀ ਉਮੀਦਵਾਰਾਂ ਦੀ ਸੂਚੀ 'ਚ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਚਰਚਾ ਹੈ। ਉਮੀਦਵਾਰਾਂ ਦੀ ਚੋਣ 'ਚ ਸਰਵੇਖਣ ਅਤੇ ਕਾਰਗੁਜ਼ਾਰੀ ਨੂੰ ਆਧਾਰ ਬਣਾਏ ਜਾਣ ਕਾਰਨ ਕੁਝ ਆਗੂਆਂ ਦੀ ਸਿਆਸੀ ਜ਼ਮੀਨ ਖਿਸਕ ਸਕਦੀ ਹੈ। ਭਾਜਪਾ ਦੀ ਨਜ਼ਰ ਅਜਿਹੇ ਆਗੂਆਂ 'ਤੇ ਰਹਿ ਸਕਦੀ ਹੈ। ਪਾਰਟੀ ਦੀ ਕੋਸ਼ਿਸ਼ ਟਿਕਟ ਤੋਂ ਵਾਂਝੇ ਰਹਿਣ ਵਾਲੇ ਆਗੂਆਂ, ਜਥੇਬੰਦੀ 'ਚ ਅਣਗੌਲਿਆ ਮਹਿਸੂਸ ਕਰ ਰਹੇ ਚਿਹਰਿਆਂ ਤੇ ਦੂਜੀਆਂ ਪਾਰਟੀਆਂ ਦੇ ਪ੍ਰਭਾਵਸ਼ਾਲੀ ਆਗੂਆਂ ਨੂੰ ਆਪਣੇ ਨਾਲ ਜੋੜ ਕੇ ਚੋਣਾਂ ਤੋਂ ਪਹਿਲਾਂ ਜਥੇਬੰਦੀ ਦਾ ਵਿਸਥਾਰ ਕਰਨ ਦੀ ਹੋਵੇਗੀ।
ਸੰਦੀਪ ਪਾਠਕ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਤਿਆਰ ਕਰਨ ਅਤੇ ਚੋਣ ਰਣਨੀਤੀ ਬਣਾਉਣ 'ਚ ਅਹਿਮ ਯੋਗਦਾਨ ਪਾਇਆ ਸੀ। ਉਮੀਦਵਾਰਾਂ ਦੀ ਚੋਣ ਸਮੇਤ ਪਾਰਟੀ ਦੇ ਕਈ ਮਹੱਤਵਪੂਰਨ ਫ਼ੈਸਲਿਆਂ 'ਚ ਉਨ੍ਹਾਂ ਦੀ ਭਾਗੀਦਾਰੀ ਰਹੀ ਸੀ। 24 ਅਪ੍ਰੈਲ 2026 ਨੂੰ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਪੁਰਾਣੇ ਸਿਆਸੀ ਸੰਪਰਕ ਤੇ ਜਥੇਬੰਦੀ ਦੀ ਅੰਦਰੂਨੀ ਜਾਣਕਾਰੀ ਭਾਜਪਾ ਦੇ ਕੰਮ ਆ ਸਕਦੀ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 21 ਨਵੰਬਰ ਨੂੰ ਨਵੀਂ ਜੁਆਇਨਿੰਗ ਕਮੇਟੀ ਦਾ ਗਠਨ ਕੀਤਾ। ਵਿਧਾਇਕ ਜੰਗੀ ਲਾਲ ਮਹਾਜਨ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ ਹੈ। ਰਾਜ ਸਭਾ ਮੈਂਬਰ ਸੰਦੀਪ ਪਾਠਕ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ ਅਤੇ ਗੇਜਾ ਰਾਮ ਵਾਲਮੀਕਿ, ਸਾਬਕਾ ਸੂਬਾ ਜਨਰਲ ਸਕੱਤਰ ਐੱਸ. ਦਿਆਲ ਸੋਢੀ ਅਤੇ ਸਾਬਕਾ ਸੂਬਾ ਸਕੱਤਰ ਰੀਨਾ ਜੇਟਲੀ ਨੂੰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਕਮੇਟੀ ਦਾ ਉਦੇਸ਼ ਦੂਜੀਆਂ ਪਾਰਟੀਆਂ ਦੇ ਆਗੂਆਂ ਅਤੇ ਨਵੇਂ ਮੈਂਬਰਾਂ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦੀ ਪ੍ਰਕਿਰਿਆ ਨੂੰ ਵਿਵਸਥਿਤ ਕਰਨਾ ਹੈ। ਹਾਲਾਂਕਿ, ਇਸ ਦੇ ਗਠਨ ਨੂੰ ਚੋਣਾਂ ਤੋਂ ਪਹਿਲਾਂ ਦੂਜੀਆਂ ਪਾਰਟੀਆਂ 'ਚ ਸੰਨ੍ਹ ਲਾਉਣ ਦੀ ਤਿਆਰੀ ਵਜੋਂ ਵੀ ਦੇਖਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਅਗਲੀ ਸੂਚੀ ਤੋਂ ਬਾਅਦ ਜੇਕਰ ਟਿਕਟ ਕੱਟਣ ਜਾਂ ਸਿਆਸੀ ਅਣਗੌਲਿਆਪਣ ਨੂੰ ਲੈ ਕੇ ਅਸੰਤੋਸ਼ ਸਾਹਮਣੇ ਆਉਂਦਾ ਹੈ ਤਾਂ ਭਾਜਪਾ ਅਜਿਹੇ ਆਗੂਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਸਕਦੀ ਹੈ। ਜੰਗੀ ਲਾਲ ਮਹਾਜਨ ਕਮੇਟੀ ਦੇ ਪ੍ਰਧਾਨ ਹੋਣਗੇ, ਜਦਕਿ 'ਆਪ' ਆਗੂਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਸੰਪਰਕ ਕਾਇਮ ਕਰਨ 'ਚ ਸੰਦੀਪ ਪਾਠਕ ਦੀ ਭੂਮਿਕਾ ਅਹਿਮ ਰਹਿਣ ਦੀ ਸੰਭਾਵਨਾ ਹੈ।