
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫਾਇਰ ਐਕਸਟਿੰਗਵਿਸ਼ਰ ਤੇ ਫਸਟ ਏਡ ਕਿੱਟ ਠੀਕ ਹਾਲਤ ਵਿੱਚ ਅਤੇ ਅਜਿਹੀ ਥਾਂ ’ਤੇ ਹੋਣ ਜਿੱਥੇ ਲੋੜ ਪੈਣ ’ਤੇ ਤੁਰੰਤ ਪਹੁੰਚਿਆ ਜਾ ਸਕੇ। ਦਿਵਿਆਂਗ ਵਿਦਿਆਰਥੀਆਂ ਲਈ ਰਸਤੇ ਵੀ ਰੁਕਾਵਟ ਰਹਿਤ ਰੱਖਣੇ ਹੋਣਗੇ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਫ਼-ਸੁਥਰਾ ਤੇ ਸੁਰੱਖਿਅਤ ਮਾਹੌਲ ਦੇਣ ਲਈ ਸਿੱਖਿਆ ਵਿਭਾਗ ਨੇ ‘ਸਕੂਲ ਕਲੀਨਲਿਨੈੱਸ ਐਂਡ ਰੈਡੀਨੈੱਸ ਡਰਾਈਵ’ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ। ਸਕੂਲਾਂ ਵਿੱਚ ਗੰਦਗੀ, ਕੂੜੇ ਦੇ ਢੇਰ ਜਾਂ ਅਵਿਵਸਥਿਤ ਪ੍ਰਬੰਧ ਮਿਲਣ ’ਤੇ ਸਕੂਲ ਮੁਖੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ), ਪੰਜਾਬ ਵੱਲੋਂ 21 ਅਗਸਤ ਨੂੰ ਜਾਰੀ ਪੱਤਰ ਅਨੁਸਾਰ ਸਕੂਲ ਮੁਖੀ ਪੂਰੇ ਪਰਿਸਰ ਦਾ ਖੁਦ ਨਿਰੀਖਣ ਕਰਕੇ ਤੁਰੰਤ ਦੂਰ ਕੀਤੀਆਂ ਜਾ ਸਕਣ ਵਾਲੀਆਂ ਕਮੀਆਂ ਦੂਰ ਕਰਵਾਉਣਗੇ। ਕਲਾਸਾਂ, ਗਲਿਆਰਿਆਂ, ਖੇਡ ਮੈਦਾਨ ਤੇ ਆਲੇ-ਦੁਆਲੇ ਦਾ ਇਲਾਕਾ ਕੂੜੇ, ਮਲਬੇ, ਰਹਿੰਦ-ਖੂੰਹਦ ਅਤੇ ਗੈਰਜ਼ਰੂਰੀ ਸਾਮਾਨ ਤੋਂ ਮੁਕਤ ਹੋਣਾ ਚਾਹੀਦਾ ਹੈ। ਜਿੱਥੇ ਉਸਾਰੀ ਜਾਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਉੱਥੇ ਸਾਮਾਨ ਤੇ ਮਲਬਾ ਸੁਰੱਖਿਅਤ ਢੰਗ ਨਾਲ ਰੱਖਣ ਲਈ ਕਿਹਾ ਗਿਆ ਹੈ। ਕਲਾਸਾਂ, ਪ੍ਰਯੋਗਸ਼ਾਲਾਵਾਂ ਤੇ ਲਾਇਬ੍ਰੇਰੀਆਂ ਵਿੱਚ ਖ਼ਰਾਬ ਬਿਜਲੀ ਫਿਟਿੰਗ, ਸਵਿੱਚ ਆਦਿ ਵੀ ਤੁਰੰਤ ਠੀਕ ਕਰਵਾਉਣ ਦੇ ਨਿਰਦੇਸ਼ ਹਨ।
ਪਖਾਨਿਆਂ ਤੇ ਪੀਣ ਵਾਲੇ ਪਾਣੀ ’ਤੇ ਵਿਸ਼ੇਸ਼ ਧਿਆਨ
ਲੜਕਿਆਂ ਤੇ ਲੜਕੀਆਂ ਦੇ ਪਖਾਨੇ ਸਾਫ਼-ਸੁਥਰੇ ਤੇ ਚਾਲੂ ਹਾਲਤ ਵਿੱਚ ਹੋਣ ਅਤੇ ਉੱਥੇ ਪਾਣੀ ਤੇ ਰੌਸ਼ਨੀ ਦੀ ਸਹੂਲਤ ਹੋਵੇ। ਹੱਥ ਧੋਣ ਲਈ ਪਾਣੀ ਤੇ ਸਾਬਣ ਉਪਲਬਧ ਹੋਣਾ ਲਾਜ਼ਮੀ ਹੈ। ਪੀਣ ਵਾਲੇ ਪਾਣੀ ਦੀਆਂ ਸਾਰੀਆਂ ਸਹੂਲਤਾਂ ਵੀ ਸਾਫ਼ ਅਤੇ ਚਾਲੂ ਰੱਖਣ ਲਈ ਕਿਹਾ ਗਿਆ ਹੈ। ਫਾਇਰ ਐਕਸਟਿੰਗਵਿਸ਼ਰ ਤੇ ਫਸਟ ਏਡ ਕਿੱਟ ਠੀਕ ਹਾਲਤ ਵਿੱਚ ਅਤੇ ਅਜਿਹੀ ਥਾਂ ’ਤੇ ਹੋਣ ਜਿੱਥੇ ਲੋੜ ਪੈਣ ’ਤੇ ਤੁਰੰਤ ਪਹੁੰਚਿਆ ਜਾ ਸਕੇ। ਦਿਵਿਆਂਗ ਵਿਦਿਆਰਥੀਆਂ ਲਈ ਰਸਤੇ ਵੀ ਰੁਕਾਵਟ ਰਹਿਤ ਰੱਖਣੇ ਹੋਣਗੇ।
ਸਕੂਲ ਮੁਖੀ ਸਟਾਫ ਨੂੰ ਸੌਂਪਣਗੇ ਜ਼ਿੰਮੇਵਾਰੀਆਂ
ਸਕੂਲ ਮੁਖੀ ਮੁਹਿੰਮ ਦੀ ਸਮੁੱਚੀ ਜ਼ਿੰਮੇਵਾਰੀ ਸੰਭਾਲਦਿਆਂ ਸਟਾਫ ਨੂੰ ਵੱਖ-ਵੱਖ ਕੰਮ ਸੌਂਪਣਗੇ। ਸਟਾਫ ਕਲਾਸਾਂ, ਪਖਾਨਿਆਂ, ਗਲਿਆਰਿਆਂ ਅਤੇ ਖੇਡ ਮੈਦਾਨਾਂ ਦੀ ਸਫ਼ਾਈ ਤੇ ਸਾਂਭ-ਸੰਭਾਲ ਯਕੀਨੀ ਬਣਾਏਗਾ। ਮਿਡ-ਡੇ ਮੀਲ ਤੈਅ ਮੈਨਿਊ ਅਨੁਸਾਰ ਸਾਫ਼-ਸੁਥਰੇ ਢੰਗ ਨਾਲ ਤਿਆਰ ਕਰਕੇ ਵਿਦਿਆਰਥੀਆਂ ਨੂੰ ਲੋੜੀਂਦੀ ਮਾਤਰਾ ਵਿੱਚ ਦੇਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਸਕੂਲ ਮੈਨੇਜਮੈਂਟ ਕਮੇਟੀ (ਐੱਸਐੱਮਸੀ) ਦੇ ਮੈਂਬਰ ਸਫ਼ਾਈ, ਸੁਰੱਖਿਆ ਤੇ ਬੁਨਿਆਦੀ ਸਹੂਲਤਾਂ ਦੀ ਨਿਗਰਾਨੀ ਵਿੱਚ ਸਕੂਲ ਮੁਖੀ ਦਾ ਸਹਿਯੋਗ ਕਰਨਗੇ।