ਪੰਜਾਬ ਕਾਂਗਰਸ 'ਚ ਕਲੇਸ਼ ਤੋਂ ਬਾਅਦ ਪਈ ਨਰਮੀ: ਚੰਨੀ, ਰੰਧਾਵਾ ਤੇ ਪਰਗਟ ਸਿੰਘ ਹੁਣ ਇੱਕਜੁੱਟ; ਇੰਚਾਰਜ ਭੁਪੇਸ਼ ਬਘੇਲ ਸਾਹਮਣੇ ਰੱਖਣਗੇ ਆਪਣੇ ਵਿਚਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੜ ਕਮਾਂਡ ਸੌਂਪੇ ਜਾਣ ਤੋਂ ਬਾਅਦ ਪਾਰਟੀ ਅੰਦਰ ਉੱਠੀ ਬਗਾਵਤ ਦੇ ਸੁਰ ਹੁਣ ਨਰਮ ਪੈਂਦੇ ਦਿਖਾਈ ਦੇ ਰਹੇ ਹਨ। ਰਾਜਾ ਵੜਿੰਗ ਦੀ ਨਿਯੁਕਤੀ ਤੋਂ ਨਾਰਾਜ਼ ਚੱਲ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਸੀਨੀਅਰ ਆਗੂਆਂ ਦੇ ਤੇਵਰ ਹੁਣ ਕੁੱਝ ਢਿੱਲੇ ਪਏ ਹਨ। ਇਨ੍ਹਾਂ ਸਾਰੇ ਆਗੂਆਂ ਨੇ ਅੱਜ ਇੱਕ ਅਹਿਮ ਮੀਟਿੰਗ ਕੀਤੀ, ਜਿਸ 'ਚ ਫੈਸਲਾ ਲਿਆ ਗਿਆ ਕਿ ਉਹ ਸਮੂਹਿਕ ਤੌਰ 'ਤੇ ਆਪਣੇ ਵਿਚਾਰ ਅਤੇ ਪਾਰਟੀ ਹਿੱਤ ਦੀਆਂ ਗੱਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਸਾਹਮਣੇ ਰੱਖਣਗੇ।
Publish Date: Thu, 09 Jul 2026 04:06 PM (IST)
Updated Date: Thu, 09 Jul 2026 04:09 PM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੜ ਕਮਾਂਡ ਸੌਂਪੇ ਜਾਣ ਤੋਂ ਬਾਅਦ ਪਾਰਟੀ ਅੰਦਰ ਉੱਠੀ ਬਗਾਵਤ ਦੇ ਸੁਰ ਹੁਣ ਨਰਮ ਪੈਂਦੇ ਦਿਖਾਈ ਦੇ ਰਹੇ ਹਨ। ਰਾਜਾ ਵੜਿੰਗ ਦੀ ਨਿਯੁਕਤੀ ਤੋਂ ਨਾਰਾਜ਼ ਚੱਲ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਸੀਨੀਅਰ ਆਗੂਆਂ ਦੇ ਤੇਵਰ ਹੁਣ ਕੁੱਝ ਢਿੱਲੇ ਪਏ ਹਨ। ਇਨ੍ਹਾਂ ਸਾਰੇ ਆਗੂਆਂ ਨੇ ਅੱਜ ਇੱਕ ਅਹਿਮ ਮੀਟਿੰਗ ਕੀਤੀ, ਜਿਸ 'ਚ ਫੈਸਲਾ ਲਿਆ ਗਿਆ ਕਿ ਉਹ ਸਮੂਹਿਕ ਤੌਰ 'ਤੇ ਆਪਣੇ ਵਿਚਾਰ ਅਤੇ ਪਾਰਟੀ ਹਿੱਤ ਦੀਆਂ ਗੱਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਸਾਹਮਣੇ ਰੱਖਣਗੇ।
'ਸਾਡਾ ਕੋਈ ਧੜਾ ਨਹੀਂ, ਸਿਰਫ਼ ਵਿਚਾਰਾਂ ਦਾ ਮੱਤਭੇਦ' ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਪਰਗਟ ਸਿੰਘ ਨੇ ਸਾਫ਼ ਕੀਤਾ ਕਿ ਪਾਰਟੀ 'ਚ ਕੋਈ ਧੜੇਬੰਦੀ ਨਹੀਂ ਹੈ। ਉਨ੍ਹਾਂ ਕਿਹਾ, "ਸਾਡਾ ਕੋਈ ਵੱਖਰਾ ਧੜਾ ਨਹੀਂ ਹੈ, ਬਲਕਿ ਇਹ ਸਿਰਫ਼ ਵਿਚਾਰਾਂ ਦਾ ਮੱਤਭੇਦ ਹੈ। ਸਾਡਾ ਮੁੱਖ ਨਿਸ਼ਾਨਾ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਖ਼ਿਲਾਫ਼ ਲੜਨਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਗੇ। ਹਾਲਾਂਕਿ, ਜੋ ਵੀ ਪਾਰਟੀ ਦੇ ਅੰਦਰੂਨੀ ਮੱਤਭੇਦ ਹਨ, ਉਨ੍ਹਾਂ ਨੂੰ ਉਹ ਹਾਈਕਮਾਂਡ ਅੱਗੇ ਖੁੱਲ੍ਹ ਕੇ ਰੱਖਣਗੇ। ਇਹ ਸਾਰੀਆਂ ਗੱਲਾਂ ਕਾਂਗਰਸ ਦੀ ਏਕਤਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹਾਈਕਮਾਂਡ ਦੇ ਨੁਮਾਇੰਦਿਆਂ ਨਾਲ ਇਕੱਲੇ-ਇਕੱਲੇ ਮਿਲਣ ਦੀ ਬਜਾਏ, ਸਾਰੇ ਇੱਕਠੇ ਹੋ ਕੇ ਸਮੂਹਿਕ ਰੂਪ 'ਚ ਗੱਲਬਾਤ ਕਰਨਗੇ।
ਪੰਜਾਬ ਦੇ 'ਬ੍ਰਾਂਡ' ਅਤੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ ਗੱਲਬਾਤ ਦੌਰਾਨ ਆਗੂਆਂ ਨੇ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਦੇ ਪ੍ਰਸ਼ਾਸਨਿਕ ਫੇਲ੍ਹ ਹੋਣ ਕਾਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਬਦਨਾਮੀ ਹੋ ਰਹੀ ਹੈ। ਉਨ੍ਹਾਂ FBI ਨਾਲ ਜੁੜੇ ਮਾਮਲਿਆਂ ਅਤੇ ਪੰਜਾਬ ਪੁਲਿਸ ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ SHO ਵੱਲੋਂ ਝਾੜੂ ਦੇ ਚੋਣ ਨਿਸ਼ਾਨ ਨੂੰ ਲੈ ਕੇ ਕੀਤੇ ਪਰਚੇ ਵਰਗੀਆਂ ਘਟਨਾਵਾਂ ਕਾਰਨ ਪੰਜਾਬ ਅਤੇ 'ਪੰਜਾਬ ਦੇ ਬ੍ਰਾਂਡ' ਦਾ ਅਕਸ ਖ਼ਰਾਬ ਹੋ ਰਿਹਾ ਹੈ। ਆਗੂਆਂ ਨੇ ਮੀਡੀਆ ਅਤੇ ਸਿਆਸੀ ਹਲਕਿਆਂ ਨੂੰ ਅਪੀਲ ਕੀਤੀ ਕਿ ਇਸ ਪੂਰੇ ਮਾਮਲੇ ਨੂੰ ਕਿਸੇ ਧੜੇਬੰਦੀ ਵਜੋਂ ਨਾ ਦੇਖਿਆ ਜਾਵੇ, ਕਿਉਂਕਿ ਉਹ ਸਾਰੇ ਇੱਕਠੇ ਬੈਠ ਕੇ ਇਸ ਵਿਚਾਰਧਾਰਕ ਮੱਤਭੇਦ ਨੂੰ ਸੁਲਝਾ ਲੈਣਗੇ।