- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਪਹਿਲ ਸਿਰਫ਼ ਧਾਰਮਿਕ ਸਹੂਲਤ ਤੱਕ ਸੀਮਤ ਨਹੀਂ ਹੈ। ਸਰੀ ਸਿਟੀ ਨੇ ਨਦੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਪੱਸ਼ਟ ਨਿਯਮ ਬਣਾਏ ਹਨ। ਪਰਿਵਾਰ ਤੋਂ ਸਹਿਮਤੀ ਪੱਤਰ ਲਿਆ ਜਾਵੇਗਾ ਅਤੇ ਸਿਰਫ਼ ਅਸਥੀਆਂ ਨੂੰ ਨਦੀ ’ਚ ਪ੍ਰਵਾਹਿਤ ਕਰਨ ਦੀ ਇਜਾਜ਼ਤ ਹੋਵੇਗੀ। ਪੂਜਾ ਸਮੱਗਰੀ ਜਾਂ ਹੋਰ ਵਸਤੂਆਂ ਨੂੰ ਨਦੀ ’ਚ ਸੁੱਟਣ ਦੀ ਇਜਾਜ਼ਤ ਨਹੀਂ ਹੋਵੇਗੀ।

ਰੋਹਿਤ ਕੁਮਾਰ, ਚੰਡੀਗੜ੍ਹ : ਕੈਨੇਡਾ ’ਚ ਰਹਿਣ ਵਾਲੇ ਪੰਜਾਬੀਆਂ ਅਤੇ ਭਾਰਤੀ ਭਾਈਚਾਰੇ ਲਈ ਆਪਣੇ ਅਪਣਿਆਂ ਦੀ ਅੰਤਿਮ ਵਿਦਾਈ ਨਾਲ ਜੁੜੀ ਇਕ ਵੱਡੀ ਭਾਵਨਾਤਮਕ ਮੁਸ਼ਕਲ ਹੁਣ ਘੱਟ ਹੋਣ ਜਾ ਰਹੀ ਹੈ। ਸਰੀ ਸਿਟੀ ਨੇ ਨਦੀ ’ਚ ਅਸਥੀਆਂ ਦੇ ਵਿਸਰਜਨ ਲਈ ਆਪਣੀ ਪਹਿਲੀ ਅਧਿਕਾਰਤ ਸਾਈਟ ਸ਼ੁਰੂ ਕਰ ਦਿੱਤੀ ਹੈ।
ਹੁਣ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਅਸਥੀਆਂ ਦੇ ਵਿਸਰਜਨ ਲਈ ਪਰਿਵਾਰ ਨੂੰ ਭਾਰਤ ਆਉਣ ਦੀ ਲੋੜ ਨਹੀਂ ਪਵੇਗੀ। ਪਰਿਵਾਰ ਸਰੀ ’ਚ ਹੀ ਨਿਰਧਾਰਤ ਸਥਾਨ ’ਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅਸਥੀਆਂ ਦਾ ਵਿਸਰਜਨ ਕਰ ਸਕਣਗੇ।
ਇਹ ਸਹੂਲਤ ਖ਼ਾਸ ਤੌਰ ’ਤੇ ਉਨ੍ਹਾਂ ਪਰਿਵਾਰਾਂ ਲਈ ਮਹੱਤਵਪੂਰਨ ਹੈ, ਜਿਨ੍ਹਾਂ ਦੇ ਬਜ਼ੁਰਗ ਜਾਂ ਹੋਰ ਪਰਿਵਾਰਕ ਮੈਂਬਰ ਕੈਨੇਡਾ ’ਚ ਰਹਿੰਦੇ ਹਨ ਅਤੇ ਜਿਨ੍ਹਾਂ ਦੀ ਅੰਤਿਮ ਇੱਛਾ ਜਾਂ ਧਾਰਮਿਕ ਪਰੰਪਰਾ ਤਹਿਤ ਅਸਥੀਆਂ ਦਾ ਨਦੀ ’ਚ ਵਿਸਰਜਨ ਕੀਤਾ ਜਾਣਾ ਹੁੰਦਾ ਹੈ।
ਮਜਬੂਰੀ ’ਚ ਭਾਰਤ ਲਿਆਉਣੀਆਂ ਪੈਂਦੀਆਂ ਸਨ ਅਸਥੀਆਂ
ਪਹਿਲਾਂ ਕੈਨੇਡਾ ਦੀਆਂ ਨਦੀਆਂ ’ਚ ਅਸਥੀਆਂ ਦੇ ਵਿਸਰਜਨ ’ਤੇ ਪਾਬੰਦੀ ਕਾਰਨ ਕਈ ਪਰਿਵਾਰਾਂ ਨੂੰ ਅਸਥੀਆਂ ਭਾਰਤ ਲਿਆ ਕੇ ਵਿਸਰਜਨ ਕਰਨਾ ਪੈਂਦਾ ਸੀ। ਇਸ ਕਾਰਨ ਹਵਾਈ ਯਾਤਰਾ, ਸਮੇਂ ਅਤੇ ਪਰਿਵਾਰ ਦੇ ਕਈ ਮੈਂਬਰਾਂ ਦੇ ਆਉਣ-ਜਾਣ ਦਾ ਵਾਧੂ ਖ਼ਰਚਾ ਵੀ ਜੁੜ ਜਾਂਦਾ ਸੀ।
ਭਾਰਤ ਆਉਣ ਦਾ ਖ਼ਰਚਾ ਤੇ ਪਰੇਸ਼ਾਨੀ ਹੋਵੇਗੀ ਘੱਟ
ਕੈਨੇਡਾ ਤੋਂ ਭਾਰਤ ਆਉਣਾ ਹਰ ਪਰਿਵਾਰ ਲਈ ਆਸਾਨ ਨਹੀਂ ਹੈ। ਹਵਾਈ ਟਿਕਟਾਂ, ਛੁੱਟੀ, ਭਾਰਤ ’ਚ ਠਹਿਰਨ ਅਤੇ ਹੋਰ ਖ਼ਰਚਿਆਂ ਕਾਰਨ ਅਸਥੀਆਂ ਦੇ ਵਿਸਰਜਨ ਦੀ ਪ੍ਰਕਿਰਿਆ ਕਈ ਪਰਿਵਾਰਾਂ ਲਈ ਆਰਥਿਕ ਅਤੇ ਭਾਵਨਾਤਮਕ ਤੌਰ ’ਤੇ ਮੁਸ਼ਕਲ ਹੋ ਜਾਂਦੀ ਸੀ। ਨਵੀਂ ਸਾਈਟ ਨਾਲ ਪਰਿਵਾਰ ਕੈਨੇਡਾ ’ਚ ਹੀ ਅੰਤਿਮ ਸੰਸਕਾਰ ਨਾਲ ਜੁੜੀ ਇਸ ਮਹੱਤਵਪੂਰਨ ਧਾਰਮਿਕ ਪਰੰਪਰਾ ਨੂੰ ਪੂਰਾ ਕਰ ਸਕਣਗੇ।
ਹਾਲਾਂਕਿ ਇਹ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਨਹੀਂ ਹੋਵੇਗੀ। ਸਰੀ ਸਿਟੀ ਨੇ ਇਸ ਲਈ 237 ਕੈਨੇਡੀਅਨ ਡਾਲਰ ਯਾਨੀ ਲਗਪਗ 14,500 ਰੁਪਏ ਫੀਸ ਨਿਰਧਾਰਤ ਕੀਤੀ ਹੈ। 21 ਸਤੰਬਰ ਤੋਂ ਆਨਲਾਈਨ ਬੁਕਿੰਗ ਦੀ ਵਿਵਸਥਾ ਸ਼ੁਰੂ ਹੋਵੇਗੀ। ਇਕ ਸਮੇਂ ’ਤੇ ਸਿਰਫ਼ ਇਕ ਪਰਿਵਾਰ ਨੂੰ ਹੀ ਇਸ ਸਥਾਨ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ।
ਧਾਰਮਿਕ ਆਸਥਾ ਦੇ ਨਾਲ ਵਾਤਾਵਰਨ ਦੀ ਵੀ ਚਿੰਤਾ
ਇਹ ਪਹਿਲ ਸਿਰਫ਼ ਧਾਰਮਿਕ ਸਹੂਲਤ ਤੱਕ ਸੀਮਤ ਨਹੀਂ ਹੈ। ਸਰੀ ਸਿਟੀ ਨੇ ਨਦੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਪੱਸ਼ਟ ਨਿਯਮ ਬਣਾਏ ਹਨ। ਪਰਿਵਾਰ ਤੋਂ ਸਹਿਮਤੀ ਪੱਤਰ ਲਿਆ ਜਾਵੇਗਾ ਅਤੇ ਸਿਰਫ਼ ਅਸਥੀਆਂ ਨੂੰ ਨਦੀ ’ਚ ਪ੍ਰਵਾਹਿਤ ਕਰਨ ਦੀ ਇਜਾਜ਼ਤ ਹੋਵੇਗੀ। ਪੂਜਾ ਸਮੱਗਰੀ ਜਾਂ ਹੋਰ ਵਸਤੂਆਂ ਨੂੰ ਨਦੀ ’ਚ ਸੁੱਟਣ ਦੀ ਇਜਾਜ਼ਤ ਨਹੀਂ ਹੋਵੇਗੀ।
ਵਿਸਰਜਨ ਦੌਰਾਨ ਸਰੀ ਸਿਟੀ ਦਾ ਇਕ ਕਰਮਚਾਰੀ ਵੀ ਮੌਕੇ ’ਤੇ ਮੌਜੂਦ ਰਹੇਗਾ। ਇਸ ਦਾ ਉਦੇਸ਼ ਪਰਿਵਾਰ ਦੀ ਸਹਾਇਤਾ ਕਰਨ ਦੇ ਨਾਲ-ਨਾਲ ਇਹ ਯਕੀਨੀ ਬਣਾਉਣਾ ਹੈ ਕਿ ਵਾਤਾਵਰਨ ਸਬੰਧੀ ਨਿਯਮਾਂ ਦੀ ਪਾਲਣਾ ਹੋਵੇ।
50 ਫੁੱਟ ਅੱਗੇ ਬਣਾਇਆ ਪਲੇਟਫਾਰਮ, ਰੈਂਪ ਰਾਹੀਂ ਪਹੁੰਚਣਗੇ ਲੋਕ
ਅਸਥੀਆਂ ਦੇ ਵਿਸਰਜਨ ਲਈ ਸਥਾਨ ਨਦੀ ਦੇ ਪਾਣੀ ’ਚ ਕਰੀਬ 50 ਫੁੱਟ ਅੱਗੇ ਬਣਾਏ ਗਏ ਵਿਸ਼ੇਸ਼ ਪਲੇਟਫਾਰਮ ’ਤੇ ਹੈ। ਇੱਥੇ ਪਹੁੰਚਣ ਲਈ ਰੈਂਪ ਅਤੇ ਬੈਠਣ ਲਈ ਦੋ ਬੈਂਚ ਵੀ ਲਗਾਏ ਗਏ ਹਨ। ਸੀਮਤ ਜਗ੍ਹਾ ਅਤੇ ਨਿੱਜਤਾ ਨੂੰ ਧਿਆਨ ’ਚ ਰੱਖਦਿਆਂ ਬੁਕਿੰਗ ਦੀ ਵਿਵਸਥਾ ਕੀਤੀ ਗਈ ਹੈ।
ਸਰੀ ਸਿਟੀ ਦੇ ਮੇਅਰ ਬ੍ਰੈਂਡਾ ਲੋਕ ਨੇ ਇਸ ਨੂੰ ਸੰਵੇਦਨਸ਼ੀਲ ਅਤੇ ਸਨਮਾਨਜਨਕ ਪਹਿਲ ਦੱਸਿਆ ਹੈ। ਉਨ੍ਹਾਂ ਮੁਤਾਬਕ ਇਸ ਨਾਲ ਪਰਿਵਾਰ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤੀਪੂਰਵਕ ਅਤੇ ਸਨਮਾਨ ਨਾਲ ਅੰਤਿਮ ਵਿਦਾਈ ਦੇ ਸਕਣਗੇ।
ਇਸ ਪ੍ਰਾਜੈਕਟ ’ਤੇ ਕਰੀਬ 2.5 ਮਿਲੀਅਨ ਕੈਨੇਡੀਅਨ ਡਾਲਰ ਯਾਨੀ ਲਗਪਗ 20.5 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਅਤੇ ਫਿਲਹਾਲ ਇਸ ਨੂੰ ਇਕ ਸਾਲ ਦੇ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ।
ਕੀ ਫ਼ਾਇਦਾ, ਕੀ ਚੁਣੌਤੀ?
ਇਸ ਸਹੂਲਤ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਕੈਨੇਡਾ ’ਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਨੂੰ ਸਿਰਫ਼ ਅਸਥੀਆਂ ਦੇ ਵਿਸਰਜਨ ਲਈ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਨਹੀਂ ਕਰਨੀ ਪਵੇਗੀ। ਬਜ਼ੁਰਗ ਪਰਿਵਾਰਕ ਮੈਂਬਰ ਵੀ ਸਥਾਨਕ ਪੱਧਰ ’ਤੇ ਧਾਰਮਿਕ ਪ੍ਰਕਿਰਿਆ ’ਚ ਸ਼ਾਮਲ ਹੋ ਸਕਣਗੇ। ਇਸ ਦੇ ਨਾਲ ਹੀ ਨਦੀ ’ਚ ਚੋਰੀ-ਛੁਪੇ ਵਿਸਰਜਨ ਕਰਨ ਅਤੇ ਵਾਤਾਵਰਨ ਸਬੰਧੀ ਨਿਯਮਾਂ ਦੀ ਉਲੰਘਣਾ ਦੀ ਸਮੱਸਿਆ ਘੱਟ ਹੋਣ ਦੀ ਉਮੀਦ ਹੈ।
ਦੂਜੇ ਪਾਸੇ, 237 ਡਾਲਰ ਦੀ ਫੀਸ ਕੁਝ ਪਰਿਵਾਰਾਂ ਲਈ ਵਾਧੂ ਆਰਥਿਕ ਬੋਝ ਬਣ ਸਕਦੀ ਹੈ। ਇਸ ਤੋਂ ਇਲਾਵਾ ਸਿਰਫ਼ ਆਨਲਾਈਨ ਬੁਕਿੰਗ, ਨਿਰਧਾਰਤ ਸਮਾਂ ਅਤੇ ਪੂਜਾ ਸਮੱਗਰੀ ਨੂੰ ਨਦੀ ’ਚ ਪ੍ਰਵਾਹਿਤ ਕਰਨ ’ਤੇ ਪਾਬੰਦੀ ਧਾਰਮਿਕ ਪਰੰਪਰਾਵਾਂ ਦੀ ਪਾਲਣਾ ਨੂੰ ਲੈ ਕੇ ਕੁਝ ਪਰਿਵਾਰਾਂ ਲਈ ਚੁਣੌਤੀ ਬਣ ਸਕਦੀ ਹੈ।
ਡੈਲਟਾ ’ਚ ਪਹਿਲਾਂ ਤੋਂ ਸਹੂਲਤ, ਪਰ ਫੀਸ ਨਹੀਂ
ਅਗਸਤ ’ਚ ਗੁਆਂਢੀ ਸ਼ਹਿਰ ਡੈਲਟਾ ’ਚ ਵੀ ਬ੍ਰਿਟਿਸ਼ ਕੋਲੰਬੀਆ ਦੀ ਪਹਿਲੀ ਅਧਿਕਾਰਤ ਅਸਥੀ ਵਿਸਰਜਨ ਸਾਈਟ ਸ਼ੁਰੂ ਕੀਤੀ ਗਈ ਸੀ। ਉੱਥੇ ਬੁਕਿੰਗ ਜਾਂ ਫੀਸ ਦੀ ਵਿਵਸਥਾ ਨਹੀਂ ਹੈ। ਇਸ ਦੇ ਉਲਟ ਸਰੀ ਨੇ ਸੁਰੱਖਿਆ, ਨਿੱਜਤਾ ਅਤੇ ਵਾਤਾਵਰਨ ਦੀ ਨਿਗਰਾਨੀ ਲਈ ਸਮਾਂ-ਸਲਾਟ ਅਤੇ ਫੀਸ ਲਾਜ਼ਮੀ ਕੀਤੀ ਹੈ।
ਦੱਖਣੀ ਏਸ਼ੀਆਈ ਭਾਈਚਾਰਾ, ਖ਼ਾਸ ਤੌਰ ’ਤੇ ਸਿੱਖ ਅਤੇ ਹਿੰਦੂ ਪਰਿਵਾਰ, ਲੰਬੇ ਸਮੇਂ ਤੋਂ ਅਜਿਹੀ ਅਧਿਕਾਰਤ ਸਹੂਲਤ ਦੀ ਮੰਗ ਕਰ ਰਹੇ ਸਨ। ਸਰੀ ਦੀ ਨਵੀਂ ਸਾਈਟ ਇਸ ਮੰਗ ਨੂੰ ਸੰਸਥਾਗਤ ਰੂਪ ਦੇਣ ਵੱਲ ਇਕ ਕਦਮ ਹੈ। ਹੁਣ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।