Punjab Cabinet Decisions : ਮਾਨ ਸਰਕਾਰ ਦਾ ਮੁਲਾਜ਼ਮਾਂ 'ਤੇ ਫੋਕਸ, 1400 ਸਟਾਫ ਨਰਸਾਂ ਦੇ ਨਿਯਮਾਂ ਨੂੰ ਹਰੀ ਝੰਡੀ ਸਣੇ ਕੈਬਨਿਟ ਮੀਟਿੰਗ 'ਚ ਲਏ ਗਏ ਅਹਿਮ ਫੈਸਲੇ ਪੰਜਾਬ ਕੈਬਨਿਟ ਦੇ ਇਨ੍ਹਾਂ ਫੈਸਲਿਆਂ 'ਚ ਜਿੱਥੇ ਕਰਮਚਾਰੀਆਂ ਨਾਲ ਜੁੜੇ ਲੰਬਿਤ ਮਾਮਲਿਆਂ ਨੂੰ ਅੱਗੇ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ, ਉੱਥੇ ਹੀ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।
Publish Date: Mon, 05 Oct 2026 04:47 PM (IST)
Updated Date: Mon, 05 Oct 2026 04:57 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਅਜੇ ਸਮਾਂ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਹੋਈ ਕੈਬਨਿਟ ਮੀਟਿੰਗ 'ਚ ਲਏ ਗਏ ਫੈਸਲਿਆਂ 'ਚ ਮੁਲਾਜ਼ਮਾਂ ਨਾਲ ਜੁੜੇ ਮੁੱਦਿਆਂ ਨੂੰ ਖਾਸ ਤਵੱਜੋ ਦਿੱਤੀ ਗਈ ਹੈ। ਸਰਕਾਰ ਨੇ ਇਕ ਪਾਸੇ ਕਰੀਬ 1400 ਸਟਾਫ ਨਰਸਾਂ ਲਈ ਲੰਬੇ ਸਮੇਂ ਤੋਂ ਲਟਕੇ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਹੈ, ਉੱਥੇ ਹੀ ਪੰਜਾਬ ਇੰਸਟੀਚਿਊਟ ਆਫ ਟੂਰਿਜ਼ਮ ਐਂਡ ਟ੍ਰੈਵਲ ਸਟੱਡੀਜ਼ (PITS) 'ਚ ਕੰਮ ਕਰ ਰਹੇ ਬਾਕੀ ਨਾਨ-ਟੀਚਿੰਗ ਮੁਲਾਜ਼ਮਾਂ ਨੂੰ ਵੀ ਸੰਸਥਾ 'ਚ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ 'ਚ ਨਵੇਂ ਅਹੁਦੇ ਸਿਰਜਣ ਤੇ ਪਠਾਨਕੋਟ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਰਣਜੀਤਗੜ੍ਹ ਵਿਕਾਸ ਅਥਾਰਟੀ ਦੇ ਗਠਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
1400 ਨਰਸਾਂ ਲਈ ਹੁਣ ਲਾਗੂ ਹੋਣਗੇ ਨਿਯਮ ਕੈਬਨਿਟ ਨੇ ਪੰਜਾਬ ਨਰਸਿੰਗ ਐਜੂਕੇਸ਼ਨ ਸਰਵਿਸ ਰੂਲਜ਼-2016 'ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਮੁਤਾਬਕ ਸਾਲ 2021 'ਚ ਵਿਭਾਗ ਦਾ ਨਵਾਂ ਗਠਨ ਹੋਣ ਤੋਂ ਬਾਅਦ ਕਰੀਬ 1400 ਸਟਾਫ ਨਰਸਾਂ ਦੀ ਭਰਤੀ ਹੋ ਚੁੱਕੀ ਸੀ, ਪਰ ਇਨ੍ਹਾਂ ਮੁਲਾਜ਼ਮਾਂ ਲਈ ਨਵੇਂ ਨਿਯਮ ਨਹੀਂ ਬਣਾਏ ਗਏ ਸਨ। ਹੁਣ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਸੋਧੇ ਹੋਏ ਨਿਯਮ ਲਾਗੂ ਕੀਤੇ ਜਾ ਸਕਣਗੇ। ਇਸ ਨਾਲ 2021 ਤੋਂ ਬਾਅਦ ਭਰਤੀ ਕੀਤੇ ਗਏ ਨਰਸਿੰਗ ਸਟਾਫ ਨੂੰ ਨਿਯਮਾਂ ਦੇ ਦਾਇਰੇ 'ਚ ਲਿਆਂਦਾ ਜਾ ਸਕੇਗਾ।
PITS ਦੇ ਨਾਨ-ਟੀਚਿੰਗ ਮੁਲਾਜ਼ਮਾਂ ਨੂੰ ਸੰਸਥਾ 'ਚ ਥਾਂ ਕੈਬਨਿਟ ਨੇ PITS 'ਚ ਕੰਮ ਕਰ ਰਹੇ ਨਾਨ-ਟੀਚਿੰਗ ਮੁਲਾਜ਼ਮਾਂ ਨਾਲ ਜੁੜਿਆ ਵੀ ਅਹਿਮ ਫੈਸਲਾ ਲਿਆ ਹੈ। ਰਿਕਾਰਡ ਮੁਤਾਬਕ ਪਹਿਲਾਂ ਕੁਝ ਮੁਲਾਜ਼ਮਾਂ ਦਾ ਸਬੰਧਤ ਸੁਸਾਇਟੀ 'ਚ ਰਲੇਵਾਂ ਕੀਤਾ ਜਾ ਚੁੱਕਾ ਸੀ, ਜਦਕਿ ਕੁਝ ਮੁਲਾਜ਼ਮ PITS 'ਚ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ ਸਨ। ਹੁਣ ਸਮਾਯੋਜਨ ਤੋਂ ਬਚੇ ਹੋਏ ਮੁਲਾਜ਼ਮਾਂ ਨੂੰ ਵੀ PITS 'ਚ ਲੈਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਇਨ੍ਹਾਂ ਮੁਲਾਜ਼ਮਾਂ ਨੂੰ ਸੰਸਥਾ 'ਚ ਥਾਂ ਮਿਲ ਸਕੇਗੀ।
ਮੁੱਖ ਚੋਣ ਅਧਿਕਾਰੀ ਦਫ਼ਤਰ 'ਚ ਨਵੇਂ ਅਹੁਦੇ ਕੈਬਨਿਟ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ 'ਚ ਨਵੇਂ ਅਹੁਦੇ ਸਿਰਜਣ ਨੂੰ ਵੀ ਮਨਜ਼ੂਰੀ ਦਿੱਤੀ ਹੈ। ਚੋਣਾਂ ਨਾਲ ਸਬੰਧਤ ਕੰਮਕਾਜ 'ਚ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੀ ਅਹਿਮ ਭੂਮਿਕਾ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਨਵੇਂ ਅਹੁਦੇ ਸਿਰਜੇ ਜਾਣ ਨਾਲ ਦਫ਼ਤਰ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ 'ਚ ਮਦਦ ਮਿਲਣ ਦੀ ਉਮੀਦ ਹੈ।
ਪਠਾਨਕੋਟ ਦੇ ਸੈਰ-ਸਪਾਟਾ ਵਿਕਾਸ 'ਤੇ ਜ਼ੋਰ ਮੀਟਿੰਗ 'ਚ ਪਠਾਨਕੋਟ ਨੂੰ ਸੈਰ-ਸਪਾਟੇ ਦੇ ਪੱਖੋਂ ਵਿਕਸਤ ਕਰਨ ਲਈ ਰਣਜੀਤਗੜ੍ਹ ਵਿਕਾਸ ਅਥਾਰਟੀ ਦੇ ਗਠਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਪਠਾਨਕੋਟ 'ਚ ਸੈਰ-ਸਪਾਟੇ ਦੀਆਂ ਕਾਫ਼ੀ ਸੰਭਾਵਨਾਵਾਂ ਹਨ ਅਤੇ ਜ਼ਿਲ੍ਹੇ 'ਚ ਕਈ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਨੂੰ ਵਿਕਸਤ ਕਰਕੇ ਵੱਡੀ ਗਿਣਤੀ 'ਚ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕਦਾ ਹੈ।
ਰਿਕਾਰਡ ਮੁਤਾਬਕ ਰਣਜੀਤਗੜ੍ਹ ਖੇਤਰ ਕਰੀਬ 305 ਹੈਕਟੇਅਰ 'ਚ ਫੈਲਿਆ ਹੋਇਆ ਹੈ। ਪ੍ਰਸਤਾਵਿਤ ਰਣਜੀਤਗੜ੍ਹ ਵਿਕਾਸ ਅਥਾਰਟੀ ਦੇ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ, ਜਦਕਿ ਸਬੰਧਤ ਮੰਤਰੀ ਇਸ ਦੇ ਵਾਈਸ ਚੇਅਰਮੈਨ ਹੋਣਗੇ। ਸਰਕਾਰ ਇਸ ਖੇਤਰ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਦਿਸ਼ਾ 'ਚ ਕੰਮ ਕਰੇਗੀ।
ਪੰਜਾਬ ਕੈਬਨਿਟ ਦੇ ਇਨ੍ਹਾਂ ਫੈਸਲਿਆਂ 'ਚ ਜਿੱਥੇ ਕਰਮਚਾਰੀਆਂ ਨਾਲ ਜੁੜੇ ਲੰਬਿਤ ਮਾਮਲਿਆਂ ਨੂੰ ਅੱਗੇ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ, ਉੱਥੇ ਹੀ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।