Punjab Election 2027 : BJP ਨੇ ਬਣਾਈ ਪੰਜਾਬ ਚੋਣ ਕਮੇਟੀ, ਕੇਵਲ ਸਿੰਘ ਢਿੱਲੋਂ ਕਰਨਗੇ ਅਗਵਾਈ; ਕਈ ਸਾਬਕਾ ਪ੍ਰਧਾਨਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
Punja Election Committee ਦੇ ਗਠਨ ਤੋਂ ਇਕ ਦਿਨ ਪਹਿਲਾਂ ਭਾਜਪਾ ਨੇ ਸੂਬੇ 'ਚ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਨਾਲ ਜੋੜਨ ਲਈ ਜੁਆਇਨਿੰਗ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ 'ਚ ਜੰਗੀ ਲਾਲ ਮਹਾਜਨ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ।
Publish Date: Mon, 23 Nov 2026 01:33 PM (IST)
Updated Date: Mon, 23 Nov 2026 02:08 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਤੇਜ਼ ਕਰਦਿਆਂ ਭਾਜਪਾ ਨੇ ਸੋਮਵਾਰ ਨੂੰ ਸੂਬਾ ਚੋਣ ਕਮੇਟੀ ਦਾ ਗਠਨ ਕਰ ਦਿੱਤਾ ਹੈ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਐਲਾਨੀ ਗਈ ਇਸ ਕਮੇਟੀ 'ਚ ਪਾਰਟੀ ਦੇ ਸੀਨੀਅਰ ਆਗੂਆਂ, ਸਾਬਕਾ ਸੂਬਾ ਪ੍ਰਧਾਨਾਂ, ਸਾਬਕਾ ਕੇਂਦਰੀ ਮੰਤਰੀਆਂ ਤੇ ਪੰਜਾਬ ਦੇ ਪ੍ਰਮੁੱਖ ਸਿਆਸੀ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਦੀ ਅਗਵਾਈ ਖ਼ੁਦ ਕੇਵਲ ਸਿੰਘ ਢਿੱਲੋਂ ਕਰਨਗੇ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਸੰਗਠਨਾਤਮਕ ਅਤੇ ਸਿਆਸੀ ਰਣਨੀਤੀ ਤਿਆਰ ਕਰਨ ਦੀ ਦਿਸ਼ਾ 'ਚ ਇਸ ਕਮੇਟੀ ਦੇ ਗਠਨ ਨੂੰ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਐਲਾਨੀ ਗਈ ਚੋਣ ਕਮੇਟੀ 'ਚ ਮਨਪ੍ਰੀਤ ਬਾਦਲ, ਤਰੁਣ ਚੁੱਘ, ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਅਵਿਨਾਸ਼ ਰਾਏ ਖੰਨਾ, ਮਨੋਰੰਜਨ ਕਾਲੀਆ, ਇੰਜੀਨੀਅਰ ਸ਼ਵੇਤ ਮਲਿਕ, ਮੰਤਰੀ ਸ਼੍ਰੀਨਿਵਾਸੁਲੂ, ਵਿਜੇ ਸਾਂਪਲਾ, ਪ੍ਰਨੀਤ ਕੌਰ, ਮਨਜੀਤ ਸਿੰਘ ਮੰਨਾ, ਰਵਨੀਤ ਸਿੰਘ ਬਿੱਟੂ, ਰਾਣਾ ਗੁਰਮੀਤ ਸਿੰਘ ਸੋਢੀ, ਦਿਨੇਸ਼ ਬਾਬੂ ਅਤੇ ਜੰਗੀ ਲਾਲ ਮਹਾਜਨ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਦੇ ਕੌਮੀ ਆਗੂ ਡਾ. ਸਤੀਸ਼ ਪੂਨੀਆ, ਵਰਿੰਦਰ ਸਚਦੇਵਾ ਅਤੇ ਡਾ. ਅਲਕਾ ਗੁਰਜਰ ਨੂੰ ਵਿਸ਼ੇਸ਼ ਸੱਦੇ ਵਾਲੇ ਮੈਂਬਰ ਬਣਾਇਆ ਗਿਆ ਹੈ।
ਕਮੇਟੀ 'ਚ ਕਈ ਅਜਿਹੇ ਆਗੂਆਂ ਨੂੰ ਜਗ੍ਹਾ ਦਿੱਤੀ ਗਈ ਹੈ, ਜੋ ਪਹਿਲਾਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਵੀ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਪਾਰਟੀ ਚੋਣ ਰਣਨੀਤੀ ਬਣਾਉਣ 'ਚ ਆਪਣੇ ਤਜਰਬੇਕਾਰ ਆਗੂਆਂ ਦੀ ਭੂਮਿਕਾ ਨੂੰ ਅਹਿਮ ਮੰਨ ਰਹੀ ਹੈ।
ਇਕ ਦਿਨ ਪਹਿਲਾਂ ਬਣਾਈ ਸੀ ਜੁਆਇਨਿੰਗ ਕਮੇਟੀ
ਚੋਣ ਕਮੇਟੀ ਦੇ ਗਠਨ ਤੋਂ ਇਕ ਦਿਨ ਪਹਿਲਾਂ ਭਾਜਪਾ ਨੇ ਸੂਬੇ 'ਚ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਨਾਲ ਜੋੜਨ ਲਈ ਜੁਆਇਨਿੰਗ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ 'ਚ ਜੰਗੀ ਲਾਲ ਮਹਾਜਨ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ।
ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਵੀ ਭਾਜਪਾ 'ਚ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਸੌਂਪਣ ਦੀਆਂ ਸੰਭਾਵਨਾਵਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ, ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।
ਲਗਾਤਾਰ ਦੋ ਦਿਨਾਂ 'ਚ ਚੋਣ ਕਮੇਟੀ ਅਤੇ ਜੁਆਇਨਿੰਗ ਕਮੇਟੀ ਦਾ ਗਠਨ ਦਰਸਾਉਂਦਾ ਹੈ ਕਿ ਭਾਜਪਾ ਨੇ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੰਗਠਨ ਦੇ ਵਿਸਥਾਰ ਅਤੇ ਚੋਣ ਤਿਆਰੀਆਂ ਦੋਵਾਂ ਮੋਰਚਿਆਂ 'ਤੇ ਕੰਮ ਤੇਜ਼ ਕਰ ਦਿੱਤਾ ਹੈ। ਪਾਰਟੀ ਦੀ ਕੋਸ਼ਿਸ਼ ਦੂਜੀਆਂ ਪਾਰਟੀਆਂ ਦੇ ਪ੍ਰਭਾਵਸ਼ਾਲੀ ਆਗੂਆਂ ਨੂੰ ਆਪਣੇ ਨਾਲ ਜੋੜਨ ਦੇ ਨਾਲ-ਨਾਲ ਮੌਜੂਦਾ ਸੰਗਠਨ ਨੂੰ ਵੀ ਚੋਣਾਂ ਲਈ ਸਰਗਰਮ ਕਰਨ ਦੀ ਹੈ।