ਪੰਜਾਬ 'ਚ ED ਦੀ ਜਾਂਚ ਨਾਲ ਪ੍ਰਸ਼ਾਸਨਿਕ ਹਲਕਿਆਂ 'ਚ ਮਚੀ ਤਰਥੱਲੀ, ਮੁੱਖ ਸਕੱਤਰ ਤੋਂ ਲੈਕੇ ਪੁਲਿਸ ਅਧਿਕਾਰੀ ਤਕ ਤਲਬ
ED ਦੀ ਜਾਂਚ ਦੇ ਕੇਂਦਰ 'ਚ ਤਿੰਨ ਮਾਮਲੇ ਹਨ। ਪਹਿਲਾ ਮਾਮਲਾ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੀਆਂ ਜ਼ਮੀਨਾਂ ਦੇ ਅਲਾਟਮੈਂਟ, ਨਿਲਾਮੀ ਅਤੇ ਕਥਿਤ ਬੇਨਿਯਮੀਆਂ ਨਾਲ ਜੁੜਿਆ ਹੈ। ਦੂਜਾ ਮਾਮਲਾ ਰੀਅਲ ਅਸਟੇਟ ਕੰਪਨੀ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ (RPIL) ਨਾਲ ਜੁੜੇ ਲੈਣ-ਦੇਣ ਦਾ ਹੈ, ਜਿਸ ਦਾ ਨਾਂ ਬਾਅਦ 'ਚ ਹੈਂਪਟਨ ਸਕਾਈ ਰੀਅਲਟੀ ਲਿਮਟਿਡ ਕਰ ਦਿੱਤਾ ਗਿਆ। ਤੀਜੀ ਜਾਂਚ ਮੁਅੱਤਲ DIG ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਰਿਸ਼ਵਤ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨਾਲ ਸਬੰਧਤ ਹੈ।
Publish Date: Sat, 28 Nov 2026 09:13 AM (IST)
Updated Date: Sat, 28 Nov 2026 09:53 AM (IST)
ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਸੂਬੇ ਦੇ ਕਰੀਬ 20 ਵੱਡੇ ਅਤੇ ਛੋਟੇ ਅਧਿਕਾਰੀਆਂ ਨੂੰ ਵੱਖ-ਵੱਖ ਮਾਮਲਿਆਂ 'ਚ ਤਲਬ ਕੀਤੇ ਜਾਣ ਕਾਰਨ ਪ੍ਰਸ਼ਾਸਨਿਕ ਹਲਕਿਆਂ 'ਚ ਹਲਚਲ ਤੇਜ਼ ਹੋ ਗਈ ਹੈ। ਇਨ੍ਹਾਂ 'ਚ ਮੁੱਖ ਸਕੱਤਰ ਕੇਏਪੀ ਸਿਨਹਾ ਤੋਂ ਲੈ ਕੇ ਪ੍ਰਮੁੱਖ ਸਕੱਤਰ, IAS, PCS ਅਤੇ ਪੁਲਿਸ ਅਧਿਕਾਰੀ ਤੱਕ ਸ਼ਾਮਲ ਹਨ। ਤਿੰਨ ਵੱਖ-ਵੱਖ ਮਾਮਲਿਆਂ 'ਚ ਚੱਲ ਰਹੀ ਜਾਂਚ ਨੇ ਸੂਬੇ ਦੇ ਪ੍ਰਸ਼ਾਸਨਿਕ ਤੰਤਰ ਨੂੰ ਵੀ ਕੇਂਦਰੀ ਏਜੰਸੀ ਦੀ ਪੜਤਾਲ ਦੇ ਘੇਰੇ 'ਚ ਲਿਆ ਖੜ੍ਹਾ ਕੀਤਾ ਹੈ। ਅਧਿਕਾਰੀਆਂ ਨੂੰ ਪੁਰਾਣੇ ਜ਼ਮੀਨੀ ਸੌਦਿਆਂ, ਰੀਅਲ ਅਸਟੇਟ ਲੈਣ-ਦੇਣ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ 'ਚ ਰਿਕਾਰਡ ਅਤੇ ਜਵਾਬ ਦੇਣੇ ਪੈ ਰਹੇ ਹਨ।
ED ਦੀ ਜਾਂਚ ਦੇ ਕੇਂਦਰ 'ਚ ਤਿੰਨ ਮਾਮਲੇ ਹਨ। ਪਹਿਲਾ ਮਾਮਲਾ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੀਆਂ ਜ਼ਮੀਨਾਂ ਦੇ ਅਲਾਟਮੈਂਟ, ਨਿਲਾਮੀ ਅਤੇ ਕਥਿਤ ਬੇਨਿਯਮੀਆਂ ਨਾਲ ਜੁੜਿਆ ਹੈ। ਦੂਜਾ ਮਾਮਲਾ ਰੀਅਲ ਅਸਟੇਟ ਕੰਪਨੀ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ (RPIL) ਨਾਲ ਜੁੜੇ ਲੈਣ-ਦੇਣ ਦਾ ਹੈ, ਜਿਸ ਦਾ ਨਾਂ ਬਾਅਦ 'ਚ ਹੈਂਪਟਨ ਸਕਾਈ ਰੀਅਲਟੀ ਲਿਮਟਿਡ ਕਰ ਦਿੱਤਾ ਗਿਆ। ਤੀਜੀ ਜਾਂਚ ਮੁਅੱਤਲ DIG ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਰਿਸ਼ਵਤ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨਾਲ ਸਬੰਧਤ ਹੈ।
ਗਮਾਡਾ ਦੀਆਂ ਜ਼ਮੀਨਾਂ ਦੇ ਸੌਦਿਆਂ ਦੀ ਪੜਤਾਲ
ਗਮਾਡਾ ਨਾਲ ਜੁੜੇ ਮਾਮਲੇ 'ਚ ED ਦੀ ਜਾਂਚ ਦਾ ਦਾਇਰਾ ਕਾਫ਼ੀ ਵਿਆਪਕ ਹੋ ਗਿਆ ਹੈ। ਏਜੰਸੀ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਨ੍ਹਾਂ 'ਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ, ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਅਤੇ ਸਾਬਕਾ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਸ਼ਾਮਲ ਹਨ।
ਇਸ ਤੋਂ ਇਲਾਵਾ ਭੂਮੀ ਗ੍ਰਹਿਣ ਅਧਿਕਾਰੀ ਰੋਹਿਤ ਜਿੰਦਲ, ਅਸਟੇਟ ਅਧਿਕਾਰੀ ਅਮਨ ਗੁਪਤਾ, ਸਾਬਕਾ ਵਧੀਕ ਮੁੱਖ ਪ੍ਰਸ਼ਾਸਕ ਰਾਕੇਸ਼ ਕੁਮਾਰ ਪੋਪਲੀ, ਵਧੀਕ ਮੁੱਖ ਪ੍ਰਸ਼ਾਸਕ ਅਮਰਿੰਦਰ ਸਿੰਘ ਮਾਲੀ ਅਤੇ ਹੋਰ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਗਿਆ ਹੈ। ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸ਼ੇਖਰ ਨੂੰ ਵੀ 26 ਨਵੰਬਰ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਚੱਲ ਰਹੀ ਜਾਂਚ 'ਚ ਪੇਸ਼ ਹੋਣ ਲਈ ਬੁਲਾਇਆ ਗਿਆ ਸੀ।
ED ਨੇ 22 ਸਤੰਬਰ ਨੂੰ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ 'ਚ 26 ਟਿਕਾਣਿਆਂ 'ਤੇ ਛਾਪੇ ਮਾਰੇ ਸਨ। ਇਨ੍ਹਾਂ 'ਚ ਪੁੱਡਾ ਭਵਨ ਸਥਿਤ ਗਮਾਡਾ ਦਾ ਮੁੱਖ ਦਫ਼ਤਰ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਦਫ਼ਤਰ ਵੀ ਸ਼ਾਮਲ ਸਨ। ਜਾਂਚ 'ਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜ਼ਮੀਨਾਂ ਦੀਆਂ ਰਾਖਵੀਆਂ ਕੀਮਤਾਂ, ਨਿਲਾਮੀ ਪ੍ਰਕਿਰਿਆ, ਜ਼ਮੀਨ ਦੀ ਵਰਤੋਂ ਦੀਆਂ ਸ਼ਰਤਾਂ ਅਤੇ ਮਾਸਟਰ ਪਲਾਨ 'ਚ ਬਦਲਾਅ ਕਰਕੇ ਕਿਸੇ ਨਿੱਜੀ ਕੰਪਨੀ ਨੂੰ ਨਾਜਾਇਜ਼ ਫ਼ਾਇਦਾ ਤਾਂ ਨਹੀਂ ਪਹੁੰਚਾਇਆ ਗਿਆ। ਏਜੰਸੀ ਨੂੰ ਖ਼ਦਸ਼ਾ ਹੈ ਕਿ ਗਮਾਡਾ ਦੀਆਂ ਨਾ ਵਿਕੀਆਂ ਜ਼ਮੀਨਾਂ ਦੀਆਂ ਰਾਖਵੀਆਂ ਕੀਮਤਾਂ 'ਚ ਕਥਿਤ ਹੇਰਾਫੇਰੀ ਕਾਰਨ ਅਥਾਰਟੀ ਅਤੇ ਪੰਜਾਬ ਸਰਕਾਰ ਨੂੰ ਕਰੀਬ 10 ਹਜ਼ਾਰ ਕਰੋੜ ਰੁਪਏ ਦਾ ਸੰਭਾਵੀ ਨੁਕਸਾਨ ਹੋ ਸਕਦਾ ਹੈ।
ਪੁਰਾਣੇ ਫ਼ੈਸਲਿਆਂ ਤਕ ਪਹੁੰਚੀ ਜਾਂਚ
ਇਸ ਮਾਮਲੇ ਤੋਂ ਵੱਖਰੇ ਮੋਹਾਲੀ ਦੀ ਸਨਟੈਕ ਸਿਟੀ ਅਤੇ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਜ਼ਮੀਨ ਦੀ ਵਰਤੋਂ 'ਚ ਬਦਲਾਅ (CLU) ਦੇ ਮਾਮਲੇ 'ਚ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਤੋਂ ਸਤੰਬਰ 'ਚ ਪੁੱਛਗਿੱਛ ਕੀਤੀ ਗਈ ਸੀ। ਉਸ ਸਮੇਂ ਉਹ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸਨ। ਨਗਰ ਅਤੇ ਗ੍ਰਾਮ ਯੋਜਨਾ ਵਿਭਾਗ ਦੇ ਡਾਇਰੈਕਟਰ ਕੰਵਲਪ੍ਰੀਤ ਬਰਾੜ ਤੋਂ ਵੀ ਪੁੱਛਗਿੱਛ ਹੋਈ ਸੀ।
ਰੀਅਲ ਅਸਟੇਟ ਸੌਦਿਆਂ 'ਚ ਵੀ ਅਧਿਕਾਰੀਆਂ ਤੋਂ ਸਵਾਲ
ਦੂਜੀ ਜਾਂਚ 'ਚ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਮੁੱਖ ਪ੍ਰਸ਼ਾਸਕ ਵਿਕਾਸ ਹੀਰਾ ਤੋਂ ਅਗਸਤ ਅਤੇ ਸਤੰਬਰ 'ਚ ਪੁੱਛਗਿੱਛ ਕੀਤੀ ਗਈ। ਇਹ ਮਾਮਲਾ ਰੀਅਲ ਅਸਟੇਟ ਲੈਣ-ਦੇਣ ਅਤੇ ਕਥਿਤ ਮਨੀ ਲਾਂਡਰਿੰਗ ਨਾਲ ਸਬੰਧਤ ਹੈ। ਇਸ 'ਚ RPIL ਅਤੇ ਬਾਅਦ 'ਚ ਹੈਂਪਟਨ ਸਕਾਈ ਰੀਅਲਟੀ ਲਿਮਟਿਡ ਦੇ ਨਾਂ ਨਾਲ ਕੰਮ ਕਰਨ ਵਾਲੀ ਕੰਪਨੀ ਨਾਲ ਜੁੜੇ ਜ਼ਮੀਨ ਅਤੇ ਜਾਇਦਾਦ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕੰਪਨੀ ਦਾ ਨਾਂ 'ਆਪ' ਮੰਤਰੀ ਸੰਜੀਵ ਅਰੋੜਾ ਨਾਲ ਵੀ ਜੁੜਿਆ ਹੈ।
ਭੁੱਲਰ ਮਾਮਲੇ 'ਚ ਪੁਲਿਸ ਅਧਿਕਾਰੀ ਵੀ ਤਲਬ
ਤੀਜੀ ਜਾਂਚ ਮੁਅੱਤਲ DIG ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਤੋਂ ਨਿਕਲੀ ਹੈ। ਇਸ 'ਚ ਵਿਸ਼ੇਸ਼ ਸਕੱਤਰ ਰਾਹੁਲ ਗੁਪਤਾ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਕੁਮਾਰ ਰਾਹੁਲ, ਆਮ ਪ੍ਰਸ਼ਾਸਨ ਵਿਭਾਗ ਦੇ ਸਕੱਤਰ ਨੀਰਜ ਕੁਮਾਰ ਗੁਪਤਾ ਅਤੇ ਹੋਰ ਅਧਿਕਾਰੀਆਂ ਨੂੰ ਵੀ ਸੰਮਨ ਭੇਜੇ ਗਏ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਫਾਜ਼ਿਲਕਾ ਦੇ ਐੱਸਐੱਸਪੀ ਗਗਨ ਅਜੀਤ ਸਿੰਘ ਸਮੇਤ ਕੁਝ ਹੋਰ ਅਧਿਕਾਰੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਸਾਬਕਾ ਜਲੰਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਸਾਬਕਾ ਡਿਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ ਵੀ ED ਦੀ ਸੂਚੀ 'ਚ ਸ਼ਾਮਲ ਹਨ।
'ਆਪ' ਨੇ ਕੇਂਦਰ 'ਤੇ ਲਾਏ ਸਿਆਸੀ ਬਦਲਾਖੋਰੀ ਦੇ ਦੋਸ਼
ਲਗਾਤਾਰ ਸੰਮਨ ਜਾਰੀ ਹੋਣ ਵਿਚਾਲੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ 'ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। 'ਆਪ' ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਮੁਤਾਬਕ, ਇਨ੍ਹਾਂ ਸੰਮਨਾਂ ਦਾ ਮਕਸਦ ਸਰਕਾਰ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨਾ ਹੈ।
ED ਦੀ ਜਾਂਚ ਦਾ ਅਸਰ ਹੁਣ ਵਿਭਾਗੀ ਕੰਮਕਾਜ 'ਤੇ ਵੀ ਦਿਖਾਈ ਦੇਣ ਲੱਗਾ ਹੈ। ਅਧਿਕਾਰੀਆਂ ਨੂੰ ਪੁਰਾਣੇ ਰਿਕਾਰਡ ਇਕੱਠੇ ਕਰਨ, ਫਾਈਲਾਂ ਤਿਆਰ ਕਰਨ ਅਤੇ ਏਜੰਸੀ ਦੇ ਸਵਾਲਾਂ ਦੇ ਜਵਾਬ ਦੇਣ 'ਚ ਕਾਫ਼ੀ ਸਮਾਂ ਲਗਾਉਣਾ ਪੈ ਰਿਹਾ ਹੈ। ਅਜਿਹੇ 'ਚ ਜਾਂਚ ਦਾ ਦਾਇਰਾ ਸਿਰਫ਼ ਕਥਿਤ ਵਿੱਤੀ ਬੇਨਿਯਮੀਆਂ ਤੱਕ ਸੀਮਤ ਨਹੀਂ ਰਹਿ ਗਿਆ, ਸਗੋਂ ਪੰਜਾਬ ਦੇ ਪ੍ਰਸ਼ਾਸਨਿਕ ਅਤੇ ਸਿਆਸੀ ਗਲਿਆਰਿਆਂ 'ਚ ਵੀ ਇਸ ਦਾ ਅਸਰ ਮਹਿਸੂਸ ਕੀਤਾ ਜਾ ਰਿਹਾ ਹੈ।