
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਏਬੀਵੀਪੀ ਪੰਜਾਬ ਦੇ ਸੂਬਾ ਮੰਤਰੀ ਜਸਕਰਨ ਸਿੰਘ ਭੁੱਲਰ ਅਤੇ ਪੀਯੂ ਵਿਦਿਆਰਥੀ ਕੌਂਸਲ ਦੇ ਸਾਬਕਾ ਪ੍ਰਧਾਨ ਗੌਰਵ ਵੀਰ ਸੋਹਲ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਠਨ ਨੂੰ ਬਦਨਾਮ ਕਰਨ ਲਈ ਧਮਕੀ ਭਰੀਆਂ ਕਾਲਾਂ ਕਰਵਾਉਣ ਦੇ ਦੋਸ਼ ਲਗਾਏ ਜਾ ਰਹੇ ਹਨ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਹੁਣ ਮੁਕਾਬਲਾ ਸਿਰਫ਼ ਵੋਟਾਂ ਅਤੇ ਵੱਕਾਰ ਤੱਕ ਸੀਮਤ ਨਹੀਂ ਰਿਹਾ। ਕਥਿਤ ਧਮਕੀ ਭਰੀਆਂ ਫੋਨ ਕਾਲਾਂ, ਵਿਦਿਆਰਥੀਆਂ ’ਤੇ ਦਬਾਅ ਬਣਾਉਣ ਅਤੇ ਸਿਆਸੀ ਪਾਰਟੀਆਂ ਵੱਲੋਂ ਦਖ਼ਲਅੰਦਾਜ਼ੀ ਦੇ ਦੋਸ਼ਾਂ ਨੇ ਚੋਣ ਮਾਹੌਲ ਨੂੰ ਨਵਾਂ ਸਿਆਸੀ ਰੰਗ ਦੇ ਦਿੱਤਾ ਹੈ।
ਇੱਕ ਦਿਨ ਪਹਿਲਾਂ ਏਐੱਸਏਪੀ ਵੱਲੋਂ ਏਬੀਵੀਪੀ ’ਤੇ ਵਿਦਿਆਰਥੀਆਂ ਅਤੇ ਸਮਰਥਕਾਂ ਨੂੰ ਕਥਿਤ ਤੌਰ ’ਤੇ ਗੈਂਗਸਟਰਾਂ ਅਤੇ ਬਾਹਰੀ ਵਿਅਕਤੀਆਂ ਰਾਹੀਂ ਫੋਨ ਕਰਵਾ ਕੇ ਧਮਕਾਉਣ ਦੇ ਦੋਸ਼ ਲਗਾਏ ਗਏ ਸਨ। ਇਸ ਦੇ ਜਵਾਬ ਵਿੱਚ ਸ਼ੁੱਕਰਵਾਰ ਨੂੰ ਏਬੀਵੀਪੀ ਨੇ ਪਲਟਵਾਰ ਕਰਦਿਆਂ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਜਥੇਬੰਦੀ ਨੇ ਆਮ ਆਦਮੀ ਪਾਰਟੀ ’ਤੇ ਵਿਧਾਇਕਾਂ ਅਤੇ ਹੋਰ ਆਗੂਆਂ ਰਾਹੀਂ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਦਖ਼ਲ ਦੇਣ ਦੇ ਦੋਸ਼ ਲਗਾਏ।
ਏਬੀਵੀਪੀ ਪੰਜਾਬ ਦੇ ਸੂਬਾ ਮੰਤਰੀ ਜਸਕਰਨ ਸਿੰਘ ਭੁੱਲਰ ਅਤੇ ਪੀਯੂ ਵਿਦਿਆਰਥੀ ਕੌਂਸਲ ਦੇ ਸਾਬਕਾ ਪ੍ਰਧਾਨ ਗੌਰਵ ਵੀਰ ਸੋਹਲ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਠਨ ਨੂੰ ਬਦਨਾਮ ਕਰਨ ਲਈ ਧਮਕੀ ਭਰੀਆਂ ਕਾਲਾਂ ਕਰਵਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਵੱਲੋਂ ਵਿਧਾਇਕਾਂ ਤੋਂ ਲੈ ਕੇ ਸਰਪੰਚਾਂ ਤੱਕ ਨੂੰ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਸਰਗਰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਬੱਚਿਆਂ ਰਾਹੀਂ ਵਿਦਿਆਰਥੀਆਂ ਨੂੰ ਫੋਨ ਕਰਵਾਏ ਜਾ ਰਹੇ ਹਨ ਅਤੇ ਬਾਅਦ ਵਿੱਚ ਇਨ੍ਹਾਂ ਗਤੀਵਿਧੀਆਂ ਦਾ ਦੋਸ਼ ਏਬੀਵੀਪੀ ’ਤੇ ਮੜ੍ਹਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਪੀਯੂ ਚੋਣ ਇੰਚਾਰਜ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਏਬੀਵੀਪੀ ’ਤੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਵਿਦਿਆਰਥੀਆਂ, ਖੋਜ ਵਿਦਵਾਨਾਂ, ਪ੍ਰੋਫੈਸਰਾਂ ਅਤੇ ਏਐੱਸਏਪੀ ਸਮਰਥਕਾਂ ਨੂੰ ਕਥਿਤ ਤੌਰ ’ਤੇ ਧਮਕੀ ਭਰੇ ਫੋਨ ਕੀਤੇ ਜਾ ਰਹੇ ਹਨ। ਦੋਸ਼ ਸੀ ਕਿ ਕੁਝ ਵਿਦਿਆਰਥੀਆਂ ’ਤੇ ਇੱਕ ਵਿਸ਼ੇਸ਼ ਸੰਗਠਨ ਦੇ ਹੱਕ ਵਿੱਚ ਵੋਟ ਪਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਏਐੱਸਏਪੀ ਨੇ ਵੀ ਇਨ੍ਹਾਂ ਕਥਿਤ ਕਾਲਾਂ ਦੀ ਤੁਰੰਤ ਜਾਂਚ ਕਰਵਾਉਣ ਅਤੇ ਕੈਂਪਸ ਵਿੱਚ ਡਰ-ਮੁਕਤ ਚੋਣ ਮਾਹੌਲ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ।
‘‘‘‘‘‘‘‘‘‘‘‘‘‘‘‘
ਏਬੀਵੀਪੀ ਦਾ ਦਾਅਵਾ : ਏਐੱਸਏਪੀ ਵਿਦਿਆਰਥਣਾਂ ਨੂੰ ਵੋਟਾਂ ਲਈ ਭੇਜ ਰਹੀ ਇਤਰਾਜ਼ਯੋਗ ਸੁਨੇਹੇ
ਏਬੀਵੀਪੀ ਨੇ ਵੀ ਕਥਿਤ ਧਮਕੀਆਂ ਦਾ ਮੁੱਦਾ ਉਠਾਉਂਦਿਆਂ ਏਐੱਸਏਪੀ ’ਤੇ ਦੋਸ਼ ਲਗਾਇਆ ਕਿ ਉਸ ਵੱਲੋਂ ਵਿਦਿਆਰਥਣਾਂ ਨੂੰ ਗਲਤ ਅਤੇ ਇਤਰਾਜ਼ਯੋਗ ਸੁਨੇਹੇ ਭੇਜੇ ਜਾ ਰਹੇ ਹਨ। ਭੁੱਲਰ ਨੇ ਦਾਅਵਾ ਕੀਤਾ ਕਿ ਕੁਝ ਵਿਦਿਆਰਥੀਆਂ ਨੂੰ ਏਬੀਵੀਪੀ ਦਾ ਸਮਰਥਨ ਕਰਨ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਚੋਣਾਂ ਦੀ ਨਿਰਪੱਖਤਾ ਅਤੇ ਕੈਂਪਸ ਦੇ ਮਾਹੌਲ ’ਤੇ ਸਵਾਲ ਖੜ੍ਹੇ ਕਰਦੀਆਂ ਹਨ।
‘‘‘‘‘‘‘‘‘‘‘‘‘‘‘‘‘
ਵਿਧਾਇਕ ਅਤੇ ਮੰਤਰੀ ਵਿਦਿਆਰਥੀ ਸਿਆਸਤ ਤੋਂ ਦੂਰ ਰਹਿਣ
ਭੁੱਲਰ ਨੇ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ’ਤੇ ਵਿਦਿਆਰਥੀ ਸਿਆਸਤ ਵਿੱਚ ਜ਼ਬਰਦਸਤੀ ਦਖ਼ਲ ਦੇਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪੀਯੂ ਦੇ ਵਿਦਿਆਰਥੀ ਆਪਣੇ ਨੁਮਾਇੰਦੇ ਚੁਣਨ ਲਈ ਪੂਰੀ ਤਰ੍ਹਾਂ ਸਮਰੱਥ ਹਨ ਅਤੇ ਬਾਹਰੀ ਸਿਆਸੀ ਦਖ਼ਲਅੰਦਾਜ਼ੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀ ਕੌਂਸਲ ਚੋਣਾਂ ਨੂੰ ਵਿਦਿਆਰਥੀਆਂ ਤੱਕ ਹੀ ਸੀਮਤ ਰਹਿਣ ਦਿੱਤਾ ਜਾਵੇ।