- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਟੀਐਫ ਪ੍ਰਧਾਨ ਵਿਕਰਮਦੇਵ ਸਿੰਘ ਤੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਕਿਹਾ ਕਿ ਸਿੱਖਿਆ ਵਿਭਾਗ ’ਚ ਪ੍ਰਿੰਸੀਪਲ ਤੇ ਐੱਸ.ਸੀ.ਈ.ਆਰ.ਟੀ ਪੰਜਾਬ ’ਚ ਸਹਾਇਕ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸ਼ੰਕਰ ਚੌਧਰੀ ਦੇ ਚੋਣ ਪ੍ਰਚਾਰ ਦੌਰਾਨ ਸਰਕਾਰੀ ਅਹੁਦੇ ਤੇ ਪ੍ਰਸ਼ਾਸਨਿਕ ਪ੍ਰਭਾਵ ਦੀ ਵਰਤੋਂ ਦੇ ਦੋਸ਼ ਸਾਹਮਣੇ ਆਏ ਹਨ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਵਾਲੀਆਂ ਸੈਨੇਟ ਚੋਣਾਂ ’ਚ ਸਰਕਾਰੀ ਅਹੁਦੇ ਤੇ ਵਿਭਾਗੀ ਪ੍ਰਭਾਵ ਦੀ ਕਥਿਤ ਦੁਰਵਰਤੋਂ ਕਰ ਕੇ ਅਧਿਆਪਕਾਂ ਨੂੰ ਕਿਸੇ ਉਮੀਦਵਾਰ ਦੇ ਹੱਕ ’ਚ ਪ੍ਰਭਾਵਿਤ ਕਰਨ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਡੀਟੀਐਫ ਪ੍ਰਧਾਨ ਵਿਕਰਮਦੇਵ ਸਿੰਘ ਤੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਕਿਹਾ ਕਿ ਸਿੱਖਿਆ ਵਿਭਾਗ ’ਚ ਪ੍ਰਿੰਸੀਪਲ ਤੇ ਐੱਸ.ਸੀ.ਈ.ਆਰ.ਟੀ ਪੰਜਾਬ ’ਚ ਸਹਾਇਕ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸ਼ੰਕਰ ਚੌਧਰੀ ਦੇ ਚੋਣ ਪ੍ਰਚਾਰ ਦੌਰਾਨ ਸਰਕਾਰੀ ਅਹੁਦੇ ਤੇ ਪ੍ਰਸ਼ਾਸਨਿਕ ਪ੍ਰਭਾਵ ਦੀ ਵਰਤੋਂ ਦੇ ਦੋਸ਼ ਸਾਹਮਣੇ ਆਏ ਹਨ।
ਆਗੂਆਂ ਨੇ ਦੋਸ਼ ਲਗਾਇਆ ਕਿ ਅੰਮ੍ਰਿਤਸਰ ਤੇ ਲੁਧਿਆਣਾ ਸਮੇਤ ਕੁਝ ਜ਼ਿਲ੍ਹਿਆਂ ’ਚ ਵਿਭਾਗੀ ਮੀਟਿੰਗਾਂ/ਗਤੀਵਿਧੀਆਂ ਦੇ ਨਾਮ ’ਤੇ ਅਧਿਆਪਕਾਂ ਨੂੰ ਇਕੱਠਾ ਕਰ ਕੇ ਉਕਤ ਉਮੀਦਵਾਰ ਦੇ ਹੱਕ ’ਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਅਧਿਕਾਰੀਆਂ-ਕਰਮਚਾਰੀਆਂ ਰਾਹੀਂ ਵੀ ਅਧਿਆਪਕਾਂ ’ਤੇ ਪ੍ਰਭਾਵ ਪਾਉਣ ਦੇ ਦੋਸ਼ ਹਨ। ਡੀਟੀਐੱਫ ਨੇ ਪੰਜਾਬ ਸਰਕਾਰ, ਸਿੱਖਿਆ ਵਿਭਾਗ, ਐੱਸ.ਸੀ.ਈ.ਆਰ.ਟੀ ਪੰਜਾਬ ਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਸ਼ਾਂ ਦੀ ਤੁਰੰਤ, ਨਿਰਪੱਖ ਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਸਰਕਾਰੀ ਅਹੁਦੇ ਜਾਂ ਮਸ਼ੀਨਰੀ ਦੀ ਦੁਰਵਰਤੋਂ ਸਾਬਤ ਹੁੰਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਹਰੇਕ ਉਮੀਦਵਾਰ ਨੂੰ ਚੋਣ ਪ੍ਰਚਾਰ ਦਾ ਬਰਾਬਰ ਅਧਿਕਾਰ ਹੈ, ਪਰ ਸਰਕਾਰੀ ਅਹੁਦੇ, ਵਿਭਾਗੀ ਮੀਟਿੰਗਾਂ ਜਾਂ ਪ੍ਰਸ਼ਾਸਨਿਕ ਪ੍ਰਭਾਵ ਦੀ ਵਰਤੋਂ ਕਰ ਕੇ ਅਧਿਆਪਕਾਂ ’ਤੇ ਵੋਟ ਲਈ ਦਬਾਅ ਬਣਾਉਣਾ ਜਮਹੂਰੀ ਚੋਣ ਪ੍ਰਕਿਰਿਆ ਦੀ ਮਰਿਆਦਾ ਦੇ ਵਿਰੁੱਧ ਹੈ। ਅਧਿਆਪਕਾਂ ਨੂੰ ਬਿਨਾਂ ਕਿਸੇ ਡਰ, ਦਬਾਅ ਜਾਂ ਪ੍ਰਸ਼ਾਸਨਿਕ ਪ੍ਰਭਾਵ ਦੇ ਆਪਣੀ ਸੁਤੰਤਰ ਰਾਇ ਅਨੁਸਾਰ ਵੋਟ ਪਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।