ਪੰਜਾਬ ਭਾਜਪਾ 'ਚ ਵੱਡੇ ਫੇਰਬਦਲ ਦੀ ਤਿਆਰੀ, ਕੇਵਲ ਢਿੱਲੋਂ ਮਗਰੋਂ ਅਮਿਤ ਸ਼ਾਹ ਦਾ 'ਗੁਪਤ ਹਥਿਆਰ' ਸੰਭਾਲੇਗਾ ਪੰਜਾਬ ਦੀ ਕਮਾਨ ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ 'ਚ ਜੁਟੀ ਭਾਰਤੀ ਜਨਤਾ ਪਾਰਟੀ ਹੁਣ ਸੰਗਠਨ ਨੂੰ ਪੂਰੀ ਤਰ੍ਹਾਂ ਸਰਗਰਮ ਕਰਨ ਦੀ ਦਿਸ਼ਾ 'ਚ ਤੇਜ਼ੀ ਨਾਲ ਕਦਮ ਵਧਾ ਰਹੀ ਹੈ। ਹਾਲ ਹੀ 'ਚ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਹੁਣ ਪਾਰਟੀ ਦੀ ਨਜ਼ਰ ਸੂਬਾ ਇੰਚਾਰਜ ਦੀ ਨਿਯੁਕਤੀ ’ਤੇ ਹੈ। ਪਾਰਟੀ ਜਲਦ ਹੀ ਪੰਜਾਬ ਭਾਜਪਾ ਨੂੰ ਨਵਾਂ ਇੰਚਾਰਜ ਦੇ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਿਸੇ ਭਰੋਸੇਮੰਦ ਅਤੇ ਚੋਣਾਂ ਦਾ ਵੱਡਾ ਤਜਰਬਾ ਰੱਖਣ ਵਾਲੇ ਸੀਨੀਅਰ ਆਗੂ ਨੂੰ ਸੌਂਪੀ ਜਾ ਸਕਦੀ ਹੈ।
Publish Date: Thu, 09 Jul 2026 01:01 PM (IST)
Updated Date: Thu, 09 Jul 2026 01:04 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ 'ਚ ਜੁਟੀ ਭਾਰਤੀ ਜਨਤਾ ਪਾਰਟੀ ਹੁਣ ਸੰਗਠਨ ਨੂੰ ਪੂਰੀ ਤਰ੍ਹਾਂ ਸਰਗਰਮ ਕਰਨ ਦੀ ਦਿਸ਼ਾ 'ਚ ਤੇਜ਼ੀ ਨਾਲ ਕਦਮ ਵਧਾ ਰਹੀ ਹੈ। ਹਾਲ ਹੀ 'ਚ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਹੁਣ ਪਾਰਟੀ ਦੀ ਨਜ਼ਰ ਸੂਬਾ ਇੰਚਾਰਜ ਦੀ ਨਿਯੁਕਤੀ ’ਤੇ ਹੈ। ਪਾਰਟੀ ਜਲਦ ਹੀ ਪੰਜਾਬ ਭਾਜਪਾ ਨੂੰ ਨਵਾਂ ਇੰਚਾਰਜ ਦੇ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਿਸੇ ਭਰੋਸੇਮੰਦ ਅਤੇ ਚੋਣਾਂ ਦਾ ਵੱਡਾ ਤਜਰਬਾ ਰੱਖਣ ਵਾਲੇ ਸੀਨੀਅਰ ਆਗੂ ਨੂੰ ਸੌਂਪੀ ਜਾ ਸਕਦੀ ਹੈ।
ਪੰਜਾਬ ਭਾਜਪਾ ਪਿਛਲੇ ਕਰੀਬ 13 ਮਹੀਨਿਆਂ ਤੋਂ ਪੱਕੇ ਇੰਚਾਰਜ ਤੋਂ ਬਿਨਾਂ ਕੰਮ ਕਰ ਰਹੀ ਹੈ। ਪਿਛਲੇ ਸਾਲ 12 ਜੂਨ ਨੂੰ ਏਅਰ ਇੰਡੀਆ ਜਹਾਜ਼ ਹਾਦਸੇ 'ਚ ਤਤਕਾਲੀ ਪੰਜਾਬ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੇ ਦੇਹਾਂਤ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਹੈ। ਸਤੰਬਰ 2022 'ਚ ਉਨ੍ਹਾਂ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਸੀ। ਪਾਰਟੀ ਦੇ ਇੱਕ ਰਾਸ਼ਟਰੀ ਆਗੂ ਅਨੁਸਾਰ, ਭਾਜਪਾ ਦੇ ਨਵੇਂ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਅਗਲੇ 10 ਦਿਨਾਂ 'ਚ ਆਪਣੀ ਨਵੀਂ ਰਾਸ਼ਟਰੀ ਟੀਮ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਬਾਅਦ ਵੱਖ-ਵੱਖ ਰਾਜਾਂ ਦੇ ਇੰਚਾਰਜਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਅੱਗੇ ਵਧੇਗੀ। ਇਸੇ ਤਹਿਤ ਪੰਜਾਬ ਦੇ ਨਵੇਂ ਇੰਚਾਰਜ ਦੇ ਨਾਂ 'ਤੇ ਵੀ ਅੰਤਿਮ ਫੈਸਲਾ ਹੋਣ ਦੀ ਸੰਭਾਵਨਾ ਹੈ।
ਭਾਜਪਾ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ 'ਚ ਹੁਣ ਬਹੁਤਾ ਸਮਾਂ ਨਹੀਂ ਬਚਿਆ ਹੈ। ਅਜਿਹੇ 'ਚ ਪਾਰਟੀ ਕਿਸੇ ਅਜਿਹੇ ਆਗੂ ਨੂੰ ਇੰਚਾਰਜ ਬਣਾਏਗੀ, ਜਿਸ ਨੂੰ ਚੋਣ ਰਣਨੀਤੀ, ਸੰਗਠਨ ਦੇ ਵਿਸਥਾਰ ਅਤੇ ਸਿਆਸੀ ਸਮੀਕਰਨਾਂ ਦਾ ਵਿਆਪਕ ਤਜਰਬਾ ਹੋਵੇ। ਪੰਜਾਬ ਦੇ ਸਿਆਸੀ ਘਟਨਾਕ੍ਰਮ 'ਤੇ ਅਮਿਤ ਸ਼ਾਹ ਖ਼ੁਦ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਆਖਰੀ ਫੈਸਲਾ ਵੀ ਉਨ੍ਹਾਂ ਦੀ ਸਲਾਹ ਨਾਲ ਹੀ ਹੋਵੇਗਾ।
ਪਾਰਟੀ ਦਾ ਮੰਨਣਾ ਹੈ ਕਿ ਸੂਬਾ ਪ੍ਰਧਾਨ ਵਜੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਤੋਂ ਬਾਅਦ ਹੁਣ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਇੰਚਾਰਜ ਦੀ ਤਾਇਨਾਤੀ ਜ਼ਰੂਰੀ ਹੈ। ਨਵੇਂ ਇੰਚਾਰਜ ਦੀ ਜ਼ਿੰਮੇਵਾਰੀ ਸੰਗਠਨ ਅਤੇ ਚੋਣ ਤਿਆਰੀਆਂ ਵਿਚਾਲੇ ਬਿਹਤਰ ਤਾਲਮੇਲ ਸਥਾਪਿਤ ਕਰਨ ਦੀ ਹੋਵੇਗੀ। ਪਿਛਲੇ ਮਹੀਨੇ ਦਿੱਲੀ 'ਚ ਅਮਿਤ ਸ਼ਾਹ ਨੇ ਪੰਜਾਬ ਭਾਜਪਾ ਦੇ ਕਈ ਸੀਨੀਅਰ ਆਗੂਆਂ ਨਾਲ ਲੰਮੀ ਮੀਟਿੰਗ ਕਰਕੇ ਚੋਣ ਰਣਨੀਤੀ ’ਤੇ ਚਰਚਾ ਕੀਤੀ ਸੀ। ਇਸ ਤੋਂ ਸੰਕੇਤ ਮਿਲੇ ਸਨ ਕਿ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਕਮਾਨ ਅਤੇ ਰਣਨੀਤੀ 'ਤੇ ਸ਼ਾਹ ਦੀ ਸਿੱਧੀ ਨਜ਼ਰ ਰਹੇਗੀ।