
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਹੁਲ ਦਾ ਇਹ ਦੌਰਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ, ਪਰ ਪਾਰਟੀ ਅੰਦਰ ਧੜੇਬੰਦੀ ਖ਼ਤਮ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪ੍ਰਸਤਾਵਿਤ ਬੱਸ ਯਾਤਰਾ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋਵੇਗੀ।

ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਨ੍ਹਾਂ ਦੇ ਸਤੰਬਰ ਦੇ ਦੂਜੇ ਹਫ਼ਤੇ ਤੱਕ ਪੰਜਾਬ ਆਉਣ ਦੀ ਸੰਭਾਵਨਾ ਹੈ। ਪਾਰਟੀ ਸੂਤਰਾਂ ਮੁਤਾਬਕ ਹਾਈਕਮਾਨ ਤੋਂ ਮਨਜ਼ੂਰੀ ਮਿਲਣ ਮਗਰੋਂ ਅਗਲੇ ਦੋ-ਤਿੰਨ ਦਿਨਾਂ ’ਚ ਦੌਰੇ ਦਾ ਵਿਸਥਾਰਤ ਪ੍ਰੋਗਰਾਮ ਜਾਰੀ ਹੋ ਸਕਦਾ ਹੈ।
ਰਾਹੁਲ ਦਾ ਇਹ ਦੌਰਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ, ਪਰ ਪਾਰਟੀ ਅੰਦਰ ਧੜੇਬੰਦੀ ਖ਼ਤਮ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪ੍ਰਸਤਾਵਿਤ ਬੱਸ ਯਾਤਰਾ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋਵੇਗੀ। ਪਹਿਲੇ ਪੜਾਅ ’ਚ ਕਰੀਬ 135 ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ 15 ਤੋਂ ਵੱਧ ਜ਼ਿਲ੍ਹਿਆਂ ਨੂੰ ਕਵਰ ਕਰਨ ਦੀ ਯੋਜਨਾ ਹੈ। ਇਸ ਦੌਰਾਨ ਰਾਹੁਲ ਗਾਂਧੀ ਸੀਨੀਅਰ ਆਗੂਆਂ ਅਤੇ ਵਰਕਰਾਂ ਨਾਲ ਸੰਵਾਦ ਕਰਕੇ ਚੋਣਾਂ ਲਈ ਇਕਜੁੱਟ ਹੋ ਕੇ ਮੈਦਾਨ ’ਚ ਉਤਰਨ ਦਾ ਸੁਨੇਹਾ ਦੇ ਸਕਦੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਆਗੂਆਂ ਨਾਲ ਉਨ੍ਹਾਂ ਦੀ ਵੱਖ-ਵੱਖ ਮੁਲਾਕਾਤ ਦੀ ਸੰਭਾਵਨਾ ਹੈ।
ਨਹੀਂ ਘਟ ਰਹੇ ਮਤਭੇਦ
ਇਕ ਜੁਲਾਈ ਨੂੰ ਕਾਂਗਰਸ ਹਾਈਕਮਾਨ ਵੱਲੋਂ 21 ਮੈਂਬਰੀ ਵੱਖ-ਵੱਖ ਚੋਣ ਕਮੇਟੀਆਂ ਦੇ ਐਲਾਨ ਮਗਰੋਂ ਪੰਜਾਬ ਕਾਂਗਰਸ ਦੇ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ ਸਨ। ਚੰਨੀ ਧੜੇ ਦੇ ਕਈ ਆਗੂਆਂ ਨੇ ਰਾਜਾ ਵੜਿੰਗ ਨੂੰ ਬਦਲਣ ਦੀ ਮੰਗ ਕੀਤੀ ਸੀ। ਹਾਲਾਂਕਿ ਪੰਜਾਬ ਇੰਚਾਰਜ ਭੂਪੇਸ਼ ਬਘੇਲ ਸਪੱਸ਼ਟ ਕਰ ਚੁੱਕੇ ਹਨ ਕਿ ਪ੍ਰਦੇਸ਼ ਪ੍ਰਧਾਨ ਬਦਲਣ ਦਾ ਕੋਈ ਫ਼ੈਸਲਾ ਨਹੀਂ ਹੈ।
ਇਸ ਦੌਰਾਨ ਚੰਡੀਗੜ੍ਹ ’ਚ ਮਹਿੰਗਾਈ ਖ਼ਿਲਾਫ਼ ਰਾਜਾ ਵੜਿੰਗ ਦੇ ਪ੍ਰੋਗਰਾਮ ਤੋਂ ਚੰਨੀ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਦੂਰੀ ਅਤੇ ਬਾਬਾ ਬਕਾਲਾ ਸਾਹਿਬ ’ਚ ਰੱਖੜ ਪੁੰਨਿਆ ਸਮਾਗਮ ਦੌਰਾਨ ਵੜਿੰਗ ਦੀ ਗੈਰਹਾਜ਼ਰੀ ਨੇ ਪਾਰਟੀ ਦੇ ਅੰਦਰਲੇ ਮਤਭੇਦ ਮੁੜ ਉਜਾਗਰ ਕਰ ਦਿੱਤੇ ਹਨ। ਅਜਿਹੇ ’ਚ ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਸੰਗਠਨ ਨੂੰ ਇਕਜੁੱਟ ਕਰਨਾ ਹਾਈਕਮਾਨ ਲਈ ਵੱਡੀ ਚੁਣੌਤੀ ਹੈ।