- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੱਲਾ ਅਤੇ ਪਾਸੀਆ ਵਰਗੇ ਵਿਦੇਸ਼ਾਂ ਵਿੱਚ ਬੈਠੇ ਲੋੜੀਂਦੇ ਅੱਤਵਾਦੀਆਂ ਨੂੰ ਭਾਰਤ ਲਿਆਉਣ ਵਿੱਚ ਸੰਭਾਵਿਤ ਸਫ਼ਲਤਾ ਸੁਰੱਖਿਆ ਦੇ ਲਿਹਾਜ਼ ਨਾਲ ਅਹਿਮ ਹੋਵੇਗੀ। ਇਸ ਨਾਲ ਨਾ ਸਿਰਫ਼ ਅੱਤਵਾਦੀ ਹਮਲਿਆਂ ਦੀਆਂ ਸਾਜ਼ਿਸ਼ਾਂ ਦਾ ਪਰਦਾਫ਼ਾਸ਼ ਕਰਨ ਵਿੱਚ ਮਦਦ ਮਿਲ ਸਕਦੀ ਹੈ, ਸਗੋਂ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਨੈੱਟਵਰਕ ਅਤੇ ਉਨ੍ਹਾਂ ਦੇ ਸਥਾਨਕ ਸੰਪਰਕਾਂ ਤੱਕ ਪਹੁੰਚਣ ਦਾ ਰਾਹ ਵੀ ਖੁੱਲ੍ਹ ਸਕਦਾ ਹੈ।

ਰੋਹਿਤ ਕੁਮਾਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਵਿੱਚ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਅੱਤਵਾਦੀ ਅਤੇ ਗੈਂਗਸਟਰ ਨੈੱਟਵਰਕ ’ਤੇ ਸ਼ਿਕੰਜਾ ਕੱਸਣ ਲਈ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਆਪਣੀ ਰਣਨੀਤੀ ਬਦਲਣ ਦੀ ਤਿਆਰੀ ਕੀਤੀ ਹੈ। ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ, ਪੁਲਿਸ ਥਾਣਿਆਂ ’ਤੇ ਗ੍ਰਨੇਡ ਹਮਲਿਆਂ ਅਤੇ ਅਪਰਾਧਿਕ ਵਾਰਦਾਤਾਂ ਪਿੱਛੇ ਵਿਦੇਸ਼ਾਂ ਵਿੱਚ ਬੈਠੇ ਜਿਨ੍ਹਾਂ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆਉਂਦੀ ਰਹੀ ਹੈ, ਉਨ੍ਹਾਂ ਨੂੰ ਭਾਰਤ ਲਿਆਉਣ ਲਈ ਹੁਣ ਹਵਾਲਗੀ ਦੀ ਬਜਾਏ ਡਿਪੋਰਟੇਸ਼ਨ ਦਾ ਰਾਹ ਅਪਣਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਰਣਨੀਤੀ ਦੇ ਕੇਂਦਰ ਵਿੱਚ ਅਮਰੀਕਾ ਵਿੱਚ ਗ੍ਰਿਫ਼ਤਾਰ ਹੈਪੀ ਪਾਸੀਆ ਅਤੇ ਕੈਨੇਡਾ ਵਿੱਚ ਰਹਿ ਰਿਹਾ ਹਰਦੀਪ ਸਿੰਘ ਡੱਲਾ ਹੈ। ਜਾਂਚ ਏਜੰਸੀ ਨੂੰ ਉਮੀਦ ਹੈ ਕਿ ਅਗਲੇ ਸਾਲ ਤੱਕ ਦੋਵਾਂ ਨੂੰ ਭਾਰਤ ਵਾਪਸ ਲਿਆਉਣ ਦੀ ਦਿਸ਼ਾ ਵਿੱਚ ਸਕਾਰਾਤਮਕ ਨਤੀਜਾ ਮਿਲ ਸਕਦਾ ਹੈ।
ਐੱਨਆਈਏ ਦੇ ਸੂਤਰਾਂ ਮੁਤਾਬਕ, ਦੋਵੇਂ ਲੋੜੀਂਦੇ ਮੁਲਜ਼ਮ ਭਾਰਤੀ ਨਾਗਰਿਕ ਹਨ। ਅਜਿਹੇ ਵਿੱਚ ਸਬੰਧਤ ਦੇਸ਼ਾਂ ਤੋਂ ਉਨ੍ਹਾਂ ਦੀ ਡਿਪੋਰਟੇਸ਼ਨ ਕਰਵਾਉਣ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ। ਏਜੰਸੀ ਦਾ ਮੰਨਣਾ ਹੈ ਕਿ ਹਵਾਲਗੀ ਦੇ ਮੁਕਾਬਲੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਮੁਕਾਬਲਤਨ ਤੇਜ਼ ਹੋ ਸਕਦੀ ਹੈ। ਹਵਾਲਗੀ ਲਈ ਸਬੰਧਤ ਦੇਸ਼ ਦੀਆਂ ਅਦਾਲਤਾਂ ਵਿੱਚ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਇਸ ਲਈ ਵਿਸਥਾਰਤ ਦਸਤਾਵੇਜ਼ ਤਿਆਰ ਕਰਨੇ ਪੈਂਦੇ ਹਨ ਅਤੇ ਮੁਲਜ਼ਮਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਵੀ ਦਿੱਤਾ ਜਾਂਦਾ ਹੈ। ਕਈ ਵਾਰ ਮੁਲਜ਼ਮ ਆਪਣੀ ਜਾਨ ਨੂੰ ਖ਼ਤਰਾ ਹੋਣ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਕਾਨੂੰਨੀ ਅੜਿੱਕੇ ਖੜ੍ਹੇ ਕਰ ਦਿੰਦੇ ਹਨ। ਇਸ ਕਾਰਨ ਹਵਾਲਗੀ ਦੀ ਪ੍ਰਕਿਰਿਆ ਕਈ ਸਾਲਾਂ ਤੱਕ ਲਟਕ ਸਕਦੀ ਹੈ।
ਇਸ ਦੇ ਉਲਟ ਡਿਪੋਰਟੇਸ਼ਨ ਮੁੱਖ ਤੌਰ ’ਤੇ ਸਬੰਧਤ ਦੇਸ਼ ਦੀ ਸਰਕਾਰ ਦਾ ਕਾਰਜਕਾਰੀ ਫ਼ੈਸਲਾ ਹੁੰਦਾ ਹੈ। ਜੇਕਰ ਉੱਥੋਂ ਦੀ ਸਰਕਾਰ ਇਸ ਗੱਲ ਤੋਂ ਸੰਤੁਸ਼ਟ ਹੋ ਜਾਂਦੀ ਹੈ ਕਿ ਸਬੰਧਤ ਵਿਅਕਤੀ ਆਪਣੇ ਮੂਲ ਦੇਸ਼ ਵਿੱਚ ਲੋੜੀਂਦਾ ਹੈ ਅਤੇ ਉਸ ਨੂੰ ਵਾਪਸ ਭੇਜਣ ਦਾ ਆਧਾਰ ਮੌਜੂਦ ਹੈ ਤਾਂ ਇਹ ਪ੍ਰਕਿਰਿਆ ਮੁਕਾਬਲਤਨ ਜਲਦੀ ਪੂਰੀ ਹੋ ਸਕਦੀ ਹੈ। ਹਾਲਾਂਕਿ, ਅੰਤਿਮ ਫ਼ੈਸਲਾ ਸਬੰਧਤ ਦੇਸ਼ ਦੇ ਕਾਨੂੰਨਾਂ ਅਤੇ ਸਰਕਾਰ ਦੀ ਸਹਿਮਤੀ ’ਤੇ ਨਿਰਭਰ ਕਰੇਗਾ।
ਪੰਜਾਬ ਵਿੱਚ 16 ਅੱਤਵਾਦੀ ਹਮਲਿਆਂ ਨਾਲ ਜੁੜਿਆ ਹੈ ਪਾਸੀਆ ਦਾ ਨਾਂ
ਹੈਪੀ ਪਾਸੀਆ ਨੂੰ ਅਪ੍ਰੈਲ 2025 ਵਿੱਚ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਪੰਜਾਬ ਵਿੱਚ ਸਰਗਰਮ ਅੱਤਵਾਦੀ ਨੈੱਟਵਰਕ ਦੇ ਪ੍ਰਮੁੱਖ ਚਿਹਰਿਆਂ ਵਿੱਚ ਸ਼ਾਮਲ ਰਿਹਾ ਹੈ। ਜਾਂਚ ਏਜੰਸੀਆਂ ਮੁਤਾਬਕ, ਉਸ ਦਾ ਨਾਂ ਪੰਜਾਬ ਵਿੱਚ ਘੱਟੋ-ਘੱਟ 16 ਅੱਤਵਾਦੀ ਹਮਲਿਆਂ ਨਾਲ ਜੁੜਿਆ ਹੋਇਆ ਹੈ। ਉਸ ’ਤੇ ਪੁਲਿਸ ਥਾਣਿਆਂ ਅਤੇ ਹੋਰ ਟਿਕਾਣਿਆਂ ’ਤੇ ਗ੍ਰਨੇਡ ਹਮਲੇ ਕਰਵਾਉਣ ਦੇ ਦੋਸ਼ ਹਨ। ਏਜੰਸੀਆਂ ਨੂੰ ਉਸ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸੰਪਰਕ ਹੋਣ ਦਾ ਵੀ ਸ਼ੱਕ ਹੈ।
ਦੋਸ਼ ਹੈ ਕਿ ਉਹ ਵਿਦੇਸ਼ ਵਿੱਚ ਬੈਠ ਕੇ ਪੰਜਾਬ ਵਿੱਚ ਆਪਣੇ ਨੈੱਟਵਰਕ ਰਾਹੀਂ ਹਮਲਿਆਂ ਦੀ ਸਾਜ਼ਿਸ਼ ਰਚਦਾ ਅਤੇ ਉਨ੍ਹਾਂ ਨੂੰ ਅੰਜਾਮ ਦਿਵਾਉਂਦਾ ਰਿਹਾ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਉਸ ਨੂੰ ਭਾਰਤ ਲਿਆਉਣਾ ਜਾਂਚ ਏਜੰਸੀਆਂ ਦੀ ਤਰਜੀਹ ਹੈ, ਤਾਂ ਜੋ ਪੰਜਾਬ ਵਿੱਚ ਅੱਤਵਾਦੀ ਨੈੱਟਵਰਕ ਦੇ ਸੰਚਾਲਨ, ਫੰਡਿੰਗ ਅਤੇ ਸਥਾਨਕ ਸੰਪਰਕਾਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ।
ਨਿੱਝਰ ਦੀ ਹੱਤਿਆ ਤੋਂ ਬਾਅਦ ਡੱਲਾ ਨੇ ਸੰਭਾਲੀ ਸੀ ਕੇਟੀਐੱਫ ਦੀ ਕਮਾਨ
ਹਰਦੀਪ ਸਿੰਘ ਡੱਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਡੱਲਾ ਦਾ ਰਹਿਣ ਵਾਲਾ ਹੈ। ਕੈਨੇਡਾ ਜਾਣ ਤੋਂ ਪਹਿਲਾਂ ਉਹ ਪੰਜਾਬ ਵਿੱਚ ਸਥਾਨਕ ਗੈਂਗਸਟਰ ਵਜੋਂ ਸਰਗਰਮ ਸੀ। ਸਾਲ 2020 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਜਾਣ ਤੋਂ ਬਾਅਦ ਉਸ ਨੇ ਉੱਥੋਂ ਆਪਣਾ ਨੈੱਟਵਰਕ ਚਲਾਉਣਾ ਸ਼ੁਰੂ ਕਰ ਦਿੱਤਾ। ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਡੱਲਾ ਨੇ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੀ ਕਮਾਨ ਸੰਭਾਲ ਲਈ ਸੀ। ਐੱਨਆਈਏ ਮੁਤਾਬਕ, ਉਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ।
ਡੱਲਾ ਦਾ ਨਾਂ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਅਤੇ ਗੈਂਗਸਟਰ ਨੈੱਟਵਰਕ ਨਾਲ ਜੁੜੇ ਕਈ ਮਾਮਲਿਆਂ ਵਿੱਚ ਸਾਹਮਣੇ ਆਉਂਦਾ ਰਿਹਾ ਹੈ। ਏਜੰਸੀਆਂ ਅਨੁਸਾਰ, ਉਹ ਵਿਦੇਸ਼ ਵਿੱਚ ਬੈਠ ਕੇ ਪੰਜਾਬ ਵਿੱਚ ਆਪਣੇ ਸਾਥੀਆਂ ਰਾਹੀਂ ਅਪਰਾਧਿਕ ਅਤੇ ਅੱਤਵਾਦੀ ਗਤੀਵਿਧੀਆਂ ਚਲਾਉਂਦਾ ਰਿਹਾ ਹੈ। ਅਜਿਹੇ ਵਿੱਚ ਉਸ ਦੀ ਭਾਰਤ ਵਾਪਸੀ ਨਾਲ ਪੰਜਾਬ ਵਿੱਚ ਸਰਗਰਮ ਨੈੱਟਵਰਕ ਬਾਰੇ ਅਹਿਮ ਜਾਣਕਾਰੀਆਂ ਮਿਲਣ ਦੀ ਉਮੀਦ ਹੈ।
ਗੋਲਡੀ ਬਰਾੜ ’ਤੇ ਵੀ ਵਧਿਆ ਕੌਮਾਂਤਰੀ ਦਬਾਅ
ਪੰਜਾਬ ਦੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਕੌਮਾਂਤਰੀ ਪੱਧਰ ’ਤੇ ਕਾਰਵਾਈ ਦਾ ਦਬਾਅ ਵੀ ਵਧ ਰਿਹਾ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਪ੍ਰਮੁੱਖ ਸਾਜ਼ਿਸ਼ਕਾਰਾਂ ਵਿੱਚ ਸ਼ਾਮਲ ਗੋਲਡੀ ਬਰਾੜ ਕੈਨੇਡਾ ਦੇ 25 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਪਹਿਲੇ ਨੰਬਰ ’ਤੇ ਹੈ। ਉਸ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਦੇਣ ਵਾਲੇ ਲਈ 2.50 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਅਮਰੀਕੀ ਜਾਂਚ ਏਜੰਸੀ ਐੱਫਬੀਆਈ ਵੀ ਉਸ ਨੂੰ ਆਪਣੇ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਚੁੱਕੀ ਹੈ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੱਲਾ ਅਤੇ ਪਾਸੀਆ ਵਰਗੇ ਵਿਦੇਸ਼ਾਂ ਵਿੱਚ ਬੈਠੇ ਲੋੜੀਂਦੇ ਅੱਤਵਾਦੀਆਂ ਨੂੰ ਭਾਰਤ ਲਿਆਉਣ ਵਿੱਚ ਸੰਭਾਵਿਤ ਸਫ਼ਲਤਾ ਸੁਰੱਖਿਆ ਦੇ ਲਿਹਾਜ਼ ਨਾਲ ਅਹਿਮ ਹੋਵੇਗੀ। ਇਸ ਨਾਲ ਨਾ ਸਿਰਫ਼ ਅੱਤਵਾਦੀ ਹਮਲਿਆਂ ਦੀਆਂ ਸਾਜ਼ਿਸ਼ਾਂ ਦਾ ਪਰਦਾਫ਼ਾਸ਼ ਕਰਨ ਵਿੱਚ ਮਦਦ ਮਿਲ ਸਕਦੀ ਹੈ, ਸਗੋਂ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਨੈੱਟਵਰਕ ਅਤੇ ਉਨ੍ਹਾਂ ਦੇ ਸਥਾਨਕ ਸੰਪਰਕਾਂ ਤੱਕ ਪਹੁੰਚਣ ਦਾ ਰਾਹ ਵੀ ਖੁੱਲ੍ਹ ਸਕਦਾ ਹੈ।