ਪਰਗਟ ਸਿੰਘ ਦੀ ਤਾਜਪੋਸ਼ੀ ਲਈ ਤਿਆਰੀਆਂ ਤੇਜ਼, ਇਸ ਦਿਨ ਸੰਭਾਲਣਗੇ ਪੰਜਾਬ ਕਾਂਗਰਸ ਦੀ ਕਮਾਨ; ਪਾਇਲਟ ਵੀ ਪਹੁੰਚਣਗੇ
Pargat Singh ਦੀ ਰਸਮੀ ਤਾਜਪੋਸ਼ੀ ਦਾ ਪ੍ਰੋਗਰਾਮ ਚੰਡੀਗੜ੍ਹ 'ਚ ਕਰਵਾਉਣ ਦੀ ਤਿਆਰੀ ਹੈ। ਕਾਂਗਰਸ ਦੇ ਪੰਜਾਬ ਇੰਚਾਰਜ Sachin Pilot ਵੀ ਅਗਲੇ ਚਾਰ-ਪੰਜ ਦਿਨਾਂ 'ਚ ਚੰਡੀਗੜ੍ਹ ਪਹੁੰਚ ਸਕਦੇ ਹਨ। ਇਸ ਤੋਂ ਬਾਅਦ ਪਾਰਟੀ ਦੇ ਸਿਖਰਲੇ ਆਗੂਆਂ ਦੀ ਮੌਜੂਦਗੀ 'ਚ ਪਰਗਟ ਸਿੰਘ ਨੂੰ ਵਿਧੀਵਤ ਤੌਰ 'ਤੇ ਸੂਬਾ ਪ੍ਰਧਾਨ ਦਾ ਅਹੁਦਾ ਸੌਂਪੇ ਜਾਣ ਦੀ ਸੰਭਾਵਨਾ ਹੈ।
Publish Date: Tue, 06 Oct 2026 12:19 PM (IST)
Updated Date: Tue, 06 Oct 2026 12:39 PM (IST)
ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਰਸਮੀ ਤਾਜਪੋਸ਼ੀ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਪਾਰਟੀ ਸੂਤਰਾਂ ਮੁਤਾਬਕ ਪਰਗਟ ਸਿੰਘ 11 ਅਕਤੂਬਰ ਦੇ ਆਸ-ਪਾਸ ਚੰਡੀਗੜ੍ਹ 'ਚ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲ ਸਕਦੇ ਹਨ। ਇਸ ਤੋਂ ਪਹਿਲਾਂ ਦਿੱਲੀ 'ਚ ਉਨ੍ਹਾਂ ਦੀ ਸੀਨੀਅਰ ਕਾਂਗਰਸੀ ਆਗੂਆਂ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤਾਂ ਦਾ ਦੌਰ ਜਾਰੀ ਹੈ। ਇਨ੍ਹਾਂ ਮੀਟਿੰਗਾਂ ਰਾਹੀਂ ਪੰਜਾਬ ਕਾਂਗਰਸ ਦੀ ਆਉਣ ਵਾਲੀ ਰਣਨੀਤੀ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਦਿੱਲੀ 'ਚ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਿਆਸੀ ਹਾਲਾਤ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਮੀਟਿੰਗਾਂ 'ਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ, ਸੰਗਠਨਾਤਮਕ ਬਦਲਾਅ ਅਤੇ ਪਾਰਟੀ ਆਗੂਆਂ ਵਿਚਕਾਰ ਬਿਹਤਰ ਤਾਲਮੇਲ ਵਰਗੇ ਮੁੱਦੇ ਪ੍ਰਮੁੱਖ ਰਹਿਣਗੇ।
ਪਰਗਟ ਸਿੰਘ ਦੀ ਰਸਮੀ ਤਾਜਪੋਸ਼ੀ ਦਾ ਪ੍ਰੋਗਰਾਮ ਚੰਡੀਗੜ੍ਹ 'ਚ ਕਰਵਾਉਣ ਦੀ ਤਿਆਰੀ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਵੀ ਅਗਲੇ ਚਾਰ-ਪੰਜ ਦਿਨਾਂ 'ਚ ਚੰਡੀਗੜ੍ਹ ਪਹੁੰਚ ਸਕਦੇ ਹਨ। ਇਸ ਤੋਂ ਬਾਅਦ ਪਾਰਟੀ ਦੇ ਸਿਖਰਲੇ ਆਗੂਆਂ ਦੀ ਮੌਜੂਦਗੀ 'ਚ ਪਰਗਟ ਸਿੰਘ ਨੂੰ ਵਿਧੀਵਤ ਤੌਰ 'ਤੇ ਸੂਬਾ ਪ੍ਰਧਾਨ ਦਾ ਅਹੁਦਾ ਸੌਂਪੇ ਜਾਣ ਦੀ ਸੰਭਾਵਨਾ ਹੈ। ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਲੈ ਕੇ ਵੀ ਪਾਰਟੀ ਪੱਧਰ 'ਤੇ ਚਰਚਾ ਚੱਲ ਰਹੀ ਹੈ।
ਪਰਗਟ ਸਿੰਘ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪੰਜਾਬ ਕਾਂਗਰਸ 'ਚ ਧੜੇਬੰਦੀ ਅਤੇ ਅੰਦਰੂਨੀ ਮਤਭੇਦਾਂ ਨੂੰ ਪਿੱਛੇ ਛੱਡ ਕੇ ਆਗੂਆਂ ਤੇ ਵਰਕਰਾਂ ਨੂੰ ਇੱਕ ਮੰਚ 'ਤੇ ਲਿਆਉਣ ਦੀ ਹੋਵੇਗੀ। ਪਾਰਟੀ 'ਚ ਲੰਬੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਦੇ ਵਿਚਕਾਰ ਕਾਂਗਰਸ ਲੀਡਰਸ਼ਿਪ ਨੇ ਪਰਗਟ ਸਿੰਘ ਨੂੰ ਅਜਿਹੇ ਚਿਹਰੇ ਵਜੋਂ ਚੁਣਿਆ ਹੈ, ਜੋ ਵੱਖ-ਵੱਖ ਧੜਿਆਂ ਵਿਚਕਾਰ ਬਿਹਤਰ ਤਾਲਮੇਲ ਸਥਾਪਤ ਕਰ ਸਕਣ।
ਉੱਥੇ ਹੀ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਾਂਗਰਸ ਦਾ ਸਰਕਾਰ ਖ਼ਿਲਾਫ਼ ਅੰਦੋਲਨ ਵੀ ਜਾਰੀ ਹੈ। ਅਜਿਹੇ 'ਚ ਨਵੇਂ ਸੂਬਾ ਪ੍ਰਧਾਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਪਾਰਟੀ ਦੀ ਸਰਗਰਮੀ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਹੈ। ਕਾਂਗਰਸ ਦਾ ਟੀਚਾ 2027 ਦੀਆਂ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ ਹੈ।