- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਵਿੱਚ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਬਿਆਨਾਂ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਰੁਖ ਦੀ ਵੀ ਚਰਚਾ ਹੈ। ਇਸ ਤੋਂ ਇਲਾਵਾ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਬਿਆਨਾਂ ਤੋਂ ਬਾਅਦ ਪਾਰਟੀ ਆਗੂਆਂ ਵੱਲੋਂ ਬਣਾਈ ਦੂਰੀ ਵੀ ਸਿਆਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਜੈ ਸਿੰਘ ਛਿੱਬਰ, ਚੰਡੀਗੜ੍ਹ: ‘ਅੰਦਰਲੀ ਗੱਲ’ ਦੇ ਇਸ ਹਫ਼ਤਾਵਾਰੀ ਕਾਲਮ ਵਿੱਚ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਦਿਲਚਸਪ ਪੱਖ ਸਾਹਮਣੇ ਆਉਂਦੇ ਹਨ। ਸਾਬਕਾ ਮੰਤਰੀ ਮੌਜੂਦਾ ਸਰਕਾਰ ਤੋਂ ਨਾਰਾਜ਼ ਦੱਸੇ ਜਾ ਰਹੇ ਹਨ, ਜਦਕਿ ਇਕ ਡਿਪਟੀ ਡਾਇਰੈਕਟਰ ਵੱਲੋਂ ਅਸਤੀਫ਼ਾ ਦੇਣ ਦੀ ਚਰਚਾ ਨੇ ਸਰਕਾਰੀ ਗਲਿਆਰਿਆਂ ਵਿੱਚ ਹਲਚਲ ਪੈਦਾ ਕੀਤੀ ਹੈ। ਵਿਧਾਨ ਸਭਾ ਵਿੱਚ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਬਿਆਨਾਂ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਰੁਖ ਦੀ ਵੀ ਚਰਚਾ ਹੈ। ਇਸ ਤੋਂ ਇਲਾਵਾ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਬਿਆਨਾਂ ਤੋਂ ਬਾਅਦ ਪਾਰਟੀ ਆਗੂਆਂ ਵੱਲੋਂ ਬਣਾਈ ਦੂਰੀ ਵੀ ਸਿਆਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਸਾਬਕਾ ਮੰਤਰੀ ਦਾ ਦੁੱਖ
ਇਕ ਸਾਬਕਾ ਮੰਤਰੀ ਮੌਜੂਦਾ ਸਰਕਾਰ ਤੋਂ ਡਾਹਢਾ ਪ੍ਰੇਸ਼ਾਨ ਹੈ। ਜ਼ਿੰਦਗੀ ਦਾ ਕਰੀਬ ਅੱਠ ਦਹਾਕਿਆਂ ਦਾ ਸਫ਼ਰ ਪਾਰ ਕਰ ਚੁੱਕੇ ਸਾਬਕਾ ਕੈਬਨਿਟ ਮੰਤਰੀ ਨੇ ਮੌਜੂਦਾ ਇਕ ਕੈਬਨਿਟ ਮੰਤਰੀ ਨੂੰ ਚੰਗੀਆਂ ਸਿੱਠਣੀਆਂ ਸੁਣਾਈਆਂ। ਕਹਿੰਦੇ ਸਾਬਕਾ ਮੰਤਰੀ ਸਕਿਓਰਿਟੀ (ਸੁੱਰਖਿਆ ਗਾਰਡ) ਲੈਣ ਲਈ ਲੇਲ੍ਹੜੀਆਂ ਕੱਢਦਾ ਰਿਹੈ, ਨਾਲੇ਼ ਵਿਧਾਇਕਾਂ ਦੀ ਇਕ ਪੈਨਸ਼ਨ ਕੀਤੇ ਜਾਣ ’ਤੇ ਸਰਕਾਰ ਅਤੇ ਕੈਬਨਿਟ ਮੰਤਰੀ ਨੂੰ ਕੋਸਦਾ ਰਿਹਾ। ਅੱਗਿਓਂ ਕੈਬਨਿਟ ਮੰਤਰੀ ਮਿੱਠਾ-ਮਿੱਠਾ ਹੱਸਦਾ ਰਿਹਾ ਤੇ ਬਜ਼ੁਰਗ ਆਗੂ ਨੂੰ ਸਰਕਾਰ ਵਿਚ ਟੌਪ ਦੀ ਕੁਰਸੀ ’ਤੇ ਬੈਠੇ ਆਗੂ ਨਾਲ ਰਿਸ਼ਤੇਦਾਰੀ ਦਾ ਹਵਾਲਾ ਦਿੰਦੇ ਹੋਏ 'ਉਸਨੂੰ' ਮਿਲਣ ਦਾ ਸੁਝਾਅ ਦਿੰਦਾ ਰਿਹੈ। ਸਾਬਕਾ ਮੰਤਰੀ, ਮੌਜੂਦਾ ਕੈਬਨਿਟ ਮੰਤਰੀ ਤੇ ਟੌਪ ਵਾਲਾ ਆਗੂ ਇੱਕੋ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਸਾਬਕਾ ਮੰਤਰੀ ਦੀ ਇਕ ਨਾਲ ਹਲਕੇ ਅਤੇ ਦੂਜੇ ਨਾਲ ਗੋਤ ਤੇ ਰਿਸ਼ਤੇਦਾਰੀ ਦੀ ਸਾਂਝ ਹੈ। ਅੰਦਰਲੀ ਗੱਲ ਇਹ ਹੈ ਕਿ ਸਾਬਕਾ ਮੰਤਰੀ ਜਿਹੜਾ ਤਿੰਨ ਵਾਰ ਵਿਧਾਇਕ ਰਹਿ ਚੁੱਕਾ ਹੈ, ਦਾ ਦੁੱਖ ਇਹ ਹੈ ਕਿ ਉਸ ਦਾ ਬੇਟਾ ਟੌਪ ਦੇ ਆਗੂ ਨਾਲ ਖਫ਼ਾ ਹੈ ਜਿਸ ਕਰ ਕੇ ਉਸ ਨੂੰ ਕੈਬਨਿਟ ਮੰਤਰੀ ਕੋਲ ਕੰਮ ਕਰਵਾਉਣ ਲਈ ਆਉਣਾ ਪੈਂਦਾ।
ਡਿਪਟੀ ਡਾਇਰੈਕਟਰ ਦਾ ਅਸਤੀਫ਼ਾ
ਪੰਜਾਬ ਸਰਕਾਰ ਦੇ ਇਕ ਮਹੱਤਵਪੂਰਨ ਵਿਭਾਗ ਵਿਚ ਤਾਇਨਾਤ ਇਕ ਡਿਪਟੀ ਡਾਇਰੈਕਟਰ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਕੱਤਰੇਤ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਅਸਤੀਫ਼ਾ ਦੇਣ ਪੁੱਜੇ ਸਬੰਧਤ ਅਧਿਕਾਰੀ ਨੂੰ ਇਕ ਸੈਕਟਰੀ ਰੈਂਕ ਦੇ ਅਧਿਕਾਰੀ ਨੇ ਪਹਿਲਾਂ ਦਾਬਾ ਮਾਰ ਕੇ- ਸਮਝਾ ਕੇ ਵਾਪਸ ਭੇਜ ਦਿੱਤਾ। ਕਹਿੰਦੇ ਕੁੱਝ ਦਿਨਾਂ ਬਾਅਦ ਉਸ ਨੇ ਫਿਰ ਆਪਣਾ ਅਸਤੀਫ਼ਾ ਵਿਭਾਗ ਦੇ ਸੈਕਟਰੀ ਨੂੰ ਸੌਂਪ ਦਿੱਤਾ। ਅਸਤੀਫ਼ਾ ਦੇਣ ਦੇ ਬਾਰੇ ਜਿੰਨੇ ਮੂੰਹ ਉਨੀਆਂ ਗੱਲਾਂ ਵਾਲੀ ਗੱਲ ਬਣੀ ਹੋਈ ਹੈ। ਸਿਆਸੀ ਹਲਕਿਆਂ ਵਿਚ ਸਬੰਧਤ ਡਿਪਟੀ ਡਾਇਰੈਕਟਰ ਦੀ ਸਾਖ਼ ਮੁੱਛ ਖੜ੍ਹੀ ਅਤੇ ਇਮਾਨਦਾਰੀ ਵਾਲੀ ਬਣੀ ਹੋਈ ਹੈ। ਕਹਿੰਦੇ ਸਬੰਧਤ ਅਧਿਕਾਰੀ ਨੂੰ ਕਰੋੜਾਂ ਰੁਪਏ ਦਾ ਇਕ ਬਿੱਲ ਪਾਸ ਕਰਨ ਲਈ ਕਿਹਾ ਗਿਆ ਤਾਂ ਅੱਗਿਓ ਉਸ ਨੇ ਮਨ੍ਹਾਂ ਕਰਦਿਆਂ ਕਿਹਾ ਕਿ ਇਹ ਤਾਂ ਹਜ਼ਾਰਾਂ ਰੁਪਏ ਦਾ ਕੰਮ ਹੈ ਤੇ ਉਹ ਐਨੇ ਹਜ਼ਾਰ ਰੁਪਏ ਹੀ ਪਾਸ ਕਰ ਸਕਦਾ ਹੈ। ਅੱਗਿਓਂ ਦਿੱਲੀ ਦੇ ਵਪਾਰੀ ਨੇ ਬਦਲੀ ਕਰਵਾਉਣ ਦੀ ਧਮਕੀ ਦਿੱਤੀ ਤਾਂ ਅਧਿਕਾਰੀ ਕਹਿੰਦਾ ਤੁਸੀਂ ਬਦਲੀ ਕਰਵਾ ਦਿਓ। ਦਿੱਲੀ ਵਾਲਾ ਵਪਾਰੀ ਜ਼ੋਰਾਵਰ ਨਿਕਲਿਆਂ ਤੇ ਬਦਲੀ ਕਰਵਾ ਦਿੱਤੀ। ਅੰਦਰਲੀ ਗੱਲ ਹੈ ਕਿ ਸਬੰਧਤ ਅਧਿਕਾਰੀ ਜਿੱਥੇ ਬਦਲੀ ਵਾਲੀ ਗੱਲ ਦਿਲ ’ਤੇ ਲਾ ਬੈਠਾ, ਉੱਥੇ ਉਸ ਨੇ ਸਿਆਸੀ ਮੈਦਾਨ ਵਿਚ ਉਤਰਨ ਦਾ ਮਨ ਬਣਾ ਲਿਆ ਹੈ।
ਸਪੀਕਰ ਦਾ ਟਰੈਪ, ਇਯਾਲੀ ਫਸਿਆ
ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਿਆਸੀ ਟਰੈਪ ਵਿਚ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਫਸ ਗਿਆ। ਹੋਇਆ ਇੰਜ ਕਿ ਸਪੀਕਰ ਨੇ ਸਿਫ਼ਰ ਕਾਲ ਦੌਰਾਨ ਬੋਲਣ ਦਾ ਸਮਾਂ ਦੇ ਦਿੱਤਾ। ਇਯਾਲੀ ਸਾਹਿਬ ਨੇ ਨਸ਼ਿਆਂ ਦੇ ਮੁੱਦੇ ’ਤੇ ਪਿਛਲੀਆਂ ਸਰਕਾਰਾਂ ਦੇ ਪੋਤੜੇ ਫਰੋਲਣੇ ਸ਼ੁਰੂ ਕਰ ਦਿੱਤੇ। ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁਟਕਾ ਸਾਹਿਬ ਦੀ ਸਹੁੰ ਖਾਣ, ਗੁਜਰਾਤ, ਉਤਰਾਖੰਡ ਸਮੇਤਾਂ ਕੁੱਝ ਸਟੇਟਾਂ ਅਤੇ ਭਾਜਪਾ, ਅਕਾਲੀ ਦਲ ਤੇ ਕਾਂਗਰਸ ਨੂੰ ਇੱਕੋ ਰੱਸੇ ਨਾਲ ਲਪੇਟ ਦਿੱਤਾ। ਸਪੀਕਰ ਸਾਹਿਬ ਤੇ ਸਦਨ ਦੇ ਮੈਂਬਰ ਚੁੱਪ ਕਰ ਕੇ ਸੁਣਦੇ ਰਹੇ। ਜਿਉਂ ਹੀ ਇਯਾਲੀ ਨੇ ਮੌਜੂਦਾ ਸਰਕਾਰ ’ਤੇ ਤਵਾ ਲਾਉਣ ਲਈ ਸੂਈ ਰੱਖੀ ਤਾਂ ਸਪੀਕਰ ਨੇ ਇਯਾਲੀ ਨੂੰ ਬੈਠਣ ਲਈ ਅਤੇ ਹੁਕਮਰਾਨ ਧਿਰ ਦੇ ਵਿਧਾਇਕ ਨੂੰ ਬੋਲਣ ਦਾ ਸਮਾਂ ਦੇ ਦਿੱਤਾ। ਵਿਚਾਰਾ ਇਯਾਲੀ ਬੋਲਣ ਲਈ ਸਪੀਕਰ ਸਾਹਿਬ ਨੂੰ ਬੇਨਤੀ ਕਰਦਾ ਰਿਹਾ ਤੇ ਸਪੀਕਰ ਨੇ ਇਯਾਲੀ ਵਾਲਾ ਸਪੀਕਰ ਬੰਦ ਕਰਵਾ ਦਿੱਤਾ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਸਪੀਕਰ ਨੇ ਇਯਾਲੀ ਨੂੰ ਟਰੈਪ ਵਿਚ ਫਸਾ ਲਿਆ ਤੇ ਉਹ ਗੱਲਾਂ ਆਨ ਰਿਕਾਰਡ ਕਹਾ ਲਈਆਂ ਜਿਹੜੀਆਂ ਆਪ ਆਗੂ ਕਰਦੇ ਹਨ।
ਛੱਡ ਕੇ ਮੈਦਾਨ ਭੱਜ ਗਏ
ਸਿਆਸੀ ਬੰਦੇ ਦੀ ਹਰ ਗੱਲ ਬਹੁਤ ਮਾਅਨੇ ਰੱਖਦੀ ਹੈ। ਕਈ ਵਾਰ ਦੂਜੇ ਨੂੰ ਘੇਰਦੇ-ਘੇਰਦੇ ਬੰਦਾ ਖ਼ੁਦ ਫਸ ਜਾਂਦਾ ਹੈ। ਇਹੀ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਹੋਇਆ ਹੈ। ਭਾਜਪਾ ਨੂੰ ਧਾਰਮਿਕ ਮੁੱਦੇ ’ਤੇ ਘੇਰਦੇ-ਘੇਰਦੇ ਉਹ ਆਪ ਚੁਰਾਸੀ ਦੇ ਚੱਕਰ ਵਿਚ ਫਸ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ ਦੇਣ ਗਏ ਆਪ ਦੇ ਵਿਧਾਇਕ ਅਜਿਹੇ ਚੱਕਰ ਵਿਚ ਫਸੇ ਕਿ ਉਹਨਾਂ ਨੇ ਮਨਵਿੰਦਰ ਸਿੰਘ ਗਿਆਸਪੁਰਾ ਨਾਲੋਂ ਨਾਤਾ ਹੀ ਤੋੜ ਲਿਆ। ਵਿਧਾਇਕਾਂ ਤੇ ਆਪ ਆਗੂਆਂ ਨੇ ਆਪਣਾ ਹੱਥ ਪਿੱਛੇ ਖਿੱਚਦੇ ਕਿਹਾ ਕਿ ਇਹ ਸ਼ਬਦ ਪਾਰਟੀ ਦੇ ਨਹੀਂ ਗਿਆਸਪੁਰਾ ਦੇ ਨਿੱਜੀ ਹੋ ਸਕਦੇ ਹਨ। ਇਹੀ ਨਹੀਂ ਉਹਨਾਂ ਜਥੇਦਾਰ ਸਾਹਿਬਾਨ ਨੂੰ ਦਲੀਲ ਦੇਣੀ ਸ਼ੁਰੂ ਕਰ ਦਿੱਤੀ ਕਿ ਉਸ ਨੂੰ (ਗਿਆਸਪੁਰਾ) ਨੂੰ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਸਨ ਬਲਕਿ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਆਪ ਦੂਜਿਆਂ ਨੂੰ ਘੇਰਦੀ-ਘੇਰਦੀ ਖ਼ੁਦ ਘਿਰ ਗਈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਪੈਂਦੀਆਂ ਵਿਚ ਕੋਈ ਨਹੀਂ ਖੜਦਾ, ਆਪਣੀ ਫਸੀ ਆਪ ਨਿਬੇੜਨੀ ਪੈਂਦੀ।