- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਦੀਆਂ ਯਾਤਰਾਵਾਂ ਦੇ ਜਵਾਬ ’ਚ ਆਮ ਆਦਮੀ ਪਾਰਟੀ ਨੇ ਵੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ‘ਆਪ’ ਵੱਲੋਂ 19 ਸਤੰਬਰ ਤੋਂ ਮੈਂਬਰਸ਼ਿਪ ਮੁਹਿੰਮ ਅਤੇ 20 ਸਤੰਬਰ ਤੋਂ ਡੋਰ ਟੂ ਡੋਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਜੈ ਸਿੰਘ ਛਿੱਬਰ ,ਪੰਜਾਬੀ ਜਾਗਰਣ, ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਹੋਣ ਲਈ ਕਰੀਬ ਤਿੰਨ ਮਹੀਨਿਆਂ ਦਾ ਸਮਾਂ ਬਾਕੀ ਹੈ, ਪਰ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰਕੇ ਸਿਆਸੀ ਮਾਹੌਲ ਭਖ਼ਾ ਦਿੱਤਾ ਹੈ। ਭਾਜਪਾ ਨੇ ‘ਨਸ਼ੇ’ ਨੂੰ ਮੁੜ ਚੋਣ ਮੁੱਦਾ ਬਣਾਉਣ ਦੀ ਰਣਨੀਤੀ ਤਹਿਤ ਸ਼ੁੱਕਰਵਾਰ ਤੋਂ ਸੂਬੇ ’ਚ ‘ਨਸ਼ਾ ਮੁਕਤ ਪੰਜਾਬ’ ਦੇ ਬੈਨਰ ਹੇਠ ਚਾਰ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਹ ਯਾਤਰਾਵਾਂ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ’ਚ ਜਾਣਗੀਆਂ।
ਭਾਜਪਾ ਦੀਆਂ ਯਾਤਰਾਵਾਂ ਦੇ ਜਵਾਬ ’ਚ ਆਮ ਆਦਮੀ ਪਾਰਟੀ ਨੇ ਵੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ‘ਆਪ’ ਵੱਲੋਂ 19 ਸਤੰਬਰ ਤੋਂ ਮੈਂਬਰਸ਼ਿਪ ਮੁਹਿੰਮ ਅਤੇ 20 ਸਤੰਬਰ ਤੋਂ ਡੋਰ ਟੂ ਡੋਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੋਂ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ 2,68,553 ਬੂਥ ਕਮੇਟੀ ਮੈਂਬਰ ਘਰ-ਘਰ ਜਾ ਕੇ ਸਰਕਾਰ ਦੇ ਕੰਮਾਂ ਤੇ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣਗੇ।
ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਵੀ ਸੂਬੇ ’ਚ ਸਿਆਸੀ ਰੈਲੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਪਾਰਟੀ ਹੁਣ ਤੱਕ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚ ਕਰੀਬ 60 ਰੈਲੀਆਂ ਕਰ ਚੁੱਕੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਵੱਖ-ਵੱਖ ਹਲਕਿਆਂ ’ਚ ਰੈਲੀਆਂ ਕਰਕੇ ਪਾਰਟੀ ਦੇ ਆਧਾਰ ਨੂੰ ਮਜ਼ਬੂਤ ਕਰਨ ’ਚ ਲੱਗੇ ਹੋਏ ਹਨ। ‘ਪੰਜਾਬ ਬਚਾਓ’ ਰੈਲੀਆਂ ਰਾਹੀਂ ਅਕਾਲੀ ਦਲ ਵੱਲੋਂ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਜਾ ਰਹੇ ਹਨ। ਇਸ ਦੇ ਨਾਲ ਹੀ ਅਕਾਲੀ ਦਲ ਦੀ ਸਰਕਾਰ ਦੌਰਾਨ ਕੀਤੇ ਵਿਕਾਸ ਕਾਰਜਾਂ ਅਤੇ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।
ਨਸ਼ੇ ’ਤੇ ਭਾਜਪਾ ਦਾ ਫੋਕਸ
ਭਾਜਪਾ ਨੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਰਾਹੀਂ ਨਸ਼ੇ ਨੂੰ ਵੱਡਾ ਸਿਆਸੀ ਮੁੱਦਾ ਬਣਾਉਣ ਲਈ ਮੁਹਿੰਮ ਤੇਜ਼ ਕੀਤੀ ਹੈ। ਪਾਰਟੀ ਵੱਲੋਂ ਬੀਤੇ ਦਿਨੀਂ ਅਜਿਹੀਆਂ ਔਰਤਾਂ ਨੂੰ ਵੀ ਚੰਡੀਗੜ੍ਹ ਬੁਲਾਇਆ ਗਿਆ, ਜਿਨ੍ਹਾਂ ਦੇ ਪੁੱਤ ਜਾਂ ਭਰਾ ਨਸ਼ੇ ਦੀ ਲਪੇਟ ’ਚ ਆ ਕੇ ਜਾਨ ਗੁਆ ਚੁੱਕੇ ਹਨ। ਸ਼ੁੱਕਰਵਾਰ ਤੋਂ ਸ਼ੁਰੂ ਹੋਈਆਂ ਚਾਰ ਯਾਤਰਾਵਾਂ 117 ਵਿਧਾਨ ਸਭਾ ਹਲਕਿਆਂ ’ਚੋਂ ਲੰਘਣਗੀਆਂ ਅਤੇ ਕਰੀਬ ਚਾਰ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ। ਇਹ ਯਾਤਰਾਵਾਂ 30 ਸਤੰਬਰ ਨੂੰ ਜਲੰਧਰ ’ਚ ਸਮਾਪਤ ਹੋਣੀਆਂ ਹਨ। ਭਾਜਪਾ ਵੱਲੋਂ ਸਮਾਪਤੀ ਸਮਾਗਮ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਸੀਨੀਅਰ ਆਗੂਆਂ ਦੇ ਪਹੁੰਚਣ ਦੀ ਗੱਲ ਕਹੀ ਗਈ ਹੈ।
ਭਾਜਪਾ ਦੀ ਇਸ ਮੁਹਿੰਮ ਦੇ ਜਵਾਬ ’ਚ ‘ਆਪ’ ਨੇ ਵੀ ਨਸ਼ੇ ਦੇ ਮੁੱਦੇ ’ਤੇ ਆਪਣਾ ਪੱਖ ਰੱਖਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਪਾਰਟੀਆਂ ਨੇ ਅਜੇ ਆਪਣੇ ਸਾਰੇ ਸਿਆਸੀ ਪੱਤੇ ਨਹੀਂ ਖੋਲ੍ਹੇ ਹਨ, ਪਰ ਇਸ ਵੇਲੇ ਤਿੰਨ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਹਨ। ‘ਆਪ’ ਸੱਤਾ ’ਚ ਹੋਣ ਕਾਰਨ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ਵਿਚ ਜਾਣ ਦੀ ਤਿਆਰੀ ਕਰ ਰਹੀ ਹੈ। ਭਾਜਪਾ ਨਸ਼ੇ ਦੇ ਮੁੱਦੇ ਨੂੰ ਕੇਂਦਰ ’ਚ ਰੱਖ ਕੇ ਸੂਬੇ ਦੇ ਹਰ ਵਿਧਾਨ ਸਭਾ ਹਲਕੇ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਲਈ ਰੈਲੀਆਂ ਕਰ ਰਿਹਾ ਹੈ।
ਚੋਣਾਂ ਦੌਰਾਨ ਨਸ਼ਾ, ਸਰਕਾਰ ਦੀ ਕਾਰਗੁਜ਼ਾਰੀ, ਕਾਨੂੰਨ-ਵਿਵਸਥਾ, ਵਿਕਾਸ, ਕਿਸਾਨੀ, ਬੇਰੁਜ਼ਗਾਰੀ ਅਤੇ ਪੰਜਾਬ ਦੇ ਹਿੱਤ ਨਾਲ ਜੁੜੇ ਮੁੱਦੇ ਚੋਣੀ ਚਰਚਾ ਦੇ ਕੇਂਦਰ ’ਚ ਰਹਿਣ ਦੀ ਸੰਭਾਵਨਾ ਹੈ।