ਇਹ ਚੌਕੀ ਭਾਰਤ-ਪਾਕਿਸਤਾਨ ਸਰਹੱਦ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ਹੈ। ASI ਦੇ ਸਿਰ ਅਤੇ ਹੋਮਗਾਰਡ ਦੀ ਛਾਤੀ ਵਿੱਚ ਗੋਲੀ ਲੱਗੀ ਸੀ। ਮੌਕੇ ਤੋਂ ਚਾਰ ਖੋਲ ਬਰਾਮਦ ਹੋਏ। ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟਰ ਵਾਇਰਲ ਹੋਇਆ, ਜਿਸ ਵਿੱਚ TTH ਨੇ ਇਸ ਨੂੰ 'ਗਜ਼ਵਾ-ਏ-ਹਿੰਦ' ਦੀ ਸਫਲਤਾ ਦੱਸਿਆ।

ਰੋਹਿਤ ਕੁਮਾਰ, ਚੰਡੀਗੜ੍ਹ: ਗੁਰਦਾਸਪੁਰ ਵਿੱਚ ਏ.ਐਸ.ਆਈ. (ASI) ਅਤੇ ਹੋਮਗਾਰਡ ਜਵਾਨ ਦੀ ਮੌਤ ਦੇ ਮਾਮਲੇ ਵਿੱਚ ਹੁਣ ਗੈਂਗਵਾਰ ਦੀ ਐਂਟਰੀ ਹੋ ਗਈ ਹੈ। ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਤੋਂ ਬਾਅਦ ਜਿੱਥੇ ਇੱਕ ਪਾਸੇ 'ਤਹਿਰੀਕ-ਏ-ਤਾਾਲਿਬਾਨ ਹਿੰਦੁਸਤਾਨ' (TTH) ਨਾਮ ਦੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਉੱਥੇ ਹੀ ਲਾਰੈਂਸ ਬਿਸ਼ਨੋਈ ਗੈਂਗ ਨੇ ਖੁੱਲ੍ਹੀ ਚਿਤਾਵਨੀ ਜਾਰੀ ਕਰ ਦਿੱਤੀ ਹੈ।
ਇਸ ਦੌਰਾਨ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਆਡੀਓ ਵੀ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀ ਨੇ ਮਾਮਲੇ ਨੂੰ ਹੋਰ ਭੜਕਾ ਦਿੱਤਾ। ਗੈਂਗ ਦੇ ਮੈਂਬਰ ਹੈਰੀ ਬਾਕਸਰ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸਾਡੇ ਦੇਸ਼ ਦੇ ਦੋ ਕਾਬਿਲ ਅਤੇ ਇਮਾਨਦਾਰ ਅਫ਼ਸਰਾਂ ਨੂੰ ਅੱਤਵਾਦੀਆਂ ਨੇ ਸ਼ਹੀਦ ਕੀਤਾ ਹੈ। ਅਸੀਂ ਇਸ ਦਾ ਬਦਲਾ ਖੂਨ ਨਾਲ ਲਵਾਂਗੇ।
"ਤੁਸੀਂ ਦੋ ਸ਼ਹੀਦ ਕੀਤੇ ਹਨ, ਅਸੀਂ ਦਸ ਮਾਰਾਂਗੇ।" ਪੋਸਟ ਵਿੱਚ ਅੱਤਵਾਦੀਆਂ ਦਾ ਸਾਥ ਦੇਣ ਵਾਲਿਆਂ ਨੂੰ ਵੀ ਖੁੱਲ੍ਹੀ ਧਮਕੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਦੇਸ਼ ਦੀ ਰੱਖਿਆ ਕਰਨ ਵਾਲਿਆਂ 'ਤੇ ਅੱਖ ਚੁੱਕਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਲਾਰੈਂਸ ਗਰੁੱਪ ਨੇ ਸਿੱਧੇ ਤੌਰ 'ਤੇ ਜ਼ਿੰਮੇਵਾਰੀ ਲੈਣ ਵਾਲੇ ਸੰਗਠਨ ਨੂੰ ਚਿਤਾਵਨੀ ਦਿੰਦੇ ਹੋਏ ਬਦਲੇ ਦੀ ਗੱਲ ਕਹੀ। ਇਸ ਬਿਆਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਸੋਸ਼ਲ ਮੀਡੀਆ ਗਤੀਵਿਧੀਆਂ 'ਤੇ ਨਜ਼ਰ ਬਣਾਈ ਬੈਠੀਆਂ ਹਨ।
ਦੂਜੇ ਪਾਸੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਇੱਕ ਆਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਪੰਜਾਬ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ ਹਨ। ਭੱਟੀ ਨੇ ਕਿਹਾ ਕਿ ਜਦੋਂ ਬੇਗੁਨਾਹ ਲੋਕਾਂ 'ਤੇ ਝੂਠੇ ਮੁਕੱਦਮੇ ਦਰਜ ਕੀਤੇ ਜਾਂਦੇ ਹਨ ਜਾਂ ਫਰਜ਼ੀ ਐਨਕਾਊਂਟਰ ਕੀਤੇ ਜਾਂਦੇ ਹਨ, ਤਾਂ ਅਜਿਹੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਂਦੀਆਂ ਹਨ। ਉਸ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਮਾਰੇ ਗਏ ਦੋਵੇਂ ਪੁਲਿਸ ਮੁਲਾਜ਼ਮਾਂ ਦਾ ਕਿਸੇ ਵਿਵਾਦ ਨਾਲ ਕੋਈ ਲੈਣਾ-ਦੇਣਾ ਨਾ ਹੋਵੇ, ਪਰ ਗੁੱਸਾ ਕੱਢਣ ਵਾਲੇ ਲੋਕ ਸਾਹਮਣੇ ਜੋ ਮਿਲਦਾ ਹੈ ਉਸ ਨੂੰ ਨਿਸ਼ਾਨਾ ਬਣਾ ਦਿੰਦੇ ਹਨ। ਹਾਲਾਂਕਿ, ਉਸ ਦੇ ਇਹਨਾਂ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਗੁਰਦਾਸਪੁਰ ਦੀ ਦੁਰੰਗਲਾ ਪੁਲਿਸ ਪੋਸਟ 'ਤੇ ਤਾਇਨਾਤ ASI ਗੁਰਨਾਮ ਸਿੰਘ ਅਤੇ ਹੋਮਗਾਰਡ ਅਸ਼ੋਕ ਕੁਮਾਰ ਦੀਆਂ ਲਾਸ਼ਾਂ ਮਿਲੀਆਂ ਸਨ। ਇਹ ਚੌਕੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ਸਥਿਤ ਹੈ। ਸਵੇਰੇ ਕਰੀਬ 8 ਵਜੇ ਆਦੀਆਂ ਪਿੰਡ ਦੇ ਸਰਪੰਚ ਕਮਲਜੀਤ ਸਿੰਘ ਪੁਲਿਸ ਪੋਸਟ ਪਹੁੰਚੇ ਤਾਂ ASI ਕੁਰਸੀ 'ਤੇ ਮ੍ਰਿਤਕ ਹਾਲਤ ਵਿੱਚ ਮਿਲੇ, ਜਦਕਿ ਹੋਮਗਾਰਡ ਮੰਜੇ 'ਤੇ ਰਜ਼ਾਈ ਓਢੀ ਪਿਆ ਸੀ।
ASI ਦੇ ਸਿਰ ਅਤੇ ਹੋਮਗਾਰਡ ਦੀ ਛਾਤੀ ਵਿੱਚ ਗੋਲੀ ਲੱਗੀ ਸੀ। ਮੌਕੇ ਤੋਂ ਚਾਰ ਗੋਲੀਆਂ ਦੇ ਖੋਲ ਬਰਾਮਦ ਹੋਏ। ਦੋਵਾਂ ਤੋਂ ਇਲਾਵਾ ਪੋਸਟ 'ਤੇ ਕੋਈ ਤੀਜਾ ਜਵਾਨ ਤਾਇਨਾਤ ਨਹੀਂ ਸੀ। ਘਟਨਾ ਤੋਂ ਬਾਅਦ ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟਰ ਵਾਇਰਲ ਹੋਇਆ, ਜਿਸ ਵਿੱਚ ਤਹਿਰੀਕ-ਏ-ਤਾਾਲਿਬਾਨ ਹਿੰਦੁਸਤਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਪੋਸਟਰ ਵਿੱਚ ਇਸ ਨੂੰ ‘ਗਜ਼ਵਾ-ਏ-ਹਿੰਦ’ ਦੀ ਸਫਲਤਾ ਦੱਸਿਆ ਗਿਆ ਅਤੇ ਦਾਅਵਾ ਕੀਤਾ ਗਿਆ ਕਿ ਅਲ-ਬੁਰਕ ਬ੍ਰਿਗੇਡ ਨੇ ਦੁਰੰਗਲਾ ਪੁਲਿਸ ਸਟੇਸ਼ਨ 'ਤੇ ਹਮਲਾ ਕੀਤਾ। ਨਾਲ ਹੀ ਭਾਰਤੀ ਸੁਰੱਖਿਆ ਬਲਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਅਸਤੀਫਾ ਦੇ ਦੇਣ, ਨਹੀਂ ਤਾਂ ਉਨ੍ਹਾਂ ਨੂੰ ਘਰਾਂ ਵਿੱਚ ਨਿਸ਼ਾਨਾ ਬਣਾਇਆ ਜਾਵੇਗਾ।
ਹਾਲਾਂਕਿ, ਗੁਰਦਾਸਪੁਰ ਦੇ SSP ਆਦਿਤਿਆ ਨੇ ਕਿਹਾ ਕਿ ਵਾਇਰਲ ਪੋਸਟਰ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੰਜਾਬ ਜਾਂ ਭਾਰਤ ਵਿੱਚ ਅਜਿਹੇ ਕਿਸੇ ਸੰਗਠਨ ਦੀ ਸਰਗਰਮੀ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਨੇ ਇਸ ਨੂੰ ਸੰਭਾਵੀ ਪ੍ਰੋਪੇਗੰਡਾ ਦੱਸਦੇ ਹੋਏ ਸਾਰੇ ਐਂਗਲਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਸਰਹੱਦੀ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਅਜਨਾਲਾ ਖੇਤਰ ਸਮੇਤ ਕਈ ਥਾਵਾਂ 'ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਅਤੇ ਹਰ ਵਾਹਨ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ TTH ਨਾਮ ਦੇ ਸੰਗਠਨ ਦੀ ਅਸਲੀਅਤ 'ਤੇ ਸ਼ੱਕ ਹੈ, ਜਦਕਿ ਲਾਰੈਂਸ ਗੈਂਗ ਦੀ ਖੁੱਲ੍ਹੀ ਧਮਕੀ ਨੇ ਮਾਹੌਲ ਹੋਰ ਤਣਾਅਪੂਰਨ ਬਣਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਪੂਰੇ ਘਟਨਾਕ੍ਰਮ ਦਾ ਸੱਚ ਸਾਹਮਣੇ ਲਿਆਂਦਾ ਜਾਵੇਗਾ। ਸਰਹੱਦੀ ਪੰਜਾਬ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਇਹ ਹੱਤਿਆ ਹੁਣ ਸਿਰਫ਼ ਇੱਕ ਅਪਰਾਧਿਕ ਵਾਰਦਾਤ ਨਹੀਂ, ਸਗੋਂ ਅੱਤਵਾਦੀ ਦਾਅਵੇ, ਗੈਂਗਸਟਰ ਚਿਤਾਵਨੀ ਅਤੇ ਅੰਤਰਰਾਸ਼ਟਰੀ ਸਾਜ਼ਿਸ਼ਾਂ ਦੇ ਦੋਸ਼ਾਂ ਵਿਚਕਾਰ ਇੱਕ ਵੱਡੀ ਸੁਰੱਖਿਆ ਚੁਣੌਤੀ ਬਣ ਚੁੱਕੀ ਹੈ।